ਮਾਧੁਰੀ ਦੀਕਸ਼ਿਤ ਨੇ ਐਸ਼ਵਰਿਆ ਰਾਏ ਦਾ ਕੀਤਾ ਬਚਾਅ; ਕਿਹਾ - "ਪਛਾਣ ਪ੍ਰਾਪਤੀਆਂ ਨਾਲ ਹੁੰਦੀ ਹੈ, ਰੂਪ ਨਾਲ ਨਹੀਂ"
Sunday, May 31, 2026 - 04:27 PM (IST)
ਨਵੀਂ ਦਿੱਲੀ (ਏਜੰਸੀ) : ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ 'ਟ੍ਰੋਲਿੰਗ' ਦਾ ਸਾਹਮਣਾ ਕਰ ਰਹੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਸਮਰਥਨ ਵਿੱਚ ਮਾਧੁਰੀ ਦੀਕਸ਼ਿਤ ਖੁੱਲ੍ਹ ਕੇ ਸਾਹਮਣੇ ਆਈ ਹੈ। ਫਿਲਮ 'ਦੇਵਦਾਸ' ਵਿੱਚ ਐਸ਼ਵਰਿਆ ਦੀ ਸਹਿ-ਕਲਾਕਾਰ ਰਹੀ ਮਾਧੁਰੀ ਨੇ ਉਸ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇੱਕ ਗਲੋਬਲ ਪੱਧਰ ਦੀ ਕਲਾਕਾਰ ਹੈ, ਜਿਸ ਨੇ ਆਪਣੀ ਪ੍ਰਤਿਭਾ ਦੇ ਦਮ 'ਤੇ ਦੁਨੀਆ ਭਰ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।
ਦੱਸ ਦੇਈਏ ਕਿ ਪਿਛਲੇ ਦੋ ਦਹਾਕਿਆਂ ਤੋਂ ਕਾਨ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋ ਰਹੀ ਐਸ਼ਵਰਿਆ ਨੂੰ ਇਸ ਸਾਲ ਉਸ ਦੇ ਵਧੇ ਹੋਏ ਭਾਰ ਅਤੇ ਦਿੱਖ ਕਾਰਨ ਕਾਫੀ ਆਲੋਚਨਾ ਅਤੇ 'ਬਾਡੀ-ਸ਼ੇਮਿੰਗ' ਦਾ ਸਾਹਮਣਾ ਕਰਨਾ ਪਿਆ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਧੁਰੀ ਨੇ ਕਿਹਾ, "ਤੁਸੀਂ ਕਿਸੇ ਵਿਅਕਤੀ ਨੂੰ ਉਸ ਦੇ ਭਾਰ, ਕੱਪੜਿਆਂ ਜਾਂ ਉਮਰ ਦੇ ਅੰਕੜਿਆਂ ਤੱਕ ਸੀਮਤ ਨਹੀਂ ਕਰ ਸਕਦੇ। ਉਹ ਸੁੰਦਰ ਹੈ ਅਤੇ ਸਿਰਫ਼ ਬਾਹਰੋਂ ਹੀ ਨਹੀਂ, ਸਗੋਂ ਦਿਲੋਂ ਵੀ ਸੁੰਦਰ ਹੈ"। ਉਨ੍ਹਾਂ ਅੱਗੇ ਕਿਹਾ ਕਿ "ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਟਿੱਪਣੀਆਂ ਕਰਕੇ ਅੱਜ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਰਹੇ ਹਨ। ਕੀ ਕਿਸੇ ਵਿਅਕਤੀ ਦੀ ਕੀਮਤ ਸਿਰਫ਼ ਇਸ ਗੱਲ ਨਾਲ ਤੈਅ ਹੁੰਦੀ ਹੈ ਕਿ ਉਹ ਕਿਹੋ ਜਿਹਾ ਦਿਸਦਾ ਹੈ, ਉਸਦੀਆਂ ਪ੍ਰਾਪਤੀਆਂ ਤੋਂ ਨਹੀਂ ? ਇਹ ਪੂਰੀ ਤਰ੍ਹਾਂ ਗਲਤ ਸੰਦੇਸ਼ ਹੈ।"
ਮਾਧੁਰੀ ਨੇ ਚਿੰਤਾ ਪ੍ਰਗਟਾਈ ਕਿ ਸੋਸ਼ਲ ਮੀਡੀਆ ਕਾਰਨ ਹੁਣ ਹਰ ਕਿਸੇ ਕੋਲ ਟਿੱਪਣੀ ਕਰਨ ਦਾ ਮੰਚ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਅਦਾਕਾਰਾ ਅਨੰਨਿਆ ਪਾਂਡੇ ਨੂੰ ਉਸ ਦੇ ਨ੍ਰਿਤ (ਭਰਤਨਾਟਿਅਮ ਅਤੇ ਹਿਪ-ਹੌਪ ਦੇ ਮਿਸ਼ਰਣ) ਲਈ ਕੀਤੀ ਗਈ ਟ੍ਰੋਲਿੰਗ ਦਾ ਵੀ ਜ਼ਿਕਰ ਕੀਤਾ। ਮਾਧੁਰੀ ਦੀ ਆਉਣ ਵਾਲੀ ਫਿਲਮ 'ਮਾਂ-ਬਹਿਨ' ਦੀ ਸਹਿ-ਅਦਾਕਾਰਾ ਤ੍ਰਿਪਤੀ ਡਿਮਰੀ ਨੇ ਵੀ ਸਮਰਥਨ ਕਰਦਿਆਂ ਕਿਹਾ ਕਿ ਘਰ ਬੈਠ ਕੇ ਟਿੱਪਣੀਆਂ ਕਰਨਾ ਆਸਾਨ ਹੈ, ਪਰ ਇਨ੍ਹਾਂ ਅਭਿਨੇਤਰੀਆਂ ਨੇ ਆਪਣੀਆਂ ਪ੍ਰਾਪਤੀਆਂ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।
ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਜਲਦੀ ਹੀ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਡਾਰਕ ਕਾਮੇਡੀ ਫਿਲਮ 'ਮਾਂ-ਬਹਿਨ' ਵਿੱਚ ਨਜ਼ਰ ਆਵੇਗੀ। ਇਹ ਫਿਲਮ 4 ਜੂਨ ਨੂੰ ਰਿਲੀਜ਼ ਹੋਵੇਗੀ, ਜਿਸ ਵਿੱਚ ਤ੍ਰਿਪਤੀ ਡਿਮਰੀ, ਰਵੀ ਕਿਸ਼ਨ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਧਰਨਾ ਦੁਰਗਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
