''ਧੁਰੰਧਰ'' ਦੀ ਸਫਲਤਾ ਤੋਂ ਬਾਅਦ ਅਕਸ਼ੈ ਖੰਨਾ ਨੇ ਘਰ ''ਚ ਕਰਾਈ ''ਵਾਸਤੂ ਸ਼ਾਂਤੀ ਪੂਜਾ'', ਪੰਡਿਤ ਨੇ ਕੀਤੀ ਅਦਾਕਾਰੀ ਦੀ ਤਾਰੀਫ਼
Wednesday, Dec 17, 2025 - 03:36 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਅਕਸ਼ੈ ਖੰਨਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਧੁਰੰਧਰ' ਦੀ ਬੰਪਰ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਸਫਲਤਾ ਦੇ ਮੱਦੇਨਜ਼ਰ ਅਕਸ਼ੈ ਖੰਨਾ ਨੇ ਆਪਣੇ ਅਲੀਬਾਗ ਸਥਿਤ ਘਰ ਵਿੱਚ ਵਾਸਤੂ ਸ਼ਾਂਤੀ ਪੂਜਾ ਕਰਵਾਈ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਫਿਲਮ 'ਧੁਰੰਧਰ' ਨੇ ਬਾਕਸ ਆਫਿਸ 'ਤੇ ਲਗਾਤਾਰ ਰਿਕਾਰਡ ਤੋੜ ਕਮਾਈ ਕੀਤੀ ਹੈ ਅਤੇ 13 ਦਿਨਾਂ ਵਿੱਚ 428.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
ਫਿਲਮ ਦੀ ਕਮਾਈ ਵਿਸ਼ਵ ਪੱਧਰ 'ਤੇ 600 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਪੂਜਾ ਦਾ ਵੀਡੀਓ ਅਕਸ਼ੈ ਖੰਨਾ ਦੇ ਘਰ ਪੂਜਾ ਕਰਵਾਉਣ ਵਾਲੇ ਪੰਡਿਤ ਸ਼ਿਵਮ ਮਹਾਤਰੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਅਕਸ਼ੈ ਖੰਨਾ ਸਫੇਦ ਸ਼ਰਟ ਅਤੇ ਨੀਲੀ ਜੀਨਸ ਪਹਿਨੇ ਤਿੰਨ ਪੰਡਿਤਾਂ ਦੇ ਨਾਲ ਪੂਜਾ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ।
ਪੰਡਿਤ ਨੇ ਵੀਡੀਓ ਦੇ ਨਾਲ ਇੱਕ ਲੰਬਾ ਕੈਪਸ਼ਨ ਵੀ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਅਕਸ਼ੈ ਖੰਨਾ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਕੀਤੀ। ਪੰਡਿਤ ਨੇ ਕਿਹਾ ਕਿ ਅਕਸ਼ੈ ਖੰਨਾ ਦਾ 'ਸ਼ਾਂਤ ਸੁਭਾਅ, ਸਾਦਗੀ ਅਤੇ ਸਕਾਰਾਤਮਕ ਊਰਜਾ' ਇਸ ਅਨੁਭਵ ਨੂੰ ਖਾਸ ਬਣਾਉਂਦੀ ਹੈ। ਪੰਡਿਤ ਨੇ ਖੰਨਾ ਦੀਆਂ ਹਾਲੀਆ ਫਿਲਮਾਂ ਜਿਵੇਂ ਕਿ 'ਛਾਵਾ', ਜਿਸ ਵਿੱਚ ਉਨ੍ਹਾਂ ਦੇ ਦਮਦਾਰ ਅਭਿਨੈ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਅਤੇ 'ਦ੍ਰਿਸ਼ਯਮ 2' ਤੇ 'ਸੈਕਸ਼ਨ 375' ਵਿੱਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਕਸ਼ੈ ਖੰਨਾ ਸੋਚ-ਸਮਝ ਕੇ ਭੂਮਿਕਾਵਾਂ ਦੀ ਚੋਣ ਕਰਦੇ ਹਨ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੋਈ ਹੈ।
