ਅਨੁਪਮ ਸ਼ਿਆਮ ਦੇ ਭਰਾ ਅਨੁਰਾਗ ਨੇ ਖੋਲ੍ਹੀ ਆਮਿਰ ਖ਼ਾਨ ਦੀ ਪੋਲ, ਦੱਸਿਆ ਕਿਵੇਂ ਮੁਕਰਿਆ ਆਪਣੇ ਵਾਅਦੇ ਤੋਂ
Thursday, Aug 12, 2021 - 01:10 PM (IST)
ਮੁੰਬਈ (ਬਿਊਰੋ) - ਟੀ. ਵੀ. ਅਦਾਕਾਰ ਅਨੁਪਮ ਸ਼ਿਆਮ ਦਾ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਹੁਣ ਅਨੁਪਮ ਸ਼ਿਆਮ ਦੇ ਭਰਾ ਨੇ ਇੱਕ ਇੰਟਰਵਿਊ 'ਚ ਕਈ ਖ਼ੁਲਾਸੇ ਕੀਤੇ ਹਨ। ਅਦਾਕਾਰ ਦੇ ਭਰਾ ਅਨੁਰਾਗ ਸ਼ਿਆਮ ਨੇ ਦੱਸਿਆ ਹੈ ਕਿ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਪ੍ਰਤਾਪਗੜ 'ਚ ਡਾਇਲਾਸਿਸ ਸੈਂਟਰ ਲਗਵਾਉਣ ਦੀ ਗੱਲ ਆਖੀ ਸੀ। ਹਾਲਾਂਕਿ ਬਾਅਦ 'ਚ ਆਮਿਰ ਖ਼ਾਨ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਸੀ।
ਅਨੁਪਮ ਸ਼ਿਆਮ ਦੇ ਭਰਾ ਅਨੁਰਾਗ ਮੁਤਾਬਕ, ਮੇਰਾ ਭਰਾ ਆਪਣੇ ਸ਼ੋਅ ਦੇ ਰੱਦ ਹੋਣ ਦੀਆਂ ਅਫਵਾਹਾਂ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਸੀ। ਬਿਮਾਰ ਹੋਣ ਕਾਰਨ ਅਨੁਪਮ ਸ਼ਿਆਮ ਆਪਣੀ ਮਾਂ ਨੂੰ ਵੀ ਨਹੀਂ ਸੀ ਮਿਲ ਸਕੇ ਕਿਉਂਕਿ ਉਸ ਸਮੇਂ ਪ੍ਰਤਾਪਗੜ੍ਹ 'ਚ ਡਾਇਲਾਸਿਸ ਦੀ ਸਹੂਲਤ ਨਹੀਂ ਸੀ ਪਰ ਅਦਾਕਾਰ ਨੂੰ ਰੋਜ਼ਾਨਾ ਡਾਇਲਾਸਿਸ ਕਰਵਾਉਣਾ ਪੈਂਦਾ ਸੀ।
ਅਦਾਕਾਰ ਦੇ ਭਰਾ ਅਨੁਰਾਗ ਸ਼ਿਆਮ ਨੇ ਦੱਸਿਆ ਕਿ ਇਸ ਲਈ ਉਹ ਅਦਾਕਾਰ ਆਮਿਰ ਖ਼ਾਨ ਕੋਲ ਮਦਦ ਲਈ ਗਏ ਸਨ। ਉਸ ਸਮੇਂ ਆਮਿਰ ਖ਼ਾਨ ਨੇ ਕੇਂਦਰ ਸਥਾਪਿਤ ਕਰਨ ਦਾ ਵਾਅਦਾ ਵੀ ਕੀਤਾ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਅਨੁਪਮ ਦੀ ਕਾਲ ਚੁੱਕਣੀ ਬੰਦ ਕਰ ਦਿੱਤੀ ਸੀ।'
ਦੱਸ ਦਈਏ ਕਿ ਬੀਤੇ ਦਿਨੀਂ ਅਨੁਪਮ ਸ਼ਿਆਮ ਦਾ ਦਿਹਾਂਤ ਹੋ ਗਿਆ ਸੀ, ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਇਸ ਦੇ ਨਾਲ ਹੀ ਆਰਥਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰ ਰਹੇ ਸਨ।