ਅਨੁਪਮ ਖੇਰ ਦਾ ਰਿਚਾ ਚੱਢਾ ’ਤੇ ਫੁੱਟਿਆ ਗੁੱਸਾ, ਕਿਹਾ, ‘ਇਸ ਤੋਂ ਵੱਧ ਸ਼ਰਮਨਾਕ ਹੋਰ...’
Saturday, Nov 26, 2022 - 10:51 AM (IST)
ਮੁੰਬਈ (ਬਿਊਰੋ)– ਗਲਵਾਨ ਵੈਲੀ ਨੂੰ ਲੈ ਕੇ ਰਿਚਾ ਚੱਢਾ ਦਾ ਟਵੀਟ ਉਸ ਲਈ ਵਿਵਾਦਾਂ ਦਾ ਕਾਰਨ ਬਣ ਗਿਆ ਹੈ। ਰਿਚਾ ਦੇ ਟਵੀਟ ਦੀ ਨਿੰਦਿਆ ਲਗਾਤਾਰ ਹੋ ਰਹੀ ਹੈ। ਅਕਸ਼ੇ ਕੁਮਾਰ ਤੋਂ ਬਾਅਦ ਹੁਣ ਅਨੁਪਮ ਖੇਰ ਨੇ ਵੀ ਰਿਚਾ ਚੱਢਾ ਦੀ ਗੱਲ ਨੂੰ ਗਲਤ ਦੱਸਿਆ ਹੈ। ਉਨ੍ਹਾਂ ਟਵੀਟ ਕਰਕੇ ਅਦਾਕਾਰਾ ਦੀ ਗੱਲ ਨੂੰ ਸ਼ਰਮਨਾਕ ਦੱਸਿਆ ਹੈ।
ਅਨੁਪਮ ਖੇਰ ਨੇ ਰਿਚਾ ਚੱਢਾ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, ‘‘ਦੇਸ਼ ਦੀ ਬੁਰਾਈ ਕਰਕੇ ਕੁਝ ਲੋਕਾਂ ਵਿਚਾਲੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਨਾ ਕਾਇਰ ਤੇ ਛੋਟੇ ਲੋਕਾਂ ਦਾ ਕੰਮ ਹੈ ਤੇ ਫੌਜ ਦੇ ਸਨਮਾਨ ਨੂੰ ਦਾਅ ’ਤੇ ਲਗਾਉਣਾ, ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।’’
ਅਨੁਪਮ ਤੋਂ ਇਲਾਵਾ ਰਵੀਨਾ ਟੰਡਨ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਇਕ ਟਵਿਟਰ ਯੂਜ਼ਰ ਨੂੰ ਜਵਾਬ ਦਿੰਦਿਆਂ ਰਵੀਨਾ ਨੇ ਲਿਖਿਆ, ‘‘ਮੈਂ ਇਸ ਗੱਲ ਨਾਲ ਸਹਿਮਤ ਹਾਂ। ਲੋਕਾਂ ਦੀ ਆਪਣੀ ਰਾਜਨੀਤਕ ਸੋਚ ਵਿਚਾਰ ਹੁੰਦੇ ਹਨ ਪਰ ਫੌਜ, ਸਰਹੱਦ ’ਤੇ ਖੜ੍ਹੇ ਫੌਜੀਆਂ, ਸਾਡੇ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ’ਤੇ ਟਿੱਪਣੀ ਤੇ ਮਜ਼ਾਕ ਨਹੀਂ ਕੀਤਾ ਜਾਣਾ ਚਾਹੀਦਾ।’’
ਸਭ ਤੋਂ ਪਹਿਲਾਂ ਰਿਚਾ ਚੱਢਾ ਦੀ ਗੱਲ ’ਤੇ ਪ੍ਰਤੀਕਿਰਿਆ ਅਕਸ਼ੇ ਕੁਮਾਰ ਨੇ ਦਿੱਤੀ ਸੀ। ਅਕਸ਼ੇ ਕੁਮਾਰ ਨੇ ਇਸ ਟਵੀਟ ਦੇ ਜਵਾਬ ’ਚ ਲਿਖਿਆ ਸੀ, ‘‘ਇਹ ਦੇਖ ਕੇ ਮੈਨੂੰ ਦੁੱਖ ਹੋਇਆ। ਸਾਡੀ ਫੌਜ ਵਲੋਂ ਸਾਨੂੰ ਕਦੇ ਵੀ ਅਹਿਸਾਨਫਰਾਮੋਸ਼ ਨਹੀਂ ਹੋਣਾ ਚਾਹੀਦਾ। ਉਹ ਹਨ ਤਾਂ ਅੱਜ ਅਸੀਂ ਹਾਂ।’’
ਵੀਰਵਾਰ ਨੂੰ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਵਿਵੇਦੀ ਨੇ ਆਪਣੇ ਇਕ ਬਿਆਨ ’ਚ ਕਿਹਾ ਸੀ ਕਿ ਭਾਰਤੀ ਫੌਜ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਪੀ. ਓ. ਕੇ. ਨੂੰ ਮੁੜ ਹਥਿਆਉਣ ਲਈ ਭਾਰਤ ਸਰਕਾਰ ਵਲੋਂ ਦਿੱਤੇ ਗਏ ਹੁਕਮ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਦੀ ਇਸ ਗੱਲ ’ਤੇ ਜਵਾਬ ਦੇਣ ਵਾਲੀ ਪਹਿਲੀ ਕਲਾਕਾਰ ਰਿਚਾ ਚੱਢਾ ਹੀ ਸੀ। ਉਸ ਨੇ ਟਵੀਟ ਕਰਕੇ ਲਿਖਿਆ ਸੀ, ‘‘ਗਲਵਾਨ ਹੈਲੋ ਬੋਲ ਰਿਹਾ ਹੈ।’’ ਇਸ ਟਵੀਟ ਦਾ ਇਸ਼ਾਰਾ 2020 ’ਚ ਹੋਏ ਗਲਵਾਨ ਕਲੈਸ਼ ਵੱਲ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।