ਐਲਵਿਸ਼ ਯਾਦਵ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਹੁਣ ਇਸ ਸ਼ਖ਼ਸ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Tuesday, Mar 12, 2024 - 05:26 AM (IST)

ਮੁੰਬਈ (ਬਿਊਰੋ)– ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਹੋ ਰਹੀਆਂ ਹਨ। ਐਲਵਿਸ਼ ਲਗਾਤਾਰ ਵਿਵਾਦਾਂ ’ਚ ਰਹੇ ਹਨ। ਹੁਣ ਉਸ ਦੇ ਖ਼ਿਲਾਫ਼ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ’ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੀ. ਐੱਫ. ਏ. ਸੰਗਠਨ ਨਾਲ ਜੁੜੇ ਅਧਿਕਾਰੀ ਗੌਰਵ ਗੁਪਤਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਐਲਵੀਸ਼ ਵਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਐਲਵਿਸ਼ ਦੇ ਨਾਂ ’ਤੇ ਇਕ ਹੋਰ ਸ਼ਿਕਾਇਤ
ਐਲਵਿਸ਼ ਯਾਦਵ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ’ਚ ਸ਼ਿਕਾਇਤਕਰਤਾ ਗੌਰਵ ਗੁਪਤਾ ਨੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ ਹੈ ਕਿ ਉਸ ਨੂੰ ਤੇ ਉਸ ਦੇ ਭਰਾ ਨੂੰ ਐਲਵਿਸ਼ ਤੇ ਉਸ ਨਾਲ ਜੁੜੇ ਲੋਕਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਐਲਵਿਸ਼ ਦਾ ਪਰਦਾਫਾਸ਼ ਪੀ. ਐੱਫ. ਏ. ਤੇ ਉਨ੍ਹਾਂ ਦੀ ਪੀ. ਐੱਫ. ਏ. ਟੀਮ ਨਾਲ ਜੁੜੇ ਦੋ ਭਰਾਵਾਂ ਗੌਰਵ ਤੇ ਸੌਰਵ ਗੁਪਤਾ ਨੇ ਕੀਤਾ ਸੀ। ਪੀ. ਐੱਫ. ਏ. ਅਧਿਕਾਰੀਆਂ ਨੇ 2 ਨਵੰਬਰ, 2023 ਨੂੰ ਨੋਇਡਾ ’ਚ ਸਨੇਕ ਵੈਨਮ ਗੈਂਗ ਦਾ ਪਰਦਾਫਾਸ਼ ਕੀਤਾ ਸੀ, ਜਿਸ ’ਚ ਐਲਵਿਸ਼ ਦਾ ਨਾਮ ਵੀ ਸ਼ਾਮਲ ਦੱਸਿਆ ਗਿਆ ਸੀ। ਪੀ. ਐੱਫ. ਏ. ਅਧਿਕਾਰੀਆਂ ਨੇ ਨੋਇਡਾ ਦੇ ਸੈਕਟਰ 49 ਥਾਣੇ ’ਚ ਐਲਵਿਸ਼ ਤੇ ਉਸ ਦੇ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ : CAA ਲਾਗੂ ਹੋਣ 'ਤੇ ਯੂਪੀ ਹੱਜ ਕਮੇਟੀ ਦੇ ਪ੍ਰਧਾਨ ਮੋਹਸਿਨ ਰਜ਼ਾ ਨੇ ਦਿੱਤਾ ਵੱਡਾ ਬਿਆਨ, ਕਿਹਾ...

ਗੌਰਵ ਗੁਪਤਾ ਦਾ ਦੋਸ਼ ਹੈ ਕਿ ਉਦੋਂ ਤੋਂ ਉਸ ਨੂੰ ਤੇ ਉਸ ਦੇ ਭਰਾ ਸੌਰਵ ਨੂੰ ਐਲਵਿਸ਼ ਤੇ ਉਸ ਦੇ ਸਾਥੀਆਂ ਵਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੇਸ ਵਾਪਸ ਕਰਨ ਦੀ ਵੀ ਗੱਲ ਚੱਲ ਰਹੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਜਾਨੋਂ ਮਾਰਨ, ਘਰੋਂ ਚੁੱਕ ਕੇ ਲਿਜਾਣ, ਉਨ੍ਹਾਂ ਨੂੰ ਦੇਖ ਲੈਣ ਆਦਿ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਸ ਮਾਮਲੇ ਤੋਂ ਤੰਗ ਆ ਕੇ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਇਲਾਕੇ ਦੇ ਰਹਿਣ ਵਾਲੇ ਪੀ. ਐੱਫ. ਏ. ਅਧਿਕਾਰੀ ਗੌਰਵ ਗੁਪਤਾ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਨਾਲ ਹੀ ਐਲਵਿਸ਼ ਯਾਦਵ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਏ. ਸੀ. ਪੀ. ਨੰਦਗ੍ਰਾਮ ਰਵੀ ਕੁਮਾਰ ਸਿੰਘ ਨੇ ਵੀ ਇਸ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਪੀ. ਐੱਫ. ਏ. ਨਾਲ ਜੁੜੇ ਇਕ ਅਧਿਕਾਰੀ ਸੌਰਵ ਨੇ ਨੰਦਗ੍ਰਾਮ ਥਾਣੇ ’ਚ ਸ਼ਿਕਾਇਤ ਦਿੱਤੀ ਹੈ। ਸੌਰਵ ਗੁਪਤਾ ’ਤੇ ਐਲਵਿਸ਼ ਯਾਦਵ ਤੇ ਉਸ ਦੇ ਸਾਥੀਆਂ ’ਤੇ ਉਸ ਦੇ ਭਰਾ ਗੌਰਵ ਗੁਪਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਹੈ ਤੇ ਕਾਰਵਾਈ ਦੀ ਮੰਗ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਸ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News