AR ਰਹਿਮਾਨ ਦਾ ਬਾਲੀਵੁੱਡ ਬਾਰੇ ਵੱਡਾ ਖੁਲਾਸਾ : ‘ਗੈਰ-ਸਿਰਜਣਾਤਮਕ’ ਲੋਕਾਂ ਦੇ ਹੱਥਾਂ 'ਚ ਦੱਸੀ ਇੰਡਸਟਰੀ ਦੀ ਪਾਵਰ
Saturday, Jan 17, 2026 - 12:16 PM (IST)
ਮੁੰਬਈ - ਭਾਰਤੀ ਫਿਲਮ ਉਦਯੋਗ ਦੇ ਸਭ ਤੋਂ ਸਫਲ ਅਤੇ ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਇਨ੍ਹੀਂ ਦਿਨੀਂ ਆਪਣੇ ਇਕ ਇੰਟਰਵਿਊ ਕਾਰਨ ਸੁਰਖੀਆਂ ਵਿਚ ਹਨ। ਰਹਿਮਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਹਿੰਦੀ ਸਿਨੇਮਾ ਵਿਚ ਖੁਦ ਨੂੰ ਸਥਾਪਿਤ ਕਰਨ ਅਤੇ ਸਹਿਜ ਮਹਿਸੂਸ ਕਰਨ ਵਿਚ 7 ਸਾਲ ਦਾ ਸਮਾਂ ਲੱਗ ਗਿਆ ਸੀ ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪਿਛਲੇ 8 ਸਾਲਾਂ ਦੌਰਾਨ ਉਨ੍ਹਾਂ ਦੇ ਹਿੰਦੀ ਮਿਊਜ਼ਿਕ ਕਰੀਅਰ ਵਿਚ ਗਿਰਾਵਟ ਆਈ ਹੈ ਅਤੇ ਉਨ੍ਹਾਂ ਨੂੰ ਇੰਡਸਟਰੀ ਵਿਚ ਬਹੁਤ ਘੱਟ ਕੰਮ ਮਿਲ ਰਿਹਾ ਹੈ।
ਗੈਰ-ਸਿਰਜਣਾਤਮਕ ਲੋਕਾਂ ਕੋਲ ਹੈ ਫੈਸਲੇ ਲੈਣ ਦੀ ਤਾਕਤ
ਇਕ ਨਿਊਜ਼ ਏਜੰਸੀ ਦਿੱਤੇ ਗਏ ਇਕ ਇੰਟਰਵਿਊ ਵਿਚ ਰਹਿਮਾਨ ਨੇ ਦੱਸਿਆ ਕਿ ਪਿਛਲੇ 8 ਸਾਲਾਂ ਵਿਚ ਇੰਡਸਟਰੀ ਅੰਦਰ ਇਕ 'ਪਾਵਰ ਸ਼ਿਫਟ' (ਤਾਕਤ ਦੀ ਤਬਦੀਲੀ) ਹੋਈ ਹੈ। ਉਨ੍ਹਾਂ ਮੁਤਾਬਕ, ਹੁਣ ਚੀਜ਼ਾਂ ਦਾ ਫੈਸਲਾ ਕਰਨ ਦੀ ਤਾਕਤ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੈ ਜੋ ਬਿਲਕੁਲ ਵੀ ਕ੍ਰਿਏਟਿਵ (ਸਿਰਜਣਾਤਮਕ) ਨਹੀਂ ਹਨ। ਰਹਿਮਾਨ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਸ ਪਿੱਛੇ ਕੋਈ ਫਿਰਕੂ ਕਾਰਨ ਵੀ ਹੋਵੇ, ਪਰ ਇਹ ਗੱਲ ਉਨ੍ਹਾਂ ਦੇ ਸਾਹਮਣੇ ਸਿੱਧੇ ਤੌਰ 'ਤੇ ਕਦੇ ਨਹੀਂ ਆਈ, ਸਿਰਫ ਸੁਣਨ ਵਿੱਚ ਮਿਲੀ ਹੈ।
'ਰਾਮਾਇਣ' ਵਰਗੇ ਵੱਡੇ ਪ੍ਰੋਜੈਕਟਾਂ ਨਾਲ ਜੁੜੇ ਹਨ ਰਹਿਮਾਨ
ਭਾਵੇਂ ਰਹਿਮਾਨ ਨੇ ਕੰਮ ਦੀ ਕਮੀ ਦਾ ਜ਼ਿਕਰ ਕੀਤਾ ਹੈ, ਪਰ ਉਹ ਅਜੇ ਵੀ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਉਹ ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 'ਰਾਮਾਇਣ' ਲਈ ਸੰਗੀਤ ਤਿਆਰ ਕਰ ਰਹੇ ਹਨ, ਜਿਸਦਾ ਬਜਟ 4000 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਅਤੇ ਇਸ ਵਿਚ ਰਣਬੀਰ ਕਪੂਰ ਮੁੱਖ ਭੂਮਿਕਾ ਨਿਭਾ ਰਹੇ ਹਨ। ਰਹਿਮਾਨ ਨੇ ਦੱਸਿਆ ਕਿ ਉਹ ਇਕ ਬ੍ਰਾਹਮਣ ਸਕੂਲ ਵਿਚ ਪੜ੍ਹੇ ਹਨ ਜਿੱਥੇ ਉਨ੍ਹਾਂ ਨੇ ਰਾਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਨੂੰ ਚੰਗੀ ਤਰ੍ਹਾਂ ਸਮਝਿਆ ਹੈ।
ਭੇਦਭਾਵ 'ਤੇ ਦਿੱਤੀ ਸਫਾਈ
ਜਦੋਂ ਉਨ੍ਹਾਂ ਤੋਂ 1990 ਦੇ ਦਹਾਕੇ ਵਿਚ ਕਿਸੇ ਭੇਦਭਾਵ ਬਾਰੇ ਪੁੱਛਿਆ ਗਿਆ ਤਾਂ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਖੁੱਲ੍ਹੇਆਮ ਅਜਿਹਾ ਕੁਝ ਮਹਿਸੂਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼ਾਇਦ ਪ੍ਰਮਾਤਮਾ ਨੇ ਇਹ ਚੀਜ਼ਾਂ ਉਨ੍ਹਾਂ ਤੋਂ ਛੁਪਾ ਕੇ ਰੱਖੀਆਂ ਸਨ। ਹਾਲਾਂਕਿ, ਉਨ੍ਹਾਂ ਨੇ ਇਕ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਇਕ ਮਿਊਜ਼ਿਕ ਕੰਪਨੀ ਨੇ ਉਨ੍ਹਾਂ ਨੂੰ ਛੱਡ ਕੇ ਪੰਜ ਹੋਰ ਕੰਪੋਜ਼ਰ ਹਾਇਰ ਕਰ ਲਏ ਸਨ, ਜਿਸ ਨੂੰ ਉਨ੍ਹਾਂ ਨੇ ਸਕਾਰਾਤਮਕ ਤੌਰ 'ਤੇ ਲੈਂਦਿਆਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ।
