ਮਾਂ ਨੂੰ ਯਾਦ ਕਰ ਭਾਵੁਕ ਹੋਏ ਅਨਿਲ ਕਪੂਰ, ਭਾਵੁਕ ਪੋਸਟ ਕੀਤੀ ਸਾਂਝੀ
Wednesday, May 07, 2025 - 12:46 PM (IST)

ਐਂਟਰਟੇਨਮੈਂਟ ਡੈਸਕ- ਅਦਾਕਾਰ ਅਨਿਲ ਕਪੂਰ ਦੀ ਮਾਂ ਨਿਰਮਲ ਕਪੂਰ ਦਾ ਸ਼ੁੱਕਰਵਾਰ 2 ਮਈ ਨੂੰ ਦੇਹਾਂਤ ਹੋ ਗਿਆ। ਅਨਿਲ ਕਪੂਰ ਆਪਣੀ ਮਾਂ ਦੇ ਦੇਹਾਂਤ ਤੋਂ ਬਹੁਤ ਦੁਖੀ ਹਨ। ਅਨਿਲ ਕਪੂਰ ਨੇ ਆਪਣੀ ਮਾਂ ਦੀ ਮੌਤ ਤੋਂ ਲਗਭਗ ਤਿੰਨ ਦਿਨ ਬਾਅਦ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਮ 'ਤੇ ਇੱਕ ਪੋਸਟ ਲਿਖ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਅਦਾਕਾਰ ਨੇ ਕਿਹਾ ਕਿ ਉਸ ਕੋਲ ਆਪਣੇ ਦਿਲ ਦੀ ਗੱਲ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।
ਅਨਿਲ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਜ਼ਿੰਦਗੀ ਦੇ ਹਰ ਖੇਤਰ ਤੋਂ ਮੈਨੂੰ ਜੋ ਪਿਆਰ ਮਿਲ ਰਿਹਾ ਹੈ ਉਹ ਬਹੁਤ ਜ਼ਿਆਦਾ ਹੈ।' ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ।
ਉਨ੍ਹਾਂ ਨੇ ਲਿਖਿਆ, 'ਮੇਰੀ ਮਾਂ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਅਤੇ ਸਨੇਹ ਨਾਲ ਪਾਲਿਆ, ਸਮਰਥਨ ਦਿੱਤਾ ਅਤੇ ਪਿਆਰ ਕੀਤਾ। ਉਹ ਉਨ੍ਹਾਂ ਮਜ਼ਬੂਤ ਔਰਤਾਂ ਵਿੱਚੋਂ ਇੱਕ ਸੀ ਜੋ ਕਦੇ ਵੀ ਸੁਰਖੀਆਂ ਵਿੱਚ ਨਹੀਂ ਰਹੀ ਪਰ ਜਿਨ੍ਹਾਂ ਦੀ ਤਾਕਤ ਨੇ ਸਾਰਿਆਂ ਨੂੰ ਇਕੱਠਾ ਰੱਖਿਆ। ਉਹ ਪਰਿਵਾਰ ਦਾ ਇੱਕ ਮਜ਼ਬੂਤ ਅਤੇ ਸ਼ਾਂਤ ਥੰਮ੍ਹ ਸੀ। ਉਹ ਹਮੇਸ਼ਾ ਖੁਸ਼ ਰਹਿੰਦੀ ਸੀ ਅਤੇ ਹਮੇਸ਼ਾ ਸਾਰਿਆਂ ਦੀ ਦੇਖਭਾਲ ਕਰਦੀ ਸੀ। ਉਨ੍ਹਾਂ ਦੇ ਆਲੇ-ਦੁਆਲੇ ਹੋਣ ਨਾਲ ਇੱਕ ਵੱਖਰੀ ਤਰ੍ਹਾਂ ਦੀ ਊਰਜਾ, ਉਤਸ਼ਾਹ ਪੈਦਾ ਹੁੰਦਾ ਸੀ।
ਅਨਿਲ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਉਸ ਗੂੰਦ ਵਾਂਗ ਸੀ ਜੋ ਉਨ੍ਹਾਂ ਦੇ ਪਰਿਵਾਰ, ਬੱਚਿਆਂ, ਪੋਤੇ-ਪੋਤੀਆਂ ਅਤੇ ਇੱਥੋਂ ਤੱਕ ਕਿ ਦੋਸਤਾਂ ਨੂੰ ਵੀ ਇਕੱਠਿਆਂ ਰੱਖਦੀ ਸੀ। ਉਹ ਹਮੇਸ਼ਾ ਦੂਜਿਆਂ 'ਤੇ ਪਿਆਰ ਵਰ੍ਹਾਉਂਦੀ ਸੀ। ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗੀ। ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, 'ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਅਤੇ ਪਿਆਰ ਲਈ ਦਿਲੋਂ ਧੰਨਵਾਦ।'
ਕਪੂਰ ਪਰਿਵਾਰ ਨੇ ਨਿਰਮਲ ਕਪੂਰ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਜੁਆਇਟ ਭਾਵੁਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਲਿਖਿਆ ਸੀ- '2 ਮਈ ਨੂੰ ਨਿਰਮਲ ਕਪੂਰ ਨੇ ਆਪਣੇ ਪਰਿਵਾਰ ਵਿੱਚ ਆਖਰੀ ਸਾਹ ਲਿਆ।' ਉਹ ਇੱਕ ਖੁਸ਼ਹਾਲ ਜੀਵਨ ਬਤੀਤ ਕਰਦੀ ਸੀ। ਉਹ ਆਪਣੇ ਪਿੱਛੇ ਚਾਰ ਬੱਚੇ, ਨੂੰਹਾਂ, ਜਵਾਈ, ਗਿਆਰਾਂ ਪੋਤੇ-ਪੋਤੀਆਂ, ਚਾਰ ਪੜਪੋਤੇ-ਪੜਪੋਤੀਆਂ ਅਤੇ ਕੀਮਤੀ ਯਾਦਾਂ ਛੱਡ ਗਈ ਹੈ।
ਨਿਰਮਲ ਕਪੂਰ ਨੇ 2 ਮਈ ਨੂੰ 90 ਸਾਲ ਦੀ ਉਮਰ ਵਿੱਚ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ ਉਹ ਕਾਫ਼ੀ ਸਮੇਂ ਤੋਂ ਬਿਮਾਰ ਸੀ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।