ਅਦਾਕਾਰਾ ਆਲੀਆ ਭੱਟ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

12/18/2021 10:18:13 AM

ਮੁੰਬਈ (ਬਿਊਰੋ) -  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ 'ਚ ਦਿੱਲੀ ਆਈ ਸੀ। ਉਹ ਇੱਥੇ ਰਣਬੀਰ ਕਪੂਰ ਅਤੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਦੀ ਪ੍ਰਮੋਸ਼ਨ ਲਈ ਆਈ ਹੋਈ ਸੀ। ਉਹ ਚਾਰਟਰਡ ਜਹਾਜ਼ ਰਾਹੀਂ ਦਿੱਲੀ ਪਹੁੰਚੀ ਸੀ। ਉਸ ਸਮੇਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਸੀ। ਆਲੀਆ ਨੇ ਫਿਲਮਕਾਰ ਕਰਨ ਜੌਹਰ ਦੀ ਪਾਰਟੀ 'ਚ ਸ਼ਿਰਕਤ ਕੀਤੀ ਸੀ। ਇਸ ਪਾਰਟੀ 'ਚ ਸ਼ਾਮਲ ਹੋਏ 4 ਮਹਿਮਾਨ ਮਹੀਪ ਕਪੂਰ, ਸੀਮਾ ਖ਼ਾਨ, ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਬੀ. ਐੱਮ. ਸੀ. ਨੇ ਆਲੀਆ ਨੂੰ ਕੁਆਰੰਟੀਨ 'ਚ ਰਹਿਣ ਦੇ ਨਿਰਦੇਸ਼ ਦਿੱਤੇ ਸਨ।

ਆਲੀਆ ਨੇ ਤੋੜਿਆ ਕੋਵਿਡ ਨਿਯਮਾਂ ਨੂੰ
ਆਲੀਆ ਭੱਟ ਨੇ ਕੋਵਿਡ ਨਿਯਮਾਂ ਨੂੰ ਤੋੜਿਆ ਅਤੇ ਦਿੱਲੀ ਆ ਗਈ। ਦਿੱਲੀ ਆਉਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਪੁੱਜੀ। ਇਸ ਤੋਂ ਬਾਅਦ ਉਹ 'ਬ੍ਰਹਮਾਸਤਰ' ਦੇ ਪੋਸਟਰ ਲਾਂਚ ਈਵੈਂਟ 'ਚ ਪਹੁੰਚੀ। ਹੁਣ BMC ਮਹਾਮਾਰੀ ਐਕਟ ਦੇ ਤਹਿਤ ਇਸ ਵਿਵਹਾਰ ਲਈ ਆਲੀਆ ਭੱਟ ਖ਼ਿਲਾਫ਼ FIR ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਆਲੀਆ ਨੇ ਤੋੜਿਆ ਘਰੇਲੂ ਕੁਆਰੰਟੀਨ ਨਿਯਮ (Alia Bhatt Home Quarntine)। ਬੀ. ਐੱਮ. ਸੀ. ਨੇ ਉਸ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਆਲੀਆ ਲਈ 14 ਦਿਨ ਹੋਮ ਕੁਆਰੰਟੀਨ
ਹਾਲਾਂਕਿ ਕਰੀਨਾ ਕਪੂਰ ਖ਼ਾਨ, ਮਹੀਪ ਕਪੂਰ, ਸੀਮਾ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਦੀਆਂ ਰਿਪੋਰਟਾਂ ਪਾਜ਼ੀਟਿਵ ਆਉਣ ਤੋਂ ਬਾਅਦ ਆਲੀਆ ਭੱਟ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਬੀ. ਐੱਮ. ਸੀ. ਨੇ ਉਨ੍ਹਾਂ ਨੂੰ 14 ਦਿਨ ਘਰ ਰਹਿਣ ਦਾ ਹੁਕਮ ਦਿੱਤਾ ਸੀ। ਇਸ ਦੇ ਬਾਵਜੂਦ ਉਹ 'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ ਲਾਂਚ ਕਰਨ ਲਈ ਚਾਰਟਰਡ ਜਹਾਜ਼ 'ਚ ਦਿੱਲੀ ਪਹੁੰਚੀ।

ਬੀ. ਐੱਮ. ਸੀ. ਨੇ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ 
ਬੀ. ਐੱਮ. ਸੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਰੋਨਾ ਨਿਯਮ ਦੀ ਉਲੰਘਣਾ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਆਲੀਆ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਖ਼ਬਰ ਮੁਤਾਬਕ, ਬੀ. ਐੱਮ. ਸੀ. ਪਬਲਿਕ ਹੈਲਥ ਕਮੇਟੀ ਦੇ ਪ੍ਰਧਾਨ ਰਾਜੁਲ ਪਟੇਲ ਨੇ ਕਿਹਾ, ''ਮੈਂ ਸਿਹਤ ਵਿਭਾਗ ਨੂੰ ਆਲੀਆ ਭੱਟ ਖ਼ਿਲਾਫ਼ ਹੋਮ ਆਈਸੋਲੇਸ਼ਨ ਨਿਯਮ ਦੀ ਉਲੰਘਣਾ ਕਰਨ ਲਈ ਐੱਫ. ਆਈ. ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਹ ਰੋਲ ਮਾਡਲ ਹੈ, ਇਸ ਲਈ ਉਸ ਨੂੰ ਜ਼ਿੰਮੇਵਾਰੀ ਨਾਲ ਵਿਹਾਰ ਕਰਨਾ ਚਾਹੀਦਾ ਸੀ। ਨਿਯਮ ਸਾਰਿਆਂ ਲਈ ਇੱਕੋ ਜਿਹੇ ਹਨ।"

'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ ਲਾਂਚ
ਦੱਸ ਦੇਈਏ ਕਿ ਬੁੱਧਵਾਰ ਨੂੰ ਆਲੀਆ ਨੇ ਰਣਬੀਰ ਕਪੂਰ ਨਾਲ ਆਪਣੀ ਮੋਸਟ ਅਵੇਟਿਡ ਫ਼ਿਲਮ 'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ। ਇਹ ਫ਼ਿਲਮ ਅਗਲੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਦਿੱਲੀ ਪਹੁੰਚੀ ਆਲੀਆ ਈਵੈਂਟ 'ਚ ਲੋਕਾਂ ਨੂੰ ਆਟੋਗ੍ਰਾਫ ਦਿੰਦੀ ਨਜ਼ਰ ਆਈ ਅਤੇ ਲੋਕਾਂ ਨਾਲ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News