ਇੰਟੀਮੇਟ ਵਾਚ ਹੈ ‘ਡਾਰਲਿੰਗਜ਼’! ਹਸਬੈਂਡ, ਫਰੈਂਡ, ਬੁਆਏਫਰੈਂਡ ਕਿਸੇ ਨਾਲ ਵੀ ਦੇਖ ਸਕਦੇ ਹਾਂ : ਆਲੀਆ ਭੱਟ

Thursday, Aug 04, 2022 - 01:50 PM (IST)

ਇੰਟੀਮੇਟ ਵਾਚ ਹੈ ‘ਡਾਰਲਿੰਗਜ਼’! ਹਸਬੈਂਡ, ਫਰੈਂਡ, ਬੁਆਏਫਰੈਂਡ ਕਿਸੇ ਨਾਲ ਵੀ ਦੇਖ ਸਕਦੇ ਹਾਂ : ਆਲੀਆ ਭੱਟ

ਕਾਫੀ ਦਿਨਾਂ ਤੋਂ ਆਲੀਆ ਭੱਟ ਆਪਣੀ ਆਉਣ ਵਾਲੀ ਫ਼ਿਲਮ ‘ਡਾਰਲਿੰਗਜ਼’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਉਹ ਇਸ ਫ਼ਿਲਮ ਰਾਹੀਂ ਪ੍ਰੋਡਕਸ਼ਨ ਦੀ ਦੁਨੀਆ ’ਚ ਕਦਮ ਰੱਖਣ ਜਾ ਰਹੀ ਹੈ। ਫ਼ਿਲਮ ’ਚ ਆਲੀਆ ਭੱਟ, ਸ਼ੈਫਾਲੀ ਸ਼ਾਹ, ਵਿਜੇ ਵਰਮਾ ਤੇ ਰੌਸ਼ਨ ਮੈਥਿਊ ਨੇ ਕੰਮ ਕੀਤਾ ਹੈ। ਦੱਸ ਦੇਈਏ ਕਿ ‘ਡਾਰਲਿੰਗਜ਼’ 5 ਅਗਸਤ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਆਲੀਆ ਦੇ ਨਾਲ ਸ਼ਾਹਰੁਖ ਖ਼ਾਨ ਦੀ ਰੈੱਡ ਚਿੱਲੀਜ਼ ਐਂਟਰਟੇਨਮੈਂਟ ਨੇ ਵੀ ਪ੍ਰੋਡਿਊਸ ਕੀਤਾ ਹੈ। ‘ਡਾਰਲਿੰਗਜ਼’ ਇਕ ਡਾਰਕ ਕਾਮੇਡੀ ਫ਼ਿਲਮ ਹੈ, ਜਿਸ ’ਚ ਮਾਂ-ਧੀ ਦੀ ਜ਼ਿੰਦਗੀ ਦੇਖਣ ਨੂੰ ਮਿਲੇਗੀ। ਆਲੀਆ ਇਸ ’ਚ ਇਕ ਅਜਿਹੀ ਔਰਤ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਘਰੇਲੂ ਸ਼ੋਸ਼ਣ ਤੋਂ ਬਾਅਦ ਆਪਣੇ ਪਤੀ ਤੋਂ ਬਦਲਾ ਲੈਂਦੀ ਹੈ। ਫ਼ਿਲਮ ਦੀ ਪੂਰੀ ਸਟਾਰਕਾਸਟ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਦੇ ਦਫ਼ਤਰ ’ਚ ਪਹੁੰਚੀ। ਪੇਸ਼ ਹਨ ਇਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–

‘ਸਿੱਖਣ ਦੀ ਕੋਈ ਰੂਲ ਬੁੱਕ ਨਹੀਂ ਹੁੰਦੀ’ : ਆਲੀਆ ਭੱਟ

ਸਵਾਲ– ਤੁਸੀਂ ਬਹੁਤ ਮੈਚਿਓਰ ਗੱਲਾਂ ਕਰਨ ਲੱਗੇ ਹੋ, ਕੀ ਤੁਹਾਨੂੰ ਅਜਿਹਾ ਮਹਿਸੂਸ ਹੁੰਦਾ ਹੈ?
ਜਵਾਬ–
ਹਾਂ ਪਰ ਇਹ ਮੈਨੂੰ ਵੀ ਨਹੀਂ ਪਤਾ ਕਿ ਇਹ ਕਿਵੇਂ ਹੋਇਆ। ਮੈਨੂੰ ਲੱਗਦਾ ਹੈ ਕਿ ਇਹ ਸਮੇਂ ਦੇ ਨਾਲ-ਨਾਲ ਤੇ ਇਕ ਉਮਰ ਤੋਂ ਬਾਅਦ ਹੋ ਜਾਂਦਾ ਹੈ। ਅੱਜ 10 ਸਾਲ ਹੋ ਗਏ ਹਨ ਮੈਨੂੰ ਇੰਡਸਟਰੀ ’ਚ ਆਈ ਨੂੰ ਤੇ ਹਰ 10 ਸਾਲਾਂ ’ਚ ਕਾਫੀ ਕੁਝ ਬਦਲ ਜਾਂਦਾ ਹੈ। ਜਿਵੇਂ ਲੋੜਾਂ ਬਦਲਦੀਆਂ ਹਨ, ਡ੍ਰੀਮਜ਼ ਵੀ ਬਦਲ ਜਾਂਦੇ ਹਨ। ਬਸ ਇਹੀ ਹੈ, ਕਈ ਲੋਕ ਇਸ ਨੂੰ ਮੈਚਿਓਰਿਟੀ ਕਹਿ ਦਿੰਦੇ ਹਨ।

ਸਵਾਲ– ਤੁਸੀਂ ਆਪਣੀ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਨੂੰ ਬਹੁਤ ਵਧੀਆ ਢੰਗ ਨਾਲ ਮੈਨੇਜ ਕਰ ਰਹੇ ਹੋ। ਇਹ ਮੈਨੇਜਮੈਂਟ ਕਿਥੋਂ ਸਿੱਖੀ?
ਜਵਾਬ–
ਮੈਨੂੰ ਲੱਗਦਾ ਹੈ ਕਿ ਇਹ ਸਭ ਸਿੱਖਣ ਲਈ ਕੋਈ ਰੂਲ ਬੁੱਕ ਨਹੀਂ ਹੁੰਦੀ। ਇਹ ਆਪਣੇ-ਆਪ ਆ ਜਾਂਦਾ ਹੈ ਕਿ ਕਿਵੇਂ ਸਭ ਬੈਲੇਂਸ ਕਰਨਾ ਹੈ। ਥੋੜ੍ਹਾ ਮੁਸ਼ਕਿਲ ਹੈ ਪਰ ਪ੍ਰਾਇਰਟੀਜ਼ ਕਲੀਅਰ ਰੱਖੀਏ ਤਾਂ ਸਭ ਹੋ ਜਾਂਦਾ ਹੈ।

ਸਵਾਲ– ਤੁਹਾਡੀਆਂ ਸਾਰੀਆਂ ਫ਼ਿਲਮਾਂ ਬਹੁਤ ਵਧੀਆ ਤੇ ਵੱਖਰੀਆਂ ਹੁੰਦੀਆਂ ਹਨ। ਤੁਸੀਂ ਸਕ੍ਰਿਪਟ ’ਚ ਸਭ ਤੋਂ ਵੱਧ ਕਿਸ ਚੀਜ਼ ’ਤੇ ਫੋਕਸ ਕਰਦੇ ਹੋ?
ਜਵਾਬ–
ਇਸ ਦਾ ਕੋਈ ਫਾਰਮੂਲਾ ਨਹੀਂ। ਸਕ੍ਰਿਪਟ ਪੜ੍ਹਦਿਆਂ ਮੈਂ ਪਹਿਲਾਂ ਇਹ ਦੇਖਦੀ ਹਾਂ ਕਿ ਦਰਸ਼ਕ ਦੇ ਤੌਰ ’ਤੇ ਫ਼ਿਲਮ ਨੂੰ ਇੰਜੁਆਏ ਕਰਾਂਗੀ ਜਾਂ ਨਹੀਂ। ਇਹ ਕਦੇ ਨਹੀਂ ਸੋਚਦੀ ਕਿ ਕਿਰਦਾਰ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਸਿਰਫ਼ ਮੇਰੇ ਕਿਰਦਾਰ ਦੇ ਚੰਗਾ ਹੋਣ ਨਾਲ ਕੁਝ ਨਹੀਂ ਹੋਵੇਗਾ। ਇਕ-ਦੋ ਨਹੀਂ ਸਗੋਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਹਨ।

ਸਵਾਲ– ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਕਿਉਂ ਨਹੀਂ ਕੀਤੀ ਜਾ ਰਹੀ?
ਜਵਾਬ–
ਦੇਖੋ, ਇਸ ਦਾ ਰੀਜ਼ਨ ਇਹ ਹੈ ਕਿ ਇਹ ਫ਼ਿਲਮ ਲਾਰਜਰ ਦੈਨ ਲਾਈਫ ਨਹੀਂ ਹੈ। ਇਸ ’ਚ ਸਭ ਕੁਝ ਹੈ ਪਰ ਥੀਏਟਰ ਵਾਲਾ ਵੱਡਾ-ਵੱਡਾ ਨਹੀਂ ਹੈ। ਇਹ ਇੰਟੀਮੇਟ ਵਾਚ ਫ਼ਿਲਮ ਹੈ। ਤੁਸੀਂ ਇਸ ਨੂੰ ਹਸਬੈਂਡ, ਫਰੈਂਡ, ਬੁਆਏਫਰੈਂਡ ਕਿਸੇ ਦੇ ਨਾਲ ਵੀ ਇੰਜੁਆਏ ਕਰ ਸਕਦੇ ਹੋ। ਇਸ ’ਚ ਐਕਸ਼ਨ, ਕਾਮੇਡੀ, ਥ੍ਰਿਲ ਤੇ ਇਮੋਸ਼ਨ ਸਭ ਕੁਝ ਹੈ ਪਰ ਨਾਲ ਹੀ ਇਹ ਇੰਟੀਮੇਟ ਵਾਚ ਹੈ।

‘ਜੋ ਮੇਰਾ ਮਨ ਕਹਿੰਦਾ ਹੈ, ਉਹੀ ਕਰਦੀ ਹਾਂ’ : ਸ਼ੈਫਾਲੀ ਸ਼ਾਹ

ਸਵਾਲ– ਆਲੀਆ ਨਾਲ ਤੁਹਾਡੀ ਆਫ-ਸਕ੍ਰੀਨ ਕੈਮਿਸਟਰੀ ਕਿਹੋ-ਜਿਹੀ ਹੈ?
ਜਵਾਬ–
ਕੈਮਿਸਟਰੀ ਬਣਾਈ ਨਹੀਂ ਜਾਂਦੀ, ਇਹ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ। ਆਲੀਆ ਸੈੱਟ ’ਤੇ ਬਹੁਤ ਚੰਗੀ ਤਰ੍ਹਾਂ ਰਹਿੰਦੀ ਸੀ। ਇਕ ਵੀ ਦਿਨ ਮੈਨੂੰ ਅਜਿਹਾ ਨਹੀਂ ਲੱਗਾ ਕਿ ਉਹ ਫ਼ਿਲਮ ਦੀ ਪ੍ਰੋਡਿਊਸਰ ਹੈ।

ਸਵਾਲ– ਕਿਸੇ ਫ਼ਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਤੁਹਾਡਾ ਫੋਕਸ ਕਿਸ ਚੀਜ਼ ’ਤੇ ਹੁੰਦਾ ਹੈ?
ਜਵਾਬ–
ਅਜਿਹੀ ਕੋਈ ਇਕ ਚੀਜ਼ ਨਹੀਂ ਹੈ, ਜੋ ਮੈਂ ਦੱਸ ਸਕਾਂਗੀ। ਸਕ੍ਰਿਪਟ ਪੜ੍ਹਦੇ ਸਮੇਂ ਮੇਰਾ ਜੋ ਮਨ ਕਹਿੰਦਾ ਹੈ, ਉਹੀ ਕਰਦੀ ਹਾਂ ਤੇ ਖ਼ੁਸ਼ਕਿਸਮਤੀ ਨਾਲ ਇਹ ਫਾਰਮੂਲਾ ਮੇਰੇ ਲਈ ਕੰਮ ਵੀ ਕਰਦਾ ਹੈ। ਮੈਂ ਕਈ ਵੱਡੀਆਂ ਫ਼ਿਲਮਾਂ ਕਰਨ ਤੋਂ ਇਨਕਾਰ ਕਰ ਚੁੱਕੀ ਹਾਂ, ਸਿਰਫ ਇਸ ਲਈ ਕਿਉਂਕਿ ਮਨ ’ਚੋਂ ਆਵਾਜ਼ ਨਹੀਂ ਆਈ ਕਿ ਮੈਨੂੰ ਇਹ ਕਿਰਦਾਰ ਕਰਨਾ ਚਾਹੀਦਾ ਹੈ।

ਸਵਾਲ– ਫ਼ਿਲਮ ’ਚ ਕਿਰਦਾਰਾਂ ਦੀ ਕੀ ਮਹੱਤਤਾ ਹੈ? ਕੀ ਹੁਣ ਵੀ ਪੂਰੀ ਫ਼ਿਲਮ ਹੀਰੋ ਜਾਂ ਹੀਰੋਇਨ ’ਤੇ ਹੀ ਨਿਰਭਰ ਹੁੰਦੀ ਹੈ?
ਜਵਾਬ–
ਅਜਿਹਾ ਨਹੀਂ ਹੈ, ਹਰ ਕਿਰਦਾਰ ਜ਼ਰੂਰੀ ਹੁੰਦਾ ਹੈ। ਮੈਨੂੰ ਬਹੁਤ ਛੋਟੀ ਉਮਰ ’ਚ ਮਾਂ ਦੇ ਰੋਲ ਲਈ ਟਾਈਪਕਾਸਟ ਕੀਤਾ ਗਿਆ ਸੀ। ਮੈਂ ਉਸ ਨਿਸ਼ਚਿਤ ਉਮਰ ਤਕ ਪਹੁੰਚੀ ਵੀ ਨਹੀਂ ਸੀ। ਮੈਂ ਇਕ ਸ਼ੋਅ ਕੀਤਾ, ਜਿਸ ’ਚ 20 ਸਾਲ ਦੀ ਉਮਰ ’ਚ ਮੈਂ 15 ਸਾਲ ਦੇ ਬੱਚੇ ਦੀ ਮਾਂ ਦੀ ਭੂਮਿਕਾ ਨਿਭਾਈ ਸੀ। ਫਿਰ ਜਦੋਂ ਮੈਂ 28-30 ਸਾਲ ਦੀ ਸੀ ਤਾਂ ਅਕਸ਼ੇ ਕੁਮਾਰ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।

ਸਵਾਲ– ਤੁਹਾਡੇ ਮੁਤਾਬਕ ਫ਼ਿਲਮਾਂ ਲੋਕਾਂ ਦੀ ਸੋਚ ਬਦਲਣ ਦੀ ਕਿੰਨੀ-ਕੁ ਤਾਕਤ ਰੱਖਦੀਆਂ ਹਨ?
ਜਵਾਬ–
ਮੇਰਾ ਮੰਨਣਾ ਹੈ ਕਿ ਫ਼ਿਲਮਾਂ ਰਾਹੀਂ ਅਸੀਂ ਸਮਾਜ ’ਚ ਕਈ ਤਬਦੀਲੀਆਂ ਲਿਆ ਸਕਦੇ ਹਾਂ। ਜੇ ਅਸੀਂ ਇਕ ਛੋਟੀ ਜਿਹੀ ਵੀ ਤਬਦੀਲੀ ਲਿਆ ਸਕਦੇ ਹਾਂ ਤਾਂ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ।

‘ਹਾਰਰ ਵੀ ਪਸੰਦ ਹੈ, ਪਰ ਇਕੱਲਾ ਨਹੀਂ ਦੇਖਦਾ’ : ਵਿਜੇ ਵਰਮਾ

ਸਵਾਲ– ਇਸ ਫ਼ਿਲਮ ਦੀ ਸ਼ੁਰੂਆਤ ਕਿਵੇਂ ਹੋਈ?
ਜਵਾਬ–
ਜਦੋਂ ਲਾਕਡਾਊਨ ਸ਼ੁਰੂ ਹੋਇਆ ਸੀ, ਉਸ ਵੇਲੇ ਹੀ ਇਸ ਦੀ ਸ਼ੁਰੂਆਤ ਹੋਈ। ਮੈਨੂੰ ਫੋਨ ਆਇਆ ਕਿ ਆਲੀਆ ਸਕ੍ਰਿਪਟ ਭੇਜ ਰਹੀ ਹੈ, ਉਸ ਨੂੰ ਪੜ੍ਹੋ। ਜਦੋਂ ਮੈਂ ਸਕ੍ਰਿਪਟ ਪੜ੍ਹੀ ਤਾਂ ਬਹੁਤ ਜ਼ਬਰਦਸਤ ਲੱਗੀ। ਹਾਂ, ਕਿਰਦਾਰ ’ਚ ਕੁਝ ਚੀਜ਼ਾਂ ਬਹੁਤ ਡਰਾਉਣੀਆਂ ਲੱਗੀਆਂ। ਫਿਰ ਮੈਂ ਉਸ ’ਤੇ ਡਾਇਰੈਕਟਰ ਨਾਲ ਜ਼ੂਮ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਕਿਰਦਾਰ ਨੂੰ ਲੈ ਕੇ ਕਿਹੋ-ਜਿਹੀ ਅਪ੍ਰੋਚ ਰਹੇਗੀ। ਕਿਵੇਂ ਉਹ ਹਿਊਮਰ ਨੂੰ ਕੱਢ ਕੇ ਲਿਆਉਣਗੇ? ਬਸ ਇਥੋਂ ਹੀ ਇਸ ਫ਼ਿਲਮ ਨਾਲ ਮੇਰੀ ਸ਼ੁਰੂਆਤ ਹੋਈ।

ਸਵਾਲ– ਫ਼ਿਲਮਾਂ ਪ੍ਰਤੀ ਤੁਹਾਡੀ ਕੀ ਅਪ੍ਰੋਚ ਹੈ? ਸਕ੍ਰਿਪਟ, ਕੋ-ਸਟਾਰ ਜਾਂ ਡਾਇਰੈਕਟਰ?
ਜਵਾਬ–
ਪਹਿਲਾਂ ਜਦੋਂ ਮੈਂ ਆਇਆ ਸੀ ਤਾਂ ਸਿਰਫ ਇਹ ਹੁੰਦਾ ਸੀ ਕਿ ਰੋਲ ਮਿਲ ਜਾਵੇ। ਫਿਰ ਅਜਿਹਾ ਹੋਇਆ ਕਿ ਚੰਗੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਜਿਸ ਮੁਕਾਮ ’ਤੇ ਹਾਂ ਤਾਂ ਸੋਚਦਾ ਹਾਂ ਕਿ ਮੈਨੂੰ ਅਜਿਹਾ ਕੁਝ ਕਰਨਾ ਚਾਹੀਦਾ ਹੈ, ਜੋ ਪਹਿਲਾਂ ਨਾ ਕੀਤਾ ਹੋਵੇ। ਮਤਲਬ ਕੁਝ ਵੱਖਰਾ ਕਰਨ ਨੂੰ ਮਿਲੇ। ਲੋਕਾਂ ਨੂੰ ਮੇਰਾ ਇਹ ਕੰਮ ਪਸੰਦ ਆ ਰਿਹਾ ਹੈ ਤਾਂ ਸੋਚਦਾ ਹਾਂ ਕੁਝ ਚੰਗਾ ਕਰਾਂ।

ਸਵਾਲ– ਪਰਸਨਲ ਲਾਈਫ ’ਚ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹੋ?
ਜਵਾਬ–
ਪਰਸਨਲ ਲਾਈਫ ’ਚ ਕਾਮੇਡੀ ਫ਼ਿਲਮਾਂ, ਡਾਰਕ ਕਾਮੇਡੀ, ਡਾਰਕ ਰੋਮਾਂਸ ਤੇ ਜ਼ੌਂਬੀ ਫ਼ਿਲਮਾਂ ਪਸੰਦ ਹਨ। ਹਾਰਰ ਵੀ ਪਸੰਦ ਹੈ ਪਰ ਇਕੱਲਾ ਨਹੀਂ ਦੇਖਦਾ।

ਸਵਾਲ– ਜਿਵੇਂ ਪਹਿਲਾਂ ਸਿਰਫ ਸੁਪਰਸਟਾਰ ਦੀਆਂ ਫ਼ਿਲਮਾਂ ਹੀ ਚੱਲਦੀਆਂ ਸਨ, ਹੁਣ ਕਾਫੀ ਚੇਂਜ ਆਇਆ ਹੈ। ਹੁਣ ਕਹਾਣੀ ਹੀਰੋ ਬਣ ਗਈ ਹੈ, ਇਸ ਬਾਰੇ ਕੀ ਕਹੋਗੇ?
ਜਵਾਬ–
ਦੇਖੋ, ਚੇਂਜ ਤਾਂ ਬਹੁਤ ਆ ਗਿਆ ਹੈ। ਮੇਰੇ ਕੋਲ ਇਕ ਡਾਇਰੈਕਟਰ ਆਏ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਕੋਲ ਇਸ ਲਈ ਆਇਆ ਹਾਂ ਕਿਉਂਕਿ ਤੁਹਾਡੇ ਹੋਣ ਨਾਲ ਮੇਰੀ ਫ਼ਿਲਮ ਨੂੰ ਕ੍ਰਿਟਿਕਸ ਦਾ ਇਕ ਸਟਾਰ ਐਕਸਟ੍ਰਾ ਮਿਲੇਗਾ। ਵਿਜੇ ਹੱਸਦੇ ਹੋਏ ਕਹਿੰਦੇ ਹਨ– ਇਸ ਦਾ ਮਤਲਬ ਹੈ ਕਿ ਮੈਂ ਸਟਾਰ ਹਾਂ।


author

Rahul Singh

Content Editor

Related News