''ਧੁਰੰਦਰ'' ਨੂੰ ਪ੍ਰੋਪੇਗੰਡਾ ਕਹਿਣ ਮਗਰੋਂ ਟ੍ਰੋਲ ਹੋਈ ਅਦਾਕਾਰਾ ਅਨੀਤ ਪੱਡਾ ਦੀ ਭੈਣ ਰੀਤ, ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ !
Sunday, Mar 29, 2026 - 02:23 PM (IST)
ਮੁੰਬਈ: ਬਾਲੀਵੁੱਡ ਦੀ ਉੱਭਰਦੀ ਅਦਾਕਾਰਾ ਅਤੇ ਫਿਲਮ 'ਸੈਯਾਰਾ' ਫੇਮ ਅਨੀਤ ਪੱਡਾ ਦੀ ਭੈਣ ਰੀਤ ਪੱਡਾ ਇਸ ਵੇਲੇ ਸੋਸ਼ਲ ਮੀਡੀਆ 'ਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਰੀਤ ਵੱਲੋਂ ਰਣਵੀਰ ਸਿੰਘ ਦੀ ਹਾਲੀਆ ਰਿਲੀਜ਼ ਫਿਲਮ 'ਧੁਰੰਦਰ: ਦਿ ਰਿਵੈਂਜ' ਨੂੰ 'ਪ੍ਰੋਪੇਗੰਡਾ' (ਪ੍ਰਚਾਰ) ਦੱਸਣ ਤੋਂ ਬਾਅਦ ਵਿਵਾਦ ਇੰਨਾ ਵਧ ਗਿਆ ਕਿ ਉਸ ਨੂੰ ਆਪਣਾ ਇੰਸਟਾਗ੍ਰਾਮ ਅਤੇ ਲਿੰਕਡਇਨ ਅਕਾਊਂਟ ਤੱਕ ਡਿਲੀਟ ਕਰਨਾ ਪਿਆ।
ਕੀ ਹੈ ਪੂਰਾ ਮਾਮਲਾ?
ਦਰਅਸਲ, ਰੀਤ ਪੱਡਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਸਨੇ 'ਧੁਰੰਦਰ' ਤੋਂ ਇਲਾਵਾ 'ਦਿ ਕਸ਼ਮੀਰ ਫਾਈਲਜ਼' ਅਤੇ 'ਦਿ ਕੇਰਲ ਸਟੋਰੀ' ਵਰਗੀਆਂ ਫਿਲਮਾਂ ਨੂੰ ਸਰਕਾਰ ਪੱਖੀ ਏਜੰਡਾ ਦੱਸਿਆ। ਰੀਤ ਨੇ ਲਿਖਿਆ ਸੀ ਕਿ ਇਹ ਫਿਲਮਾਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੀਆਂ ਹਨ ਅਤੇ ਇੱਕ ਖਾਸ ਭਾਈਚਾਰੇ ਵਿਰੁੱਧ ਬਿਰਤਾਂਤ ਸਿਰਜਣ ਦਾ ਕੰਮ ਕਰਦੀਆਂ ਹਨ।
ਸੋਸ਼ਲ ਮੀਡੀਆ 'ਤੇ ਭੜਕੇ ਲੋਕ
ਰੀਤ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਬਾਅਦ ਰਣਵੀਰ ਸਿੰਘ ਦੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਸਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕੁਝ ਯੂਜ਼ਰਸ ਨੇ ਉਸਨੂੰ 'ਦੇਸ਼ ਵਿਰੋਧੀ' ਦੱਸਿਆ, ਜਦਕਿ ਕੁਝ ਨੇ ਉਸਦੇ ਨਿੱਜੀ ਸਬੰਧਾਂ ਨੂੰ ਲੈ ਕੇ ਵੀ ਕੁਮੈਂਟ ਕੀਤੇ। ਭਾਰੀ ਟ੍ਰੋਲਿੰਗ ਅਤੇ ਵਿਰੋਧ ਨੂੰ ਦੇਖਦੇ ਹੋਏ ਰੀਤ ਨੇ ਪਹਿਲਾਂ ਆਪਣਾ ਪ੍ਰੋਫਾਈਲ ਪ੍ਰਾਈਵੇਟ ਕੀਤਾ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਆਪਣੇ ਅਕਾਊਂਟ ਹੀ ਡਿਲੀਟ ਕਰ ਦਿੱਤੇ।
