ਜਦੋਂ ਰਤਨ ਟਾਟਾ ਨੇ ਅਮਿਤਾਭ ਬੱਚਨ ਤੋਂ ਮੰਗੇ ਸਨ ਉਧਾਰ ਪੈਸੇ
Wednesday, Oct 30, 2024 - 12:07 PM (IST)
ਨਵੀਂ ਦਿੱਲੀ : ਦਿੱਗਜਾਂ ਦੀ ਜ਼ਿੰਦਗੀ ਦੇ ਕਿੱਸੇ-ਕਹਾਣੀਆਂ ਭਲਾ ਕਿਸ ਨੂੰ ਸੁਣਨਾ ਚੰਗਾ ਨਹੀਂ ਲੱਗਦਾ ਤੇ ਜਦੋਂ ਕਹਾਣੀ ਸੁਣਾਉਣ ਵਾਲਾ ਬਾਲੀਵੁੱਡ ਦਾ ਮਹਾਨ ਅਦਾਕਾਰ ਅਮਿਤਾਭ ਬੱਚਨ ਤੇ ਕਿਰਦਾਰ ਦੇਸ਼ ਦੇ ਮੁੱਖ ਸਨਅਤਕਾਰ ਰਤਨ ਟਾਟਾ ਹੋਣ ਤਾਂ ਫਿਰ ਇਸ ਨੂੰ ਸੁਣਨ ਦਾ ਮਜ਼ਾ ਕਈ ਗੁਣਾ ਵੱਧ ਜਾਂਦਾ ਹੈ। ਛੋਟੇ ਪਰਦੇ ਦੇ ਮਸ਼ਹੂਰ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦੇ ਸੀਜ਼ਨ 16 ’ਚ ਅਮਿਤਾਭ ਬੱਚਨ ਨੇ ਟਾਟਾ ਨਾਲ ਜੁੜਿਆ ਕਿੱਸਾ ਸੁਣਾਉਂਦੇ ਹੋਏ ਟਾਟਾ ਦੀ ਸਰਲਤਾ ਤੇ ਮਨੁੱਖਤਾ ਦੀ ਸ਼ਲਾਘਾ ਕੀਤੀ।
'ਕੇਬੀਸੀ' ਦੇ ਖਾਸ ਐਪੀਸੋਡ ’ਚ ਮਹਿਮਾਨ ਦੇ ਤੌਰ ’ਤੇ ਆਏ ਫ਼ਿਲਮ ਨਿਰਮਾਤਾ ਫਰਹਾ ਖ਼ਾਨ ਤੇ ਅਦਾਕਾਰ ਬੋਮਨ ਇਰਾਨੀ ਨਾਲ ਗੱਲਬਾਤ ਦੌਰਾਨ ਅਮਿਤਾਭ ਨੇ ਦੱਸਿਆ ਕਿ ਇਕ ਵਾਰ ਲੰਡਨ ਜਾਣ ਵਾਲੇ ਜਹਾਜ਼ ’ਚ ਰਤਨ ਟਾਟਾ ਵੀ ਮੌਜੂਦ ਸਨ। ਟਾਟਾ ਨੂੰ ਜ਼ਰੂਰੀ ਫੋਨ ਕਰਨਾ ਸੀ ਪਰ ਉਨ੍ਹਾਂ ਦਾ ਅਸਿਸਟੈਂਟ ਨਹੀਂ ਮਿਲ ਰਿਹਾ ਸੀ। ਅਮਿਤਾਭ ਨੇ ਕਿਹਾ, ''ਉਹ ਫੋਨ ਕਰਨ ਲਈ ਫੋਨ ਬੂਥ ’ਚ ਗਏ। ਮੈਂ ਵੀ ਉਧਰ ਬਾਹਰ ਖੜ੍ਹਾ ਸੀ। ਥੋੜ੍ਹੀ ਦੇਰ ਬਾਅਦ ਉਹ ਆਏ ਤੇ ਮੈਨੂੰ ਯਕੀਨ ਨਹੀਂ ਹੋਇਆ, ਜੋ ਉਨ੍ਹਾਂ ਨੇ ਕਿਹਾ। ਅਮਿਤਾਭ ਕੀ ਤੁਸੀਂ ਮੈਨੂੰ ਕੁਝ ਪੈਸੇ ਉਧਾਰ ਦੇ ਸਕਦੇ ਹੋ? ਮੇਰੇ ਕੋਲ ਫੋਨ ਕਰਨ ਲਈ ਪੈਸੇ ਨਹੀਂ ਹਨ।'' ਟਾਟਾ ਨਾਲ ਜੁੜਿਆ ਇਹ ਕਿੱਸਾ ਸੁਣ ਕੇ ਨਾ ਸਿਰਫ ਮਹਿਮਾਨ, ਬਲਕਿ ਦਰਸ਼ਕ ਵੀ ਹੈਰਾਨ ਰਹਿ ਗਏ।
ਦੱਸਣਯੋਗ ਹੈ ਕਿ ਰਤਨ ਟਾਟਾ ਨੇ ਬਹੁਤ ਸਾਰੇ ਲੋਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ ਅਤੇ ਉਨ੍ਹਾਂ ਦੀ ਨਿਮਰਤਾ ਵਪਾਰਕ ਸੰਸਾਰ ਤੋਂ ਪਰੇ ਆਪਣੇ ਨਿੱਜੀ ਸਬੰਧਾਂ ਅਤੇ ਵਿਵਹਾਰ ਤੱਕ ਫੈਲ ਗਈ। ਉਨ੍ਹਾਂ ਨੇ ਦੋ ਦਹਾਕਿਆਂ ਤੱਕ ਟਾਟਾ ਗਰੁੱਪ ਦੀ ਅਗਵਾਈ ਕੀਤੀ। ਟਾਟਾ ਨੇ ਇੱਕ ਵਿਰਾਸਤ ਬਣਾਈ ਜਿਸ ਨੇ ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਕਈ ਸੈਕਟਰਾਂ ‘ਤੇ ਆਪਣੀ ਛਾਪ ਛੱਡੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਪੂਰੇ ਦੇਸ਼ 'ਚ ਹਲਚਲ ਮਚਾ ਦਿੱਤੀ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ-ਟੀਵੀ ਸੈਲੇਬਸ, ਸਿਆਸਤਦਾਨਾਂ, ਖਿਡਾਰੀਆਂ ਤੱਕ, ਸਾਰਿਆਂ ਨੇ ਦੁੱਖ ਪ੍ਰਗਟ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।