ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਮਨਜਿੰਦਰ ਸਿਰਸਾ ਨੇ ਟਵੀਟ ਕਰ ਦਿੱਤੀ ਜਾਣਕਾਰੀ
Monday, May 10, 2021 - 10:08 AM (IST)
ਮੁੰਬਈ: ਕੋਰੋਨਾ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ’ਚ ਹਾਹਾਕਾਰ ਮਚਾਈ ਹੋਈ ਹੈ। ਰੋਜ਼ਾਨਾ ਲੱਖਾਂ ਲੋਕ ਇਸ ਵਾਇਰਸ ਦੀ ਚਪੇਟ ’ਚ ਆ ਰਹੇ ਹਨ। ਉੱਧਰ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਆਲਮ ਹੈ ਕਿ ਹਸਪਤਾਲਾਂ ’ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਘਾਟ ਆ ਰਹੀ ਹੈ। ਇਸ ਦੁੱਖ ਦੀ ਘੜੀ ’ਚ ਹਰ ਕੋਈ ਆਪਣੇ ਅਨੁਸਾਰ ਦੇਸ਼ ਦੀ ਮਦਦ ਕਰ ਰਿਹਾ ਹੈ। ਬੀ-ਟਾਊਨ ਸਿਤਾਰੇ ਵੀ ਮਦਦ ਦਾ ਹੱਥ ਵਧਾ ਰਹੇ ਹਨ। ਹੁਣ ਇਸ ਲਿਸਟ ’ਚ ਬਾਲੀਵੁੱਡ ਦੇ ਮਹਾਨਾਇਕ ਭਾਵ ਅਮਿਤਾਭ ਬੱਚਨ ਦਾ ਨਾਂ ਜੁੜ ਗਿਆ ਹੈ।
ਬਿਗ ਬੀ ਨੇ ਦਿੱਲੀ ਦੇ ਰਕਾਬ ਗੰਜ ਗੁਰਦੁਆਰੇ ’ਚ ਕੋਵਿਡ-ਦੇਖ਼ਭਾਲ ਸੁਵਿਧਾ ਲਈ 2 ਕਰੋੜ ਦਾਨ ’ਚ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ।
ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ-‘ਸਿੱਖ ਮਹਾਨ ਹਨ, ਸਿੱਖਾਂ ਦੀ ਸੇਵਾ ਨੂੰ ਸਲਾਮ... ਇਹ ਸ਼ਬਦ ਸਨ ਅਮਿਤਾਭ ਬੱਚਨ ਜੀ ਦੇ ਜਦੋਂ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਸੁਵਿਧਾ ਲਈ 2 ਕਰੋੜ ਦਾ ਯੋਗਦਾਨ ਦਿੱਤਾ ਹੈ। ਦਿੱਲੀ ਆਕਸੀਜਨ ਨਾਲ ਜੂਝ ਰਹੀ ਹੈ। ਅਮਿਤਾਭ ਜੀ ਰੋਜ਼ਾਨਾ ਮੈਨੂੰ ਫੋਨ ਕਰਕੇ ਸੁਵਿਧਾ ਦੇ ਬਾਰੇ ’ਚ ਜਾਇਜ਼ਾ ਲੈਂਦੇ ਰਹਿੰਦੇ ਹਨ’।
T 3900 - Privileged to be a part of the concert .. and the fight for India .. pic.twitter.com/vlyhKVc6QG
— Amitabh Bachchan (@SrBachchan) May 9, 2021
ਇੰਨਾ ਹੀ ਨਹੀਂ ਸਿਰਸਾ ਨੇ ਦੱਸਿਆ ਕਿ ਬਿਗ ਬੀ ਨੇ ਇਹ ਵੀ ਸੁਨਿਸ਼ਚਿਤ ਕੀਤਾ ਕਿ ਵਿਦੇਸ਼ਾਂ ਤੋਂ ਆਕਸੀਜਨ ਕੰਟੇਨਰਸ ਕੋਵਿਡ ਦੇਖ਼ਭਾਲ ਕੇਂਦਰ ਤੱਕ ਪਹੁੰਚੇ। ਦੱਸ ਦੇਈਏ ਕਿ ਰਕਾਬ ਗੰਜ ਗੁਰਦੁਆਰੇ ’ਚ ਸੈਂਟਰ ਸੋਮਵਾਰ ਨੂੰ ਕੋਵਿਡ ਮਰੀਜ਼ਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਸੈਂਟਰ ’ਚ 300 ਬੈੱਡ, ਆਕਸੀਜਨ, ਡਾਕਟਰ, ਪੈਰਾਮੈਡੀਕਸ ਅਤੇ ਐਂਬੂਲੈਂਸ ਹੋਣਗੀਆਂ।