ਕਰੀਬੀ ਦੋਸਤ ਦਾ ਖੁਲਾਸਾ, ਸੁਸ਼ਾਂਤ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕ ਸਕਦੀ ਸੀ ਇਹ ਅਦਾਕਾਰਾ
Saturday, Jun 20, 2020 - 12:50 PM (IST)
ਨਵੀਂ ਦਿੱਲੀ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਦੇ ਕਦਮ ਨੇ ਪੂਰੇ ਬਾਲੀਵੁੱਡ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀ ਖ਼ੁਦਕੁਸ਼ੀ ਤੋਂ ਕੁਝ ਦਿਨ ਬਾਅਦ ਇੱਕ-ਇੱਕ ਕਰਕੇ ਸਾਰੇ ਸੱਚ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੇ ਕਰੀਬੀ ਦੋਸਤ ਸੰਦੀਪ ਸਿੰਘ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਤੁਸੀਂ ਦੋਵੇਂ ਇੱਕ-ਦੂਜੇ ਲਈ ਬਣੇ ਸੀ
ਸੰਦੀਪ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸੁਸ਼ਾਂਤ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ, 'ਅੰਕਿਤਾ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮੈਨੂੰ ਇੱਕ ਖ਼ਿਆਲ ਡਰਾ ਰਿਹਾ ਹੈ ਕਿ ਜੇ ਅਸੀਂ ਥੋੜ੍ਹੀ ਹੋਰ ਮਿਹਨਤ ਕੀਤੀ ਹੁੰਦੀ ਤਾਂ ਅੱਜ ਸੁਸ਼ਾਂਤ ਸਾਡੇ 'ਚ ਜਿਊਂਦਾ ਹੁੰਦਾ। ਜਦੋਂ ਤੁਸੀਂ ਦੋਵੇਂ ਵੱਖ ਹੋਏ ਸੀ ਉਦੋਂ ਵੀ ਤੂੰ ਉਸ ਦੀ ਖੁਸ਼ੀ ਤੇ ਕਾਮਯਾਬੀ ਮੰਗੀ। ਤੁਹਾਡਾ ਪਿਆਰ ਬਹੁਤ ਪਵਿੱਤਰ ਸੀ ਅਤੇ ਬਹੁਤ ਖਾਸ ਵੀ ਸੀ।
ਅੰਕਿਤਾ ਤੂੰ ਰੋਕ ਸਕਦੀ ਸੀ ਸੁਸ਼ਾਂਤ ਨੂੰ ਇਹ ਕਦਮ ਚੁੱਕਣ ਤੋਂ
ਸੰਦੀਪ ਸਿੰਘ ਨੇ ਅੱਗੇ ਲਿਖਿਆ, ''ਮੈਂ ਜਾਣਦਾ ਹਾਂ, ਉਸ ਨੂੰ ਸਿਰਫ਼ ਤੂੰ ਹੀ ਬਚਾ ਸਕਦੀ ਸੀ। ਕਾਸ਼ ਕਿ ਜਿਵੇਂ ਦਾ ਅਸੀਂ ਸੁਫ਼ਨਾ ਦੇਖਿਆ ਸੀ, ਤੁਸੀਂ ਦੋਵੇਂ ਵਿਆਹ ਕਰਵਾ ਲਿਆ ਹੁੰਦਾ। ਤੂੰ ਉਸ ਨੂੰ ਬਚਾ ਸਕਦੀ ਸੀ, ਜੇ ਉਸ ਨੇ ਤੈਨੂੰ ਆਪਣੇ ਨਾਲ ਰੱਖਿਆ ਹੁੰਦਾ।'' ਸੁਸ਼ਾਂਤ ਸਿੰਘ ਰਾਜਪੂਤ ਤੇ ਅੰਕਿਤਾ ਲੋਖੰਡੇ 6 ਸਾਲ ਤੱਕ ਇਕੱਠੇ ਰਹੇ ਹਨ ਅਤੇ ਇੱਕ-ਦੂਜੇ ਨੂੰ ਡੇਟ ਕਰਦੇ ਸਨ। ਇੱਕ ਦਿਨ ਅਚਾਨਕ ਹੀ ਦੋਵਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਤੇ ਦੋਵੇਂ ਵੱਖ ਹੋ ਗਏ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਮੁੰਬਈ ਪੁਲਸ ਕਾਫ਼ੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅਜਿਹੇ 'ਚ ਪੁਲਸ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸੇ ਪੁੱਛਗਿੱਛ ਲਈ ਵੀਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਰੀਆ ਚੱਕਰਵਰਤੀ ਨੂੰ ਮੁੰਬਈ ਥਾਣੇ ਬੁਲਾਇਆ ਗਿਆ ਸੀ। ਪੁਲਸ ਤੇ ਰੀਆ ਵਿਚਕਾਰ ਇਹ ਪੁੱਛਗਿੱਛ ਕਰੀਬ 9 ਘੰਟਿਆਂ ਤੱਕ ਚਲੀ, ਜਿਸ 'ਚ ਰੀਆ ਚੱਕਰਵਰਤੀ ਨੇ ਕਈ ਵੱਡੇ ਖ਼ੁਲਾਸੇ ਕੀਤੇ। ਰੀਆ ਨੇ ਪੁੱਛਗਿੱਛ ਦੌਰਾਨ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਤੇ ਯਸ਼ਰਾਜ ਫ਼ਿਲਮਸ ਨਾਲ ਜੁੜੀਆਂ ਕਈਆਂ ਗੱਲਾਂ ਦਾ ਜ਼ਿਕਰ ਕੀਤਾ, ਜਿਸ ਦਾ ਸਿੱਧਾ ਕਨੈਕਸ਼ਨ/ਸਬੰਧ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੀ।
10 ਕਰੀਬੀਆਂ ਤੋਂ ਹੋਈ ਪੁੱਛਗਿੱਛ
ਦੱਸ ਦਈਏ ਕਿ ਪੁਲਸ ਨੇ ਬੁੱਧਵਾਰ ਨੂੰ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਦਾ ਬਿਆਨ ਦਰਜ ਕੀਤਾ ਗਿਆ ਸੀ, ਜੋ ਰਾਜਪੂਤ ਦੇ ਕਰੀਬੀ ਸਨ। ਪੁਲਸ ਰਾਜਪੂਤ ਦੇ ਉਦਾਸ ਹੋਣ ਦੇ ਪਿੱਛੇ ਦੀ ਵਜ੍ਹਾ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲੇ ਤੱਕ ਪੁਲਸ ਨੇ ਰਾਜਪੂਤ ਦੇ ਪਰਿਵਾਰ ਦੇ ਮੈਂਬਰਾਂ ਸਮੇਤ 10 ਤੋਂ ਜ਼ਿਆਦਾ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਇਕ ਸੂਤਰ ਨੇ ਕਿਹਾ, 'ਸਾਰੇ ਮਾਮਲਿਆਂ 'ਚ ਇਹ ਇਕ ਪ੍ਰਤੀਕਿਰਿਆ ਹੁੰਦੀ ਹੈ।' ਸੂਤਰ ਨੇ ਦੱਸਿਆ ਕਿ ਪੁਲਸ ਕੁਝ ਪ੍ਰੋਡਕਸ਼ਨ ਹਾਊਸ ਦੇ ਲੋਕਾਂ ਨੂੰ ਵੀ ਪੁੱਛਗਿੱਛ ਲਈ ਬੁਲਾ ਸਕਦੀ ਹੈ।
ਵੀਰਵਾਰ ਨੂੰ ਕੀਤੀਆਂ ਗਈਆਂ ਅਸਥੀਆਂ ਪ੍ਰਵਾਹ
ਸੁਸ਼ਾਂਤ ਸਿੰਘ ਰਾਜ ਦੀਆਂ ਅਸਥੀਆਂ/ਫੁੱਲ ਵੀਰਵਾਰ ਨੂੰ ਗੰਗਾ 'ਚ ਪ੍ਰਵਾਹ ਕਰ ਦਿੱਤੀਆਂ ਗਈਆਂ। ਸੁਸ਼ਾਂਤ ਦੀਆਂ ਅਸਥੀਆਂ ਉਨ੍ਹਾਂ ਦੇ ਪਿਤਾ ਕੇਕੇ ਸਿੰਘ, ਭੈਣਾਂ, ਜੀਜਾ ਤੇ ਪਰਿਵਾਰ ਦੇ ਹੋਰ ਮੈਂਬਰ ਹੀ ਪਹੁੰਚੇ ਸਨ।
ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਬਣਨ ਜਾ ਰਹੀ ਹੈ ਫ਼ਿਲਮ
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਫ਼ਿਲਮ ਬਣਨ ਜਾ ਰਹੀ ਹੈ। ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ 'ਤੇ ਆਧਾਰਿਤ ਫ਼ਿਲਮ ਬਣਾਉਣ ਦਾ ਫੈਸਲਾ ਕੀਤਾ ਹੈ। ਫ਼ਿਲਮ ਦਾ ਨਾਂ ਨਾਂ 'ਸੁਸਾਇਡ ਔਰ ਮਰਡਰ' ਹੈ, ਜਿਸ ਦੀ ਸ਼ੂਟਿੰਗ ਜਲਦ ਸ਼ੁਰੂ ਕੀਤੀ ਜਾਵੇਗੀ। ਵਿਜੇ ਨੇ ਦੱਸਿਆ ਕਿ ਇਹ ਫ਼ਿਲਮ ਸੁਸ਼ਾਂਤ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਅਜਿਹੇ 'ਚ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।