ਐਮੀ ਵਿਰਕ ਦੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਰਿਲੀਜ਼, ਦੇਖੋ ਫ਼ਿਲਮ ਸਬੰਧੀ ਖ਼ਾਸ ਇੰਟਰਵਿਊ (ਵੀਡੀਓ)

Friday, Feb 25, 2022 - 04:18 PM (IST)

ਐਮੀ ਵਿਰਕ ਦੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਰਿਲੀਜ਼, ਦੇਖੋ ਫ਼ਿਲਮ ਸਬੰਧੀ ਖ਼ਾਸ ਇੰਟਰਵਿਊ (ਵੀਡੀਓ)

ਜਲੰਧਰ (ਬਿਊਰੋ)– ਅੱਜ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਰਿਲੀਜ਼ ਹੋ ਗਈ ਹੈ। ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਵਲੋਂ ਨਿਰਮਿਤ ਇਸ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਐਮੀ ਵਿਰਕ, ਗੁਰਪ੍ਰੀਤ ਸਿੰਘ ਪ੍ਰਿੰਸ ਤੇ ਦਲਜੀਤ ਸਿੰਘ ਥਿੰਦ ਹਨ। ਫ਼ਿਲਮ ’ਚ ਐਮੀ ਵਿਰਕ ਤੋਂ ਇਲਾਵਾ ਨਾਸਿਰ ਚਿਣੌਟੀ, ਜ਼ਫ਼ਰੀ ਖ਼ਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਮਿੰਟੂ ਕਾਪਾ ਸਮੇਤ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ। ਬੀਤੇ ਦਿਨੀਂ ਫ਼ਿਲਮ ਦੇ ਮੁੱਖ ਕਲਾਕਾਰ ਐਮੀ ਵਿਰਕ ਨਾਲ ‘ਜਗ ਬਾਣੀ’ ਦੇ ਪ੍ਰਤੀਨਿਧੀ ਨੇਹਾ ਮਨਹਾਸ ਨੇ ਇਕ ਖ਼ਾਸ ਇੰਟਰਵੀਊ ਕੀਤੀ। ਪੇਸ਼ ਹਨ ਉਸ ਇੰਟਰਵਿਊ ਦੇ ਕੁਝ ਖ਼ਾਸ ਅੰਸ਼–

ਸਵਾਲ : ਫ਼ਿਲਮ ਦਾ ਟ੍ਰੇਲਰ ਅਜੇ ਵੀ ਟ੍ਰੈਂਡਿੰਗ ’ਚ ਹੈ ਤੇ ਲੋਕਾਂ ਵਲੋਂ ਪਿਆਰ ਮਿਲ ਰਿਹਾ ਹੈ। ਕੀ ਕਹੋਗੇ ਤੁਸੀਂ।
ਐਮੀ ਵਿਰਕ :
ਬੜੇ ਚਿਰਾਂ ਬਾਅਦ ਮੇਰੀ ਫ਼ਿਲਮ ਦੇ ਟ੍ਰੇਲਰ ਨੂੰ ਲੈ ਕੇ ਲੋਕਾਂ ’ਚ ਇੰਨੀ ਐਕਸਾਈਟਮੈਂਟ ਹੈ। ਪਿਛਲੀਆਂ ਫ਼ਿਲਮਾਂ ਨੂੰ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਹ ਭਾਵੇਂ ‘ਪੁਆੜਾ’ ਸੀ ਜਾਂ ‘ਕਿਸਮਤ’। ਟ੍ਰੇਲਰ ਨੂੰ ਲੈ ਕੇ ਇਕ ਖ਼ਾਸ ਫੀਲਿੰਗ ਹੈ ਕਿਉਂਕਿ ਇਹ ਇਕ ਨਵੀਂ ਚੀਜ਼ ਹੈ। ਮੇਰੀ ਇਹ ਫ਼ਿਲਮ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ। ਅਸੀਂ ਵੀ ਦਰਸ਼ਕਾਂ ਸਾਹਮਣੇ ਫ਼ਿਲਮ ਪੇਸ਼ ਕਰਨ ਨੂੰ ਲੈ ਕੇ ਬਹੁਤ ਐਕਸਾਈਟਿਡ ਹਾਂ। ਇਹ ਲੋਕਾਂ ਨੂੰ 101 ਫੀਸਦੀ ਪਸੰਦ ਆਏਗੀ।

ਸਵਾਲ : ਫ਼ਿਲਮ ਦਾ ਟਾਈਟਲ ‘ਆਜਾ ਮੈਕਸੀਕੋ ਚੱਲੀਏ’ ਹੀ ਕਿਉਂ ਰੱਖਿਆ?
ਐਮੀ ਵਿਰਕ :
ਪਹਿਲਾਂ ਟਾਈਟਲ ‘ਹੁਣ ਨਹੀਂ ਮੁੜਦੇ ਯਾਰ’ ਰੱਖਿਆ ਸੀ ਪਰ ਉਹ ਪਹਿਲਾਂ ਹੀ ਕਿਸੇ ਹੋਰ ਸੱਜਣ-ਮਿੱਤਰ ਨੇ ਰਜਿਸਟਰਡ ਕਰਵਾਇਆ ਹੋਇਆ ਸੀ। ਫਿਰ ਮੈਂ ਕਰਨ ਵੀਰੇ ਨੂੰ ਫੋਨ ਕੀਤਾ ਕਿ ਤੁਹਾਡੇ ਗਾਣੇ ਦੀਆਂ ਲਾਈਨਾਂ ਵਰਤਣ ਲੱਗੇ ਹਾਂ ਫ਼ਿਲਮ ਦੇ ਟਾਈਟਲ ਲਈ। ਉਨ੍ਹਾਂ ਨੇ ਹਾਂ ਕਰ ਦਿੱਤੀ। ਇਸ ਲਈ ਅਸੀਂ ਫ਼ਿਲਮ ਦਾ ਨਾਂ ਰੱਖਿਆ ‘ਆਜਾ ਮੈਕਸੀਕੋ ਚੱਲੀਏ’ ਕਿਉਂਕਿ ਡੌਂਕੀ ਦਾ ਮੇਨ ਟਾਰਗੇਟ ਮੈਕਸੀਕੋ ਪਹੁੰਚਣ ਤਕ ਹੁੰਦਾ ਹੈ। ਉਸ ਤੋਂ ਅੱਗੇ ਕੋਈ ਰਿਸਕ ਨਹੀਂ ਹੁੰਦਾ। ਤੁਸੀਂ ਬੱਸਾਂ ਰਾਹੀਂ ਵੀ ਜਾ ਸਕਦੇ ਹੋ। ਇਸ ਫ਼ਿਲਮ ’ਚ ਮੈਕਸੀਕੋ ਪਹੁੰਚਣ ਤਕ ਦਾ ਮੁੱਦਾ ਪੇਸ਼ ਕੀਤਾ ਗਿਆ ਹੈ। ਇਸ ਲਈ ਫ਼ਿਲਮ ਦਾ ਨਾਂ ‘ਆਜਾ ਮੈਕਸੀਕੋ ਚੱਲੀਏ’ ਹੈ। ਸੀਰੀਅਸ ਨਾਂ ਵੀ ਰੱਖ ਸਕਦੇ ਸੀ ਪਰ ਉਹ ਜਾਣਬੁਝ ਕੇ ਨਹੀਂ ਰੱਖਿਆ ਤਾਂ ਕਿ ਲੋਕਾਂ ਨੂੰ ਟਾਈਟਲ ਪਸੰਦ ਆਵੇ।

ਸਵਾਲ : ਗੰਭੀਰ ਮੁੱਦੇ ਨੂੰ ਕਾਮੇਡੀ ਦੇ ਨਾਲ ਪੇਸ਼ ਕਰਨਾ ਕਿੰਨਾ ਕੁ ਮੁਸ਼ਕਿਲ ਰਿਹਾ?
ਐਮੀ ਵਿਰਕ :
ਮੁਸ਼ਕਿਲ ਸੀ ਪਰ ਇਹ ਸਭ ਜ਼ਿੰਦਗੀ ਦਾ ਹਿੱਸਾ ਹਨ। ਵੈਸੇ ਵੀ ਪੰਜਾਬੀਆਂ ਨੂੰ ਇਕੋ ਸਮੇਂ ਸੁੱਖ-ਦੁੱਖ ਹੰਢਾਉਣਾ ਆਉਂਦਾ ਹੈ। ਪੰਜਾਬੀਆਂ ਦਾ ਸੁਭਾਅ ਇਹ ਹੈ ਕਿ ਇਥੇ ਕੋਈ ਬੰਦਾ ਜਦੋਂ ਮਰਨ ਕੰਢੇ ਵੀ ਹੋਵੇ ਤਾਂ ਵੀ ਲੋਕ ਉਸ ਨੂੰ ਪੁੱਛਦੇ ਹਨ ਕਿ ਆਖਰੀ ਸਮੇਂ ਉਸ ਨੂੰ ਕੀ ਚਾਹੀਦਾ ਹੈ। ਇਥੇ ਤਾਂ ਬੰਦਾ ਵੀ ਆਪਣੇ ਅੰਤਿਮ ਸਮੇਂ ਨੂੰ ਪੂਰੀ ਤਰ੍ਹਾਂ ਜੀਅ ਕੇ ਜਾਂਦਾ ਹੈ। ਇਹ ਸਾਡੇ ਸੁਭਾਅ ’ਚ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਪਹਿਲੇ ਸਾਰੇ ਹਿੱਸੇ ’ਚ ਆਮ ਪੰਜਾਬੀਆਂ ਦੀ ਜ਼ਿੰਦਗੀ ਹੈ ਤੇ ਬਾਅਦ ’ਚ ਸੰਘਰਸ਼ਾਂ ਨੂੰ ਦਿਖਾਇਆ ਗਿਆ ਹੈ।

ਸਵਾਲ : ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰਨ ’ਚ ਕੋਈ ਰਿਸਕ ਤਾਂ ਨਹੀਂ ਲੱਗਾ?
ਐਮੀ ਵਿਰਕ :
ਤਜਰਬੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ‘ਸਾਬ੍ਹ ਬਹਾਦਰ’ ਕੀਤੀ ਸੀ, ਉਸ ਤੋਂ ਬਾਅਦ ‘ਹਰਜੀਤਾ’ ਕੀਤੀ, ‘ਕਿਸਮਤ’ ਨਾਲ ਵੀ ਬੜਾ ਵੱਡਾ ਰਿਸਕ ਲਿਆ ਸੀ ਪਰ ਬਾਅਦ ’ਚ ਲੱਗਾ ਕਿ ਬੜੀ ਪਿਆਰੀ ਫ਼ਿਲਮ ਹੈ, ਵਿਸ਼ਾ ਰਿਸਕ ਵਾਲਾ ਸੀ। ਫ਼ਿਲਮਾਂ ਤੁਹਾਨੂੰ ਬਹੁਤ ਕੁਝ ਦੇ ਕੇ ਜਾਂਦੀਆਂ ਹਨ। ਜਿਸ ਤਰ੍ਹਾਂ ‘ਹਰਜੀਤਾ’ ਨੇ ਸਾਨੂੰ ਕਿੰਨਾ ਕੁਝ ਦੇ ਦਿੱਤਾ। ‘ਨੈਸ਼ਨਲ ਐਵਾਰਡ’ ਵੀ ਮਿਲਿਆ। ਉਸ ਨੇ ਬਹੁਤ ਕੁਝ ਸਿਖਾਇਆ। ਇਸ ਲਈ ਐਕਸਪੈਰੀਮੈਂਟ ਕਰਨੇ ਬਹੁਤ ਜ਼ਰੂਰੀ ਹਨ। ਇਕ-ਅੱਧੀ ਐਕਸਪੈਰੀਮੈਂਟ ਵਾਲੀ ਫ਼ਿਲਮ ਬਹੁਤ ਜ਼ਰੂਰੀ ਹੈ। ਅੱਗੇ ਮੇਰੀਆਂ ਮਨੋਰੰਜਨ ਵਾਲੀਆਂ ਫ਼ਿਲਮਾਂ ਵੀ ਆ ਰਹੀਆਂ ਹਨ।

ਸਵਾਲ : ਇਸ ਫ਼ਿਲਮ ’ਚ ਅਸਲੀਅਤ ਦਿਖਾਈ ਹੈ, ਇਸ ਲਈ ਲੋਕਾਂ ਦੀਆਂ ਹੱਡ-ਬੀਤੀਆਂ ਵੀ ਸੁਣੀਆਂ?
ਐਮੀ ਵਿਰਕ :
ਹਾਂ ਜੀ ਸੁਣੀਆਂ ਸਨ। ਹੁਣ ਵੀ ਸੁਣਦੇ ਹਾਂ। ਰਾਕੇਸ਼ ਭਾਅ ਜੀ ਨੇ ਇਸ ਬਾਰੇ ਬਹੁਤ ਕੁਝ ਸਰਚ ਕੀਤਾ। ਮੈਕਸੀਕੋ ਤੱਕ ਪਹੁੰਚਣ ਲਈ ਕਿਹੜੇ-ਕਿਹੜੇ ਦੇਸ਼ ’ਚੋਂ ਹੋ ਕੇ ਜਾਣਾ ਪੈਂਦਾ, ਉਸ ਬਾਰੇ ਪੜ੍ਹਿਆ। ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ’ਚ ਕੀਤੀ ਗਈ ਹੈ। ਉਥੇ ਕਾਫ਼ੀ ਮੁਸ਼ਕਿਲ ਆਈ। ਸਾਊਥ ਅਮਰੀਕਾ ਦੇ ਦੇਸ਼ਾਂ ਵਰਗਾ ਮਾਹੌਲ ਪੇਸ਼ ਕਰਨ ’ਚ ਕਾਫ਼ੀ ਮੁਸ਼ਕਿਲ ਆਈ। ਜਿਸ ਤਰ੍ਹਾਂ ਮੈਕਸੀਕੋ ਪਹੁੰਚਣ ਦੌਰਾਨ ਸਫ਼ਰ ਕਰਨਾ ਪੈਂਦਾ ਹੈ, ਉਸ ਸਭ ’ਤੇ ਸਰਚ ਕੀਤੀ ਗਈ। ਡੌਂਕਰਾਂ ਬਾਰੇ ਵੀ ਦਿਖਾਇਆ ਗਿਆ ਕਿ ਉਹ ਕਿਥੋਂ ਚੁੱਕਦੇ ਹਨ ਤੇ ਕਿਥੇ ਛੱਡਦੇ ਹਨ, ਇਹ ਸਭ ਕੁਝ ਦਿਖਾਇਆ ਗਿਆ ਹੈ ਫ਼ਿਲਮ ’ਚ। ਇਹ ਫ਼ਿਲਮ 99 ਫੀਸਦੀ ਅਸਲੀਅਤ ਦੇ ਨੇੜੇ ਹੋਵੇਗੀ।

ਸਵਾਲ : ਫ਼ਿਲਮ ਦੀ ਸ਼ੂਟਿੰਗ ਦੌਰਾਨ ਤੁਹਾਡੇ ਦਿਲ ’ਚ ਕੀ ਆਉਂਦਾ ਸੀ?
ਐਮੀ ਵਿਰਕ :
ਅਸੀਂ ਆਪਣੇ ਵਲੋਂ ਜਿੰਨਾ ਦਿਖਾ ਸਕਦੇ ਸੀ, ਉਹ ਦਿਖਾਇਆ। ਕਈ ਲੋਕਾਂ ਨਾਲ ਇਸ ਤੋਂ ਵੀ ਬਦਤਰ ਹੁੰਦਾ ਹੋਵੇਗਾ ਤੇ ਕਈ ਆਸਾਨੀ ਨਾਲ ਲੰਘ ਜਾਂਦੇ ਹੋਣਗੇ। ਇਸ ਲਈ ਫ਼ਿਲਮ ’ਚ ਅਸੀਂ ਦੋਵਾਂ ਪੱਖਾਂ ਨੂੰ ਦਿਖਾਇਆ ਹੈ। ਫ਼ਿਲਮ ’ਚ ਵੱਖ-ਵੱਖ ਕਿਰਦਾਰ ਨਾਲ ਵੱਖ-ਵੱਖ ਵਰਤਾਰਾ ਵਾਪਰਦਾ ਦਿਖਾਇਆ ਗਿਆ ਹੈ।

ਸਵਾਲ : ਆਉਣ ਵਾਲੇ ਸਾਲਾਂ ’ਚ ‘ਡੌਂਕੀ’ ਨੂੰ ਲੈ ਕੇ ਕੀ ਸੀਨੈਰੀਓ ਹੋਣ ਵਾਲਾ ਹੈ?
ਐਮੀ ਵਿਰਕ :
ਲੋਕ ਬਾਹਰ ਜਾਣਾ ਚਾਹੁੰਦੇ ਹਨ ਕਿਉਂਕਿ ਇਥੇ ਰੁਜ਼ਗਾਰ ਬਹੁਤ ਘੱਟ ਹੈ ਕਿਉਂਕਿ ਸਰਕਾਰਾਂ ਸਾਥ ਨਹੀਂ ਦਿੰਦੀਆਂ। ਕੋਈ ਵਿਆਹ ਕਰਾ ਕੇ ਬਾਹਰ ਚਲਾ ਜਾਂਦਾ ਹੈ ਤਾਂ ਕੋਈ ਪੜ੍ਹ-ਲਿਖ ਕੇ ਤੇ ਜੋ ਇਸ ਤਰ੍ਹਾਂ ਨਹੀਂ ਪਹੁੰਚਦਾ, ਉਹ ਸੋਚਦਾ ਹੈ ਕਿ ਡੌਂਕੀ ਲਾ ਕੇ ਚਲਾ ਜਾਵੇ। ਇਸ ਤਰ੍ਹਾਂ ਜਾਣਾ ਬਹੁਤ ਗ਼ਲਤ ਹੈ। ਤੁਹਾਨੂੰ ਪੜ੍ਹ ਲਿਖ ਕੇ ਵਿਦੇਸ਼ ’ਚ ਜਾ ਕੇ ਸੈੱਟ ਹੋਣਾ ਚਾਹੀਦਾ ਹੈ। ਡੌਂਕੀ ਲਾ ਕੇ ਬਾਹਰ ਜਾਣ ਦੇ ਚੱਕਰ ’ਚ ਕਈ ਨੌਜਵਾਨ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ। ਡੌਂਕੀ ਲਾਉਣ ਦੌਰਾਨ ਬਹੁਤ ਜ਼ਿਆਦਾ ਮੁਸੀਬਤਾਂ ਆਉਂਦੀਆਂ ਹਨ। ਵਿਆਹੀਆਂ ਕੁੜੀਆਂ ਵੀ ਜਾਂਦੀਆਂ ਹਨ ਤੇ ਉਨ੍ਹਾਂ ਨਾਲ ਬਹੁਤ ਬੁਰਾ ਵਿਵਹਾਰ ਹੁੰਦਾ ਹੈ। ਇਸ ਲਈ ਜੇ ਵਿਦੇਸ਼ ਜਾਣਾ ਹੈ ਤਾਂ ਕਾਨੂੰਨੀ ਤੌਰ ’ਤੇ ਹੀ ਜਾਓ।

ਸਵਾਲ : ਫ਼ਿਲਮ ਦਾ ਮਿਊਜ਼ਿਕ ਬਣਾਉਣ ਸਮੇਂ ਦਿਮਾਗ ’ਚ ਕੀ-ਕੀ ਗੱਲਾਂ ਸਨ?
ਐਮੀ ਵਿਰਕ :
ਫ਼ਿਲਮ ’ਚ ਸੱਤ ਗਾਣੇ ਹਨ ਤੇ ਇਨ੍ਹਾਂ ਗਾਣਿਆਂ ’ਚ ਤੁਹਾਨੂੰ ਸਾਰੇ ਰੰਗ ਦੇਖਣ ਨੂੰ ਮਿਲਣਗੇ। ਬੀਰ ਸਿੰਘ ਭਾਅ ਜੀ ਤੇ ਹਰਮਨ ਭਾਅ ਜੀ ਦੇ ਗਾਣੇ ਹਨ। ਹਰ ਸਿਚੁਏਸ਼ਨ ’ਤੇ ਢੁੱਕਵਾਂ ਗਾਣਾ ਤੁਹਾਨੂੰ ਫ਼ਿਲਮ ’ਚ ਦੇਖਣ ਨੂੰ ਮਿਲੇਗਾ। ਰਾਜ ਰਣਜੋਧ ਤੇ ਹੈਪੀ ਰਾਏਕੋਟੀ ਦੇ ਵੀ ਗਾਣੇ ਹਨ।

ਸਵਾਲ : ਕਿਹੜਾ ਕਿਰਦਾਰ ਨਿਭਾਉਣ ਦੀ ਇੱਛਾ ਹੈ?
ਐਮੀ ਵਿਰਕ :
ਪੰਜਾਬ ਪੁਲਸ ਵਾਲੀ ਕਾਮੇਡੀ ਕਰਨੀ ਚਾਹੁੰਦਾ ਹਾਂ। ਇਕ-ਦੋ ਹਿੰਦੀ ਬਾਇਓਪਿਕਸ ਹਨ ਤੇ ਕਾਮੇਡੀ ਹਨ। ਇਕ-ਦੋ ਦਿਨਾਂ ’ਚ ਦੱਸ ਦੇਵਾਂਗੇ। ਹੋਰ ਸਬਜੈਕਟ ਦੇਖਣ ਤੇ ਸੁਣਨ ਨੂੰ ਮਿਲਣਗੇ।

ਸਵਾਲ : ਫ਼ਿਲਮ ਦੇ ਲੇਖਕ ਰਾਕੇਸ਼ ਧਵਨ ਦੀ ਰਾਈਟਿੰਗ ਦੀ ਕੀ ਖ਼ਾਸੀਅਤ ਹੈ?
ਐਮੀ ਵਿਰਕ :
ਉਹ ਬੰਨ੍ਹੇ ਜਿਹੇ ਰਾਈਟਰ ਨਹੀਂ ਹਨ। ਜੇ ਅੱਜ ਕੋਈ ਚੀਜ਼ ਕਰ ਦਿੱਤੀ, ਉਸ ਸੀਨ ਨੂੰ ਅਗਾਂਹ-ਪਿਛਾਂਹ ਕਰਨਾ ਪਵੇ ਤਾਂ ਕਰ ਲੈਂਦੇ ਹਨ। ਉਹ ਇਹ ਨਹੀਂ ਕਹਿੰਦੇ ਕਿ ਇਹ ਸੀਨ ਅੱਜ ਹੀ ਕਰਨਾ ਹੈ। ਉਹ ਦਿਨ ਨੂੰ ਬੇਕਾਰ ਨਹੀਂ ਜਾਣ ਦਿੰਦੇ। ਸਾਡੀ ਫ਼ਿਲਮ ਵੀ ਟ੍ਰੈਵਲਿੰਗ ਵਾਲੀ ਫ਼ਿਲਮ ਸੀ। ਕਈ ਵਾਰ ਮੌਸਮ ਸਾਥ ਨਹੀਂ ਦਿੰਦਾ ਸੀ ਤਾਂ ਕੋਈ ਹੋਰ ਸੀਨ ਫ਼ਿਲਮਾ ਲਿਆ ਜਾਂਦਾ ਸੀ। ਇਹ ਰਾਕੇਸ਼ ਧਵਨ ’ਚ ਵਿਸ਼ੇਸ਼ਤਾ ਹੈ।

ਸਵਾਲ : ਫ਼ਿਲਮ ਦੀ ਸਟਾਰ ਕਾਸਟ ਬਾਰੇ ਦੱਸੋ?
ਐਮੀ ਵਿਰਕ :
ਨਾਸਿਰ ਭਾਅ ਜੀ, ਜ਼ਫਰੀ ਭਾਅ ਜੀ, ਹਨੀ, ਮਿੰਟੂ ਸਾਰੀ ਬੜੀ ਪਿਆਰੀ ਟੀਮ ਸੀ। ਸਾਰਿਆਂ ’ਚ ਅੰਡਰਸਟੈਂਡਿੰਗ ਸੀ। ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਨਿਭਾਇਆ। ਸਾਰੀ ਸਟਾਰ ਕਾਸਟ ਨੇ ਬਹੁਤ ਵਧੀਆ ਕੰਮ ਕੀਤਾ।

ਸਵਾਲ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦੇ ਵਿਸ਼ੇ ਨਾਲ ਫ਼ਿਲਮ ਇੰਡਸਟਰੀ ਦੇ ਸੀਨੈਰੀਓ ’ਚ ਬਦਲਾਅ ਆਏਗਾ?
ਐਮੀ ਵਿਰਕ :
ਜੀ ਹਾਂ, ਸਾਰਿਆਂ ਨੂੰ ਰੰਗ-ਬਿਰੰਗੀਆਂ ਫ਼ਿਲਮਾਂ ਕਰਨੀਆਂ ਚਾਹੀਦੀਆਂ ਹਨ। ਸੇਫ ਸਾਈਡ ਤਾਂ ਹਰ ਬੰਦੇ ਨੂੰ ਖੇਡਣਾ ਚਾਹੀਦਾ ਹੈ। ਤਜਰਬੇ ਵੀ ਕਰਦੇ ਰਹਿਣਾ ਚਾਹੀਦਾ ਹੈ। ਇਕ-ਅੱਧੀ ਫ਼ਿਲਮ ਨਾਲ ਤਜਰਬਾ ਵੀ ਕਰਨਾ ਚਾਹੀਦਾ ਹੈ ਪਰ ਆਪਣੇ ਰਿਸਕ ’ਤੇ। ਫ਼ਿਲਮਾਂ ਨਾਲ ਤਜਰਬੇ ਤਾਂ ਹੋਣੇ ਚਾਹੀਦੇ ਹਨ।


author

Rahul Singh

Content Editor

Related News