ਪੰਜਾਬੀ ਫ਼ਿਲਮ ਇੰਡਸਟਰੀ ’ਤੇ ਰਾਜ ਕਰ ਰਹੀ ਐਮੀ ਵਿਰਕ ਤੇ ਤਾਨੀਆ ਦੀ ਸ਼ਾਨਦਾਰ ਜੋੜੀ

Thursday, Oct 27, 2022 - 11:09 AM (IST)

ਪੰਜਾਬੀ ਫ਼ਿਲਮ ਇੰਡਸਟਰੀ ’ਤੇ ਰਾਜ ਕਰ ਰਹੀ ਐਮੀ ਵਿਰਕ ਤੇ ਤਾਨੀਆ ਦੀ ਸ਼ਾਨਦਾਰ ਜੋੜੀ

ਚੰਡੀਗੜ੍ਹ (ਬਿਊਰੋ)– ਪਿਛਲੇ ਕੁਝ ਸਾਲਾਂ ’ਚ ਅਸੀਂ ਉੱਚ ਦਰਜੇ ਦੀਆਂ ਤੇ ਰਿਕਾਰਡਤੋੜ ਪੰਜਾਬੀ ਫ਼ਿਲਮਾਂ ਵੇਖੀਆਂ ਹਨ, ਜਿਨ੍ਹਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਪੰਜਾਬੀ ਫ਼ਿਲਮ ਇੰਡਸਟਰੀ ਦਾ ਪੱਧਰ ਹੋਰ ਵੀ ਉੱਚਾ ਚੁੱਕਿਆ ਹੈ। ਇੰਡਸਟਰੀ ਦੀਆਂ ਸਫ਼ਲ ਫ਼ਿਲਮਾਂ ’ਚ ਐਮੀ ਵਿਰਕ ਤੇ ਤਾਨੀਆ ਦਾ ਵੀ ਖ਼ਾਸ ਯੋਗਦਾਨ ਹੈ। ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ, ਜੋ ਉਨ੍ਹਾਂ ਦੀਆਂ ਫ਼ਿਲਮਾਂ ਰਿਲੀਜ਼ ਹੋਣ ਤੋਂ ਬਾਅਦ ਜਨਤਾ ਦੀਆਂ ਸਮੀਖਿਆਵਾਂ ਤੋਂ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

ਜੇਕਰ ਅਸੀਂ ਉਨ੍ਹਾਂ ਦੇ ਵਿਅਕਤੀਗਤ ਯੋਗਦਾਨ ਦੀ ਗੱਲ ਕਰੀਏ ਤਾਂ ਐਮੀ ਵਿਰਕ ਇੰਡਸਟਰੀ ’ਚ ਇਕ ਸਿਤਾਰੇ ਵਾਂਗ ਚਮਕਦੇ ਹਨ, ਜੋ ਹਰ ਫ਼ਿਲਮ ਨੂੰ ਆਪਣੀ ਕੁਦਰਤੀ ਅਦਾਕਾਰੀ ਦੇ ਹੁਨਰ ਰਾਹੀਂ ਸ਼ਾਨਦਾਰ ਹਿੱਟ ਦਿੰਦੇ ਹਨ ਤੇ ਉਨ੍ਹਾਂ ਦੇ ਰੋਮਾਂਟਿਕ ਗੀਤਾਂ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਐਮੀ ਦੀ ਕੋਈ ਵੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਰਸ਼ਕ ਚੰਗੀ ਕਹਾਣੀ, ਸਾਰਥਕ ਗੀਤਾਂ ਤੇ ਸ਼ਾਨਦਾਰ ਸਕ੍ਰੀਨਪਲੇਅ ਦੇ ਅੰਦਾਜ਼ੇ ਨਾਲ ਐਮੀ ਦੀਆਂ ਫ਼ਿਲਮਾਂ ਦੇਖਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਤਾਨੀਆ ਨੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਆਪਣਾ ਇਕ ਵੱਖਰਾ ਨਾਮ ਬਣਾਇਆ ਹੈ ਤੇ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ’ਚ ਆਪਣੇ ਜ਼ੋਰਦਾਰ ਤੇ ਦਿਲ ਜਿੱਤਣ ਵਾਲੇ ਪ੍ਰਦਰਸ਼ਨਾਂ ਰਾਹੀਂ ਲਗਾਤਾਰ ਇਹ ਮੁਕਾਮ ਕਾਇਮ ਰੱਖਿਆ ਹੈ। ਤਾਨੀਆ ਆਪਣੀ ਅਦਾਕਾਰੀ ਦੇ ਹੁਨਰ ਨੂੰ ਇਕ ਹੋਰ ਉੱਚੇ ਪੱਧਰ ਤੱਕ ਲੈ ਗਈ ਹੈ, ਜਿਸ ਨੂੰ ਅਸੀਂ ‘ਕਿਸਮਤ’ 1 ਤੇ 2, ‘ਸੁਫ਼ਨਾ’ ਤੋਂ ‘ਬਾਜਰੇ ਦਾ ਸਿੱਟਾ’ ਤੱਕ ਤੇ ਹੁਣ ‘ਓਏ ਮੱਖਣਾ’ ’ਚ ਦੇਖਾਂਗੇ।

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

ਐਮੀ ਵਿਰਕ ਤੇ ਤਾਨੀਆ ਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਇਕ ਸੰਪੂਰਨ ਜੋੜੀ ਵਜੋਂ ਦੇਖਿਆ ਜਾਣ ਲੱਗਾ ਹੈ। ‘ਕਿਸਮਤ’ 1 ’ਚ ਭਾਵੇਂ ਤਾਨੀਆ ਮੁੱਖ ਭੂਮਿਕਾ ’ਚ ਨਹੀਂ ਸੀ, ਉਨ੍ਹਾਂ ਦੀ ਦਿਲਚਸਪ ਕੈਮਿਸਟਰੀ ਦੇ ਕਾਰਨ ਤਾਨੀਆ ਨੂੰ ‘ਸੁਫ਼ਨਾ’ ’ਚ ਮੁੱਖ ਭੂਮਿਕਾ ਲਈ ਲਿਆਇਆ ਗਿਆ ਸੀ, ਜੋ ਕਿ ਸਾਡੇ ਵਿਚਾਰ ਅਨੁਸਾਰ ਪੰਜਾਬੀ ਫ਼ਿਲਮ ਇੰਡਸਟਰੀ ਲਈ ਸਭ ਤੋਂ ਵਧੀਆ ਸੋਚ ਸੀ। ਇਸ ਜੋੜੀ ਨੇ ਹਿੱਟ ਗੀਤ ‘ਤੇਰੀ ਜੱਟੀ’ ’ਚ ਵੀ ਇਕੱਠੇ ਕੰਮ ਕੀਤਾ ਹੈ, ਜਿਸ ਗੀਤ ਨੂੰ ਹਰ ਵਿਆਹ ਸਮਾਗਮ ’ਚ ਸੁਣਿਆ ਜਾ ਸਕਦਾ ਹੈ। ਹੁਣ ਇਹ ਜੋੜੀ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਦੇ ਵੀ ਅਸਫਲ ਨਹੀਂ ਹੁੰਦੀ ਭਾਵੇਂ ਫ਼ਿਲਮ ਪੁਰਾਣੇ ਦੌਰ ਨੂੰ ਦਰਸਾਉਂਦੀ ਹੋਵੇ ਜਾਂ ਆਧੁਨਿਕ। ਇਕ ਹੋਰ ਹਕੀਕਤ ਇਹ ਹੈ ਕਿ ਦਰਸ਼ਕਾਂ ਨੂੰ ਦੋਵਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ, ਦਰਸ਼ਕ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹਨ ਤੇ ਉੱਚ ਪੱਧਰ ਦੀ ਵਚਨਬੱਧਤਾ ਤੇ ਸਮਰਪਣ ਦੀ ਉਮੀਦ ਕਰਦੇ ਹਨ।

ਐਮੀ ਪਹਿਲਾਂ ਵੀ ‘ਓਏ ਮੱਖਣਾ’ ਫ਼ਿਲਮ ਵਰਗੀਆਂ ਕਈ ਫ਼ਿਲਮਾਂ ਕਰ ਚੁੱਕੇ ਹਨ, ਹਾਲਾਂਕਿ ਇਹ ਤਾਨੀਆ ਦੀ ਇਸ ਸ਼ੈਲੀ ਦੀ ਪਹਿਲੀ ਫ਼ਿਲਮ ਹੋਵੇਗੀ, ਜੋ ਮਨੋਰੰਜਕ, ਕਾਮੇਡੀ ਤੇ ਡਰਾਮਾ ਹੈ। ਇਸ ਲਈ ਉਨ੍ਹਾਂ ਨੂੰ ‘ਓਏ ਮੱਖਣਾ’ ਲਈ ਸਕ੍ਰੀਨ ’ਤੇ ਇਕੱਠੇ ਦੇਖਣਾ ਦਿਲਚਸਪ ਹੋਵੇਗਾ। ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ, ਸਿਮਰਜੀਤ ਸਿੰਘ ਵਲੋਂ ਨਿਰਦੇਸ਼ਿਤ ਹੈ ਤੇ ਯੂਡਲੀ ਫ਼ਿਲਮਜ਼ ਵਲੋਂ ਨਿਰਮਿਤ ਹੈ। ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News