ਕਸ਼ਮੀਰ ਪਹੁੰਚੇ ਅਕਸ਼ੇ ਕੁਮਾਰ, ਸਰਹੱਦ ’ਤੇ ਤਾਇਨਾਤ ਭਾਰਤੀ ਫੌਜ ਦਾ ਵਧਾਇਆ ਹੌਸਲਾ

2021-06-17T16:52:06.907

ਮੁੰਬਈ (ਬਿਊਰੋ)– ਫੌਜ ਦੀ ਹੌਸਲਾ-ਅਫਜ਼ਾਈ ਤੇ ਉਨ੍ਹਾਂ ਦਾ ਮਨੋਬਲ ਉੱਚਾ ਕਰਨ ’ਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਹਮੇਸ਼ਾ ਅੱਗੇ ਰਹਿੰਦੇ ਹਨ। ਵੀਰਵਾਰ ਨੂੰ ਅਕਸ਼ੇ ਕੁਮਾਰ ਕਸ਼ਮੀਰ ਦੇ ਗੁਰੇਜ ’ਚ ਫੌਜ ਦੀ ਇਕ ਪੋਸਟ ’ਤੇ ਪਹੁੰਚੇ। ਅਦਾਕਾਰ ਨੇ ਇਥੇ ਸਰਹੱਦ ਦੀ ਸੁਰੱਖਿਆ ਕਰਦਿਆਂ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਪੋਸਟ ’ਤੇ ਤਾਇਨਾਤ ਜਵਾਨਾਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ। ਜਵਾਨਾਂ ਤੇ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਅਕਸ਼ੇ ਨੇ ਉਨ੍ਹਾਂ ਦਾ ਮਨੋਬਲ ਵਧਾਇਆ ਤੇ ਉਨ੍ਹਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ।

ਅਕਸ਼ੇ ਦੇ ਇਸ ਦੌਰੇ ’ਤੇ ਬੀ. ਐੱਸ ਐੱਫ. ਨੇ ਕਈ ਟਵੀਟ ਕੀਤੇ ਹਨ। ਬੀ. ਐੱਸ. ਐੱਫ. ਕਸ਼ਮੀਰ ਨੇ ਆਪਣੇ ਇਕ ਟਵੀਟ ’ਚ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ’ਚ ਅਕਸ਼ੇ ਕੁਮਾਰ ਸਰਹੱਦ ਦੀ ਸੁਰੱਖਿਆ ’ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਮਿਲਣ ਆਏ। ਬੀ. ਐੱਸ. ਐੱਫ. ਨੇ ਆਪਣੀ ਪੋਸਟ ’ਤੇ ਅਕਸ਼ੇ ਕੁਮਾਰ ਦੇ ਪਹੁੰਚਣ ਦੀ ਇਕ ਵੀਡੀਓ ਜਾਰੀ ਕੀਤੀ, ਜਿਸ ’ਚ ਉਹ ਹੈਲੀਕਾਪਟਰ ਰਾਹੀਂ ਪਹੁੰਚ ਰਹੇ ਹਨ।

ਬੀ. ਐੱਸ. ਐੱਫ. ਵਲੋਂ ਜਾਰੀ ਇਕ ਟਵੀਟ ’ਚ ਕਿਹਾ ਗਿਆ ਹੈ ਕਿ ਬੀ. ਐੱਸ ਐੱਫ. ਦੇ ਡੀ. ਜੀ. ਰਾਕੇਸ਼ ਅਸਥਾਨਾ ਨੇ ਲਾਈਨ ਆਫ ਡਿਊਟੀ ’ਤੇ ਬਲਿਦਾਨ ਦੇਣ ਵਾਲੇ ਸਰਹੱਦੀ ਸਿਪਾਹੀਆਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਅਦਾਕਾਰ ਵੀ ਉਨ੍ਹਾਂ ਦੇ ਨਾਲ ਸਨ। ਅਕਸ਼ੇ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਅਕਸ਼ੇ ਨੇ ਇਥੇ ਸਰਹੱਦੀ ਮੋਰਚੇ ਦਾ ਦੌਰਾ ਕੀਤਾ ਤੇ ਉਥੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਮਨੋਬਲ ਵਧਾਇਆ। ਫੌਜ ਨਾਲ ਅਕਸ਼ੇ ਕੁਮਾਰ ਦਾ ਸਬੰਧ ਕਾਫੀ ਪੁਰਾਣਾ ਹੈ। ਆਪਣੇ ਅਭਿਨੈ ਦੇ ਸ਼ੁਰੂਆਤੀ ਦਿਨਾਂ ਤੇ ਫਿਰ ਉਸ ਤੋਂ ਬਾਅਦ ’ਚ ਉਨ੍ਹਾਂ ਨੇ ਫੌਜ ਦੀ ਪਿੱਠ ਭੂਮੀ ਵਾਲੀਆਂ ਕਈ ਫ਼ਿਲਮਾਂ ਕੀਤੀਆਂ ਹਨ। ਫੌਜ ਲਈ ਉਨ੍ਹਾਂ ਦੇ ਅੰਦਰ ਖ਼ਾਸ ਸਨਮਾਨ ਨਜ਼ਰ ਆਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh