ਅਮਿਤਾਭ ਬੱਚਨ ਦਾ ਕਿਰਾਏਦਾਰ ਬਣਿਆ ਸਟੇਟ ਬੈਂਕ ਆਫ ਇੰਡੀਆ, ਹਰ ਮਹੀਨੇ ਦੇਵੇਗਾ 18.9 ਲੱਖ ਰੁਪਏ

Sunday, Oct 10, 2021 - 12:24 PM (IST)

ਅਮਿਤਾਭ ਬੱਚਨ ਦਾ ਕਿਰਾਏਦਾਰ ਬਣਿਆ ਸਟੇਟ ਬੈਂਕ ਆਫ ਇੰਡੀਆ, ਹਰ ਮਹੀਨੇ ਦੇਵੇਗਾ 18.9 ਲੱਖ ਰੁਪਏ

ਮੁੰਬਈ (ਬਿਊਰੋ)– ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ ਹੁਣ ਇਕ ਨਵੇਂ ਕਿਰਾਏਦਾਰ ਦੇ ਰੂਪ ’ਚ ਸਟੇਟ ਬੈਂਕ ਆਫ ਇੰਡੀਆ ਮਿਲਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਮੁੰਬਈ ਦੇ ਪਾਸ਼ ਜੁਹੂ ਇਲਾਕੇ ’ਚ ਬੱਚਨ ਦੇ ਮਾਲਕਾਣਾ ਹੱਕ ਵਾਲੀ ਇਕ ਪ੍ਰਾਪਰਟੀ ਦੇ ਗਰਾਊਂਡ ਫਲੋਰ ਨੂੰ ਲੀਜ਼ ’ਤੇ ਲਿਆ ਹੈ। ਖ਼ਬਰਾਂ ਮੁਤਾਬਕ ਸਰਕਾਰੀ ਬੈਂਕ ਨੇ ਬਾਲੀਵੁੱਡ ਸਟਾਰ ਤੇ ਉਨ੍ਹਾਂ ਦੇ ਬੇਟੇ ਤੇ ਅਦਾਕਾਰ ਅਭਿਸ਼ੇਕ ਬੱਚਨ ਨਾਲ ਐਗਰੀਮੈਂਟ ਕੀਤਾ ਹੈ। ਇਸ ਦੇ ਤਹਿਤ ਉਹ ਜੁਹੂ ’ਚ ਆਪਣੀ ਪਰਿਵਾਰਕ ਰਿਹਾਇਸ਼ ’ਤੇ ਜਲਸਾ ਨੇੜੇ ਇਕ ਬਿਲਡਿੰਗ ’ਚ 3,150 ਵਰਗ ਫੁੱਟ ਸਪੇਸ ਨੂੰ ਲੀਜ਼ ’ਤੇ ਦੇਣਗੇ। ਬੱਚਨ ਦੇ ਜੁਹੂ ਵਿਚ ਉਡੀਕ, ਜਨਕ, ਅੰਮੂ ਅਤੇ ਵਤਸ ਬੰਗਲੇ ਵੀ ਮੌਜੂਦ ਹਨ।

ਪ੍ਰਾਪਰਟੀ ’ਤੇ ਲਗਾਇਆ ਗਿਆ ਪ੍ਰੀਮੀਅਮ ਜਾਇਜ਼
ਰੀਅਲ ਅਸਟੇਟ ਸੈਕਟਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਪ੍ਰਾਪਰਟੀ ’ਤੇ ਲਗਾਇਆ ਗਿਆ ਪ੍ਰੀਮੀਅਮ ਜਾਇਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਾਪਰਟੀ ਮਹਾਨਾਇਕ ਅਮਿਤਾਭ ਬੱਚਨ ਦੀ ਹੈ, ਜਿਨ੍ਹਾਂ ਦਾ ਘਰ ਇਸ ਦੇ ਬਿਲਕੁਲ ਨੇੜੇ ਹੀ ਹੈ। ਇਸ ’ਚ ਪ੍ਰੀਮੀਅਮ ਲੱਗਣਾ ਜ਼ਰੂਰੀ ਸੀ। ਇਸ ਤੋਂ ਇਲਾਵਾ ਇਹ ਜੁਹੂ ਇਲਾਕੇ ਦੀ ਅਹਿਮ ਥਾਂ ਹੈ। ਖੇਤਰ ’ਚ ਮੌਜੂਦਾ ਲੀਜ਼ ਰੈਂਟ 400 ਤੋਂ 500 ਰੁਪਏ ਪ੍ਰਤੀ ਸਕੁਏਅਰ ਫੁੱਟ ਹੈ। ਜੁਹੂ ਮੁੰਬਈ ਦੇ ਸਭ ਤੋਂ ਜ਼ਿਆਦਾ ਪਾਸ਼ ਇਲਾਕਿਆਂ ’ਚੋਂ ਇਕ ਹੈ, ਜਿਥੇ ਕਈ ਬਾਲੀਵੁੱਡ ਹਸਤੀਆਂ ਜਿਵੇਂ ਧਰਮਿੰਦਰ, ਅਨਿਲ ਕਪੂਰ, ਰਾਕੇਸ਼ ਰੌਸ਼ਨ, ਸੰਨੀ ਦਿਓਲ, ਸ਼ਤਰੁਘਨ ਸਿਨ੍ਹਾ ਤੇ ਰੋਹਿਤ ਸ਼ੈੱਟੀ ਦੇ ਘਰ ਮੌਜੂਦ ਹਨ। ਪਿਛਲੇ ਸਾਲ ਅਦਾਕਾਰ ਅਜੇ ਦੇਵਗਨ ਨੇ ਇਸ ਇਲਾਕੇ ’ਚ ਇਕ ਬੰਗਲਾ ਖਰੀਦਿਆ ਸੀ, ਜੋ 474.4 ਸਕੁਏਅਰ ਮੀਟਰ ’ਚ ਫੈਲਿਆ ਹੈ। ਦੇਵਗਨ ਨੇ ਇਸ ਬੰਗਲੇ ਨੂੰ 47.5 ਕਰੋੜ ਰੁਪਏ ਦੀ ਡੀਲ ’ਚ ਖਰੀਦਿਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਚੱਲ ਮੇਰਾ ਪੁੱਤ 3’ ਨੇ ਯੂ. ਕੇ. ’ਚ ਬਣਾਇਆ ਨਵਾਂ ਰਿਕਾਰਡ

15 ਸਾਲ ਦੀ ਲੀਜ਼ ’ਤੇ ਦਿੱਤਾ ਗਰਾਊਂਡ ਫਲੋਰ
ਬੈਂਕ 15 ਸਾਲ ਦੀ ਲੀਜ਼ ਲਈ 18.9 ਲੱਖ ਰੁਪਏ ਮਹੀਨਾ ਕਿਰਾਏ ਦੇ ਤੌਰ ’ਤੇ ਭੁਗਤਾਨ ਕਰੇਗਾ। ਕਿਰਾਏ ’ਚ ਹਰ 5 ਸਾਲਾਂ ’ਚ 25 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਇਹ ਜਾਣਕਾਰੀ ਰੀਅਲ ਅਸਟੇਟ ਐਨਾਲਿਟਿਕਸ ਤੇ ਰਿਸਰਚ ਕੰਪਨੀ ਜੈਪਕੀ ਡਾਟ ਕਾਮ ਰਾਹੀਂ ਐਕਸੈੱਸ ਕੀਤੇ ਗਏ ਦਸਤਾਵੇਜ਼ਾਂ ’ਚ ਲਿਖੀ ਹੈ। ਪਹਿਲਾਂ 5 ਸਾਲਾਂ ’ਚ ਐੱਸ. ਬੀ. ਆਈ. ਨੂੰ ਹਰ ਮਹੀਨੇ 18.9 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਅਗਲੇ 5 ਸਾਲਾਂ ’ਚ ਕਿਰਾਇਆ ਵੱਧ ਕੇ 23.62 ਲੱਖ ਰੁਪਏ ਤੇ ਆਖਰੀ 5 ਸਾਲਾਂ ਲਈ 29.53 ਲੱਖ ਰੁਪਏ ਹੋਵੇਗਾ। ਹਾਲਾਂਕਿ ਅਜਿਹੀਆਂ ਖ਼ਬਰਾਂ ਆਉਣ ਤੋਂ ਬਾਅਦ ਹੁਣ ਤੱਕ ਅਮਿਤਾਭ ਬੱਚਨ ਤੇ ਐੱਸ. ਬੀ. ਆਈ. ਨੇ ਇਸ ਸਿਲਸਿਲੇ ’ਚ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

2.26 ਕਰੋੜ ਰੁਪਏ ਦਾ ਸਕਿਓਰਿਟੀ ਡਿਪਾਜ਼ਿਟ
ਬੈਂਕ ਨੇ 2.26 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਕਿਓਰਿਟੀ ਡਿਪਾਜ਼ਿਟ ਦਾ ਭੁਗਤਾਨ ਕੀਤਾ ਹੈ, ਜੋ ਇਕ ਸਾਲ ਦੇ ਕਿਰਾਏ ਦੇ ਬਰਾਬਰ ਹੈ। ਐਗਰੀਮੈਂਟ 28 ਸਤੰਬਰ, 2021 ਨੂੰ ਰਜਿਸਟਰ ਕੀਤਾ ਗਿਆ ਸੀ। ਐੱਸ. ਬੀ. ਆਈ. ਇਸ ਥਾਂ ’ਚ ਇਕ ਬ੍ਰਾਂਚ ਵੀ ਖੋਲ੍ਹੇਗਾ। ਇਸ ਥਾਂ ਨੂੰ ਸਿਟੀ ਬੈਂਕ ਨੇ ਹਾਲ ਹੀ ’ਚ ਖਾਲੀ ਕੀਤਾ ਸੀ। ਡੀਲ ਲਈ 30.86 ਲੱਖ ਰੁਪਏ ਦੀ ਸਟਾਂਪ ਡਿਊਟੀ ਨਾਲ ਰਜਿਸਟ੍ਰੇਸ਼ਨ ਚਾਰਜ ਦੇ ਤੌਰ ’ਤੇ 30 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News