ਮਹਾਮਾਰੀ ਵਿਚਾਲੇ ‘ਰਾਮ ਸੇਤੂ’ ਦੀ ਸ਼ੂਟਿੰਗ ਪੂਰੀ ਕਰਨਗੇ ਅਕਸ਼ੇ ਕੁਮਾਰ
Wednesday, Jan 12, 2022 - 05:36 PM (IST)
ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਭਾਰਤ ਦੇ ਸਭ ਤੋਂ ਰੁੱਝੇ ਹੋਏ ਅਦਾਕਾਰ ਹਨ। ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਵੀ ਉਨ੍ਹਾਂ ਕੰਮ ਕੀਤਾ ਹੈ। ਪਹਿਲੀ ਲਹਿਰ ਦੌਰਾਨ ਅਕਸ਼ੇ ਕੁਮਾਰ ਨੇ 200 ਤੋਂ ਵੱਧ ਕਲਾਕਾਰਾਂ ਤੇ ਅਮਲੇ ਦੇ ਮੈਂਬਰਾਂ ਨਾਲ ‘ਬੈੱਲ ਬੌਟਮ’ ਦਾ ਇਕ ਸਿੰਗਲ ਸ਼ੈਡਿਊਲ ਪੂਰਾ ਕੀਤਾ। ਇਸ ਦੀ ਸ਼ੂਟਿੰਗ ਬਰਤਾਨੀਆ ’ਚ ਹੋਈ ਸੀ।
‘ਬੈੱਲ ਬੌਟਮ’ ਵੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਿਨੇਮਾਘਰਾਂ ’ਚ ਹਿੱਟ ਹੋਣ ਵਾਲੀ ਪਹਿਲੀ ਫ਼ਿਲਮ ਬਣੀ ਸੀ। ਉਹ ਵੀ ਉਦੋਂ, ਜਦੋਂ ਕਈ ਸੂਬਿਆਂ ’ਚ ਸਿਨੇਮਾਹਾਲ 50 ਫੀਸਦੀ ਸਮਰੱਥਾ ਨਾਲ ਖੁੱਲ੍ਹੇ ਸਨ ਜਾਂ ਬੰਦ ਹੋ ਗਏ ਸਨ।
ਅਕਸ਼ੇ ਕੁਮਾਰ ਨੇ ਪਿਛਲੇ ਕੁਝ ਮਹੀਨਿਆਂ ’ਚ ‘ਪ੍ਰਿਥਵੀਰਾਜ’, ‘ਰਕਸ਼ਾ ਬੰਧਨ’, ‘ਰਾਮ ਸੇਤੂ’, ‘ਬੱਚਨ ਪਾਂਡੇ’ ਤੇ ‘ਮਿਸ਼ਨ ਸਿੰਡਰੈਲਾ’ ਸਮੇਤ ਆਪਣੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਨ੍ਹਾਂ ਦੀ ਫ਼ਿਲਮ ‘ਸੂਰਿਆਵੰਸ਼ੀ’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ 2021 ਦੀ ਪਹਿਲੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ
ਫ਼ਿਲਮ ਨੇ ਬਾਕਸ ਆਫਿਸ ’ਤੇ 231 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਜਦੋਂ ਦੇਸ਼ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੀ ਲਾਗ ਕਾਰਨ ਤੀਜੀ ਲਹਿਰ ਤੋਂ ਲੰਘ ਰਿਹਾ ਹੈ। ਇਸ ਦੌਰਾਨ ਅਕਸ਼ੇ ਨੇ ‘ਰਾਮ ਸੇਤੂ’ ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਫ਼ਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ, “ਰਾਮ ਸੇਤੂ ਦੀ ਸ਼ੂਟਿੰਗ ’ਚ ਲਗਭਗ ਇਕ ਮਹੀਨਾ ਬਾਕੀ ਹੈ, ਜਿਸ ਨੂੰ ਨਿਰਮਾਤਾਵਾਂ ਨੇ ਮੁੰਬਈ ’ਚ ਸਮੇਟਣ ਦਾ ਫ਼ੈਸਲਾ ਕੀਤਾ ਹੈ। ਪ੍ਰੋਡਕਸ਼ਨ ਟੀਮ ਫਿਲਹਾਲ ਪੂਰਾ ਸ਼ੈਡਿਊਲ ਤੈਅ ਕਰ ਰਹੀ ਹੈ ਤੇ ਇਹ ਇਨਡੌਰ ਤੇ ਆਊਟਡੌਰ ਸ਼ੂਟ ਹੋਵੇਗੀ। ਟੀਮ ਨੂੰ ਉਮੀਦ ਹੈ ਕਿ ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।”
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।