ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ

04/28/2022 4:47:36 PM

ਮੁੰਬਈ (ਬਿਊਰੋ)– ਹਿੰਦੀ ਦੇ ਰਾਸ਼ਟਰ ਭਾਸ਼ਾ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਤੇ ਕੰਨੜ ਅਦਾਕਾਰ ਕਿੱਚਾ ਸੁਦੀਪ ਵਿਚਾਲੇ ਛਿੜੇ ਵਿਵਾਦ ’ਚ ਹੁਣ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਾਰਮਿਆ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਜੇ ਦੇਵਗਨ ਦੇ ‘ਹਿੰਦੀ ਸਾਡੀ ਰਾਸ਼ਟਰ ਭਾਸ਼ਾ ਸੀ ਤੇ ਰਹੇਗੀ’ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਿਧਾਰਮਿਆ ਨੇ ਕਿਹਾ ਕਿ ਨਾ ਤਾਂ ਹਿੰਦੀ ਉਨ੍ਹਾਂ ਦੀ ਕਦੇ ਰਾਸ਼ਟਰ ਭਾਸ਼ਾ ਸੀ ਤੇ ਨਾ ਹੀ ਕਦੇ ਰਹੇਗੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ ਹਰ ਭਾਰਤੀ ਦਾ ਫਰਜ਼ ਹੈ। ਸਿਧਾਰਮਿਆ ਨੇ ਕਿਹਾ ਕਿ ਉਨ੍ਹਾਂ ਨੂੰ ਕੰਨੜ ਹੋਣ ’ਤੇ ਮਾਣ ਹੈ।

ਸਿਧਾਰਮਿਆ ਨੇ ਅਜੇ ਦੇਵਗਨ ਨੂੰ ਜਵਾਬ ਦਿੰਦਿਆਂ ਟਵੀਟ ਕੀਤਾ, ‘ਹਿੰਦੀ ਸਾਡੀ ਰਾਸ਼ਟਰ ਭਾਸ਼ਾ ਕਦੇ ਨਹੀਂ ਸੀ ਤੇ ਨਾ ਹੀ ਕਦੇ ਹੋਵੇਗੀ। ਸਾਡੇ ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ ਹਰੇਕ ਭਾਰਤੀ ਦਾ ਫਰਜ਼ ਹੈ। ਹਰੇਕ ਭਾਸ਼ਾ ਦਾ ਆਪਣਾ ਖ਼ੁਸ਼ਹਾਲ ਇਤਿਹਾਸ ਹੁੰਦਾ ਹੈ, ਜਿਸ ’ਤੇ ਲੋਕਾਂ ਨੂੰ ਮਾਣ ਹੁੰਦਾ ਹੈ। ਮੈਨੂੰ ਕੰਨੜ ਹੋਣ ’ਤੇ ਮਾਣ ਹੈ।

PunjabKesari

ਹਿੰਦੀ ਭਾਸ਼ਾ ਨੂੰ ਲੈ ਕੇ ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਸੁਦੀਪ ਨੇ ‘ਕੇ. ਜੀ. ਐੱਫ. 2’ ਨੂੰ ਅਖਿਲ ਭਾਰਤੀ ਫ਼ਿਲਮ ਆਖੇ ਜਾਣ ’ਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ। ਕਿੱਚਾ ਸੁਦੀਪ ਨੇ ਕਿਹਾ ਸੀ ਕਿ ਪੈਨ ਇੰਡੀਆ ਫ਼ਿਲਮਾਂ ਕੰਨੜ ’ਚ ਬਣ ਰਹੀਆਂ ਹਨ, ਮੈਂ ਇਸ ਨੂੰ ਥੋੜ੍ਹਾ ਸਹੀ ਕਰਨਾ ਚਾਹੁੰਦਾ ਹਾਂ। ਹਿੰਦੀ ਹੁਣ ਰਾਸ਼ਟਰ ਭਾਸ਼ਾ ਨਹੀਂ ਰਹਿ ਗਈ ਹੈ। ਅੱਜ ਬਾਲੀਵੁੱਡ ’ਚ ਪੈਨ ਇੰਡੀਆ ਫ਼ਿਲਮਾਂ ਕੀਤੀਆਂ ਜਾ ਰਹੀਆਂ ਹਨ। ਉਹ ਤੇਲਗੂ ਤੇ ਤਾਮਿਲ ਫ਼ਿਲਮਾਂ ਦਾ ਰੀਮੇਕ ਬਣਾ ਰਹੇ ਹਨ ਪਰ ਇਸ ਤੋਂ ਬਾਅਦ ਵੀ ਸਟ੍ਰੱਗਲ ਕਰ ਰਹੇ ਹਨ। ਅੱਜ ਅਸੀਂ ਉਹ ਫ਼ਿਲਮਾਂ ਬਣਾ ਰਹੇ ਹਾਂ, ਜੋ ਦੁਨੀਆ ਭਰ ’ਚ ਦੇਖੀਆਂ ਜਾ ਰਹੀਆਂ ਹਨ। ਸੁਦੀਪ ਕਿੱਚਾ ਦੇ ਇਸ ਬਿਆਨ ਨਾਲ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਨਾਰਾਜ਼ਗੀ ਜਤਾਈ।

ਕੰਨੜ ਅਦਾਕਾਰ ਨੂੰ ਜਵਾਬ ਦਿੰਦਿਆਂ ਅਜੇ ਦੇਵਗਨ ਨੇ ਕਿਹਾ, ‘ਕਿੱਚਾ ਸੁਦੀਪ, ਮੇਰੇ ਭਰਾ, ਤੁਹਾਡੇ ਮੁਤਾਬਕ ਜੇਕਰ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀ ਮਾਂ ਬੋਲੀ ਦੀਆਂ ਫ਼ਿਲਮਾਂ ਨੂੰ ਹਿੰਦੀ ’ਚ ਡੱਬ ਕਰਕੇ ਕਿਉਂ ਰਿਲੀਜ਼ ਕਰਦੇ ਹੋ? ਹਿੰਦੀ ਸਾਡੀ ਮਾਂ ਬੋਲੀ ਤੇ ਰਾਸ਼ਟਰ ਭਾਸ਼ਾ ਸੀ, ਹੈ ਤੇ ਹਮੇਸ਼ਾ ਰਹੇਗੀ। ਜਨ ਗਨ ਮਨ।’

PunjabKesari

ਅਜੇ ਦੇਵਗਨ ਦੀ ਪ੍ਰਤੀਕਿਰਿਆ ’ਤੇ ਕਿੱਚਾ ਨੇ ਮੁੜ ਟਿੱਪਣੀ ਕੀਤੀ ਤੇ ਲਿਖਿਆ, ‘ਸਰ, ਜਿਸ ਕਾਨਟੈਕਸਟ ’ਚ ਮੈਂ ਉਹ ਗੱਲ ਆਖੀ, ਮੈਨੂੰ ਲੱਗਦਾ ਹੈ ਕਿ ਮੇਰੀ ਉਸ ਗੱਲ ਨੂੰ ਬਹੁਤ ਅਲੱਗ ਤਰੀਕੇ ਨਾਲ ਲਿਆ ਗਿਆ ਹੈ। ਸ਼ਾਇਦ ਮੈਂ ਆਪਣੀ ਗੱਲ ਨੂੰ ਬਿਹਤਰ ਢੰਗ ਨਾਲ ਤੁਹਾਡੇ ਸਾਹਮਣੇ ਉਦੋਂ ਰੱਖ ਸਕਾਂ, ਜਦੋਂ ਮੈਂ ਤੁਹਾਨੂੰ ਮਿਲਾਂਗਾ। ਮੇਰੀ ਗੱਲ ਨੂੰ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾ, ਭੜਕਾਵਾ ਜਾਂ ਫਿਰ ਕਿਸੇ ਵਿਵਾਦ ਨੂੰ ਖੜ੍ਹਾ ਕਰਾ। ਮੈਂ ਅਜਿਹਾ ਕਿਉਂ ਹੀ ਕਰਾਂਗਾ ਸਰ।’

PunjabKesari

ਉਥੇ ਇਕ ਹੋਰ ਟਵੀਟ ’ਚ ਕਿੱਚਾ ਨੇ ਲਿਖਿਆ, ‘ਮੈਂ ਆਪਣੇ ਦੇਸ਼ ਦੀ ਹਰ ਭਾਸ਼ਾ ਦੀ ਇੱਜ਼ਤ ਕਰਦਾ ਹਾਂ। ਮੈਂ ਇਸ ਟਾਪਿਕ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ। ਇਹ ਇਥੇ ਖ਼ਤਮ ਹੋ ਜਾਵੇ। ਜਿਵੇਂ ਕਿ ਮੈਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ, ਜੋ ਸਮਝਿਆ ਜਾ ਰਿਹਾ ਹੈ। ਤੁਹਾਨੂੰ ਢੇਰ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਮੈਂ ਜਲਦ ਮਿਲਾ।’

ਨੋਟ– ਅਜੇ ਦੇਵਗਨ ਤੇ ਕਿੱਚਾ ਸੁਦੀਪ ਦੇ ਵਿਵਾਦ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News