ਪੋਲੀਓ ਨਾਲ ਕੀਤੀ ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਦੀ ਤੁਲਨਾ, ਆਖੀ ਵੱਡੀ ਗੱਲ

Sunday, Jan 17, 2021 - 05:16 PM (IST)

ਪੋਲੀਓ ਨਾਲ ਕੀਤੀ ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਦੀ ਤੁਲਨਾ, ਆਖੀ ਵੱਡੀ ਗੱਲ

ਮੁੰਬਈ (ਬਿਊਰੋ)– ਭਾਰਤ ’ਚ ਸ਼ਨੀਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਣ ’ਤੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੇਸ਼ ਕੋਵਿਡ-19 ਤੋਂ ਆਜ਼ਾਦ ਹੋ ਜਾਵੇਗਾ।

ਭਾਰਤ ’ਚ ਪੋਲੀਓ ਦੇ ਖਾਤਮੇ ਲਈ ਯੂਨੀਸੈਫ ਦੇ ਸਦਭਾਵਨਾ ਰਾਜਦੂਤ ਰਹੇ ਅਮਿਤਾਭ ਬੱਚਨ ਨੇ ਟਵੀਟ ਕੀਤਾ, ‘ਜਦੋਂ ਭਾਰਤ ਪੋਲੀਓ ਮੁਕਤ ਹੋਇਆ ਸੀ ਤਾਂ ਇਹ ਸਾਡੇ ਲਈ ਮਾਣ ਵਾਲਾ ਪਲ ਸੀ। ਅਜਿਹਾ ਹੀ ਇਕ ਮਾਣਮੱਤਾ ਪਲ ਉਦੋਂ ਹੋਵੇਗਾ ਜਦੋਂ ਅਸੀਂ ਭਾਰਤ ਨੂੰ ਕੋਵਿਡ-19 ਮੁਕਤ ਕਰਾਉਣ ਦੇ ਯੋਗ ਹੋਵਾਂਗੇ। ਜੈ ਹਿੰਦ।’

ਦੱਸਣਯੋਗ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ’ਚ ਅਮਿਤਾਭ ਬੱਚਨ ਖੁਦ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਸਨ, ਜਿਸ ਤੋਂ ਬਾਅਦ ਉਹ ਦੋ ਹਫਤਿਆਂ ਬਾਅਦ ਇਸ ਵਾਇਰਸ ਤੋਂ ਠੀਕ ਹੋਏ ਸਨ। ਦੇਸ਼ ’ਚ ਮਹਾਮਾਰੀ ਫੈਲਣ ਤੋਂ ਬਾਅਦ ਤੋਂ ਅਮਿਤਾਭ ਸੋਸ਼ਲ ਮੀਡੀਆ ’ਤੇ ਕੋਰੋਨਾ ਵਾਇਰਸ ਬਾਰੇ ਲਿਖ ਰਹੇ ਹਨ।

ਉਥੇ ਅਮਿਤਾਭ ਬੱਚਨ ਹੀ ਨਹੀਂ, ਸਗੋਂ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਕੋਰੋਨਾ ਵਾਇਰਸ ਦਾ ਬਾਲੀਵੁੱਡ ’ਚ ਸਭ ਤੋਂ ਵੱਡਾ ਮਾਮਲਾ ਕਣਿਕਾ ਕਪੂਰ ਨੂੰ ਲੈ ਕੇ ਸਾਹਮਣੇ ਆਇਆ ਸੀ। ਕਣਿਕਾ ਕਪੂਰ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਕਈ ਟੈਸਟ ਵਾਰ-ਵਾਰ ਪਾਜ਼ੇਟਿਵ ਆਏ ਸਨ ਪਰ ਅਖੀਰ ਉਸ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News