ਲੰਡਨ ਫਿਲਮ ਫੈਸਟੀਵਲ ''ਚ ਦਿਖਾਇਆ ਜਾਵੇਗਾ ''ਪਾਕੀਜ਼ਾ'' ਦਾ 4K ਰਿਸਟੋਰਡ ਵਰਜਨ

Thursday, Sep 03, 2026 - 12:11 PM (IST)

ਲੰਡਨ ਫਿਲਮ ਫੈਸਟੀਵਲ ''ਚ ਦਿਖਾਇਆ ਜਾਵੇਗਾ ''ਪਾਕੀਜ਼ਾ'' ਦਾ 4K ਰਿਸਟੋਰਡ ਵਰਜਨ

ਮੁੰਬਈ (ਏਜੰਸੀ)- ਕਮਾਲ ਅਮਰੋਹੀ ਦੀ 1972 ਦੀ ਕਲਾਸਿਕ ਫਿਲਮ 'ਪਾਕੀਜ਼ਾ' ਦਾ 4K ਰਿਸਟੋਰਡ (ਸੁਧਾਰਿਆ ਗਿਆ) ਵਰਜਨ ਫਰਾਂਸ ਦੇ 'ਫੈਸਟੀਵਲ ਲੂਮੀਅਰ' ਵਿੱਚ ਵਰਲਡ ਪ੍ਰੀਮੀਅਰ ਦੇ ਤੌਰ 'ਤੇ ਦਿਖਾਇਆ ਜਾਵੇਗਾ। ਇਸ ਤੋਂ ਬਾਅਦ ਇਹ ਫਿਲਮ BFI ਲੰਡਨ ਫਿਲਮ ਫੈਸਟੀਵਲ' ਵਿੱਚ ਵੀ ਦਿਖਾਈ ਜਾਵੇਗੀ।

ਇਸ ਫਿਲਮ ਨੂੰ 'ਫਿਲਮ ਹੈਰੀਟੇਜ ਫਾਊਂਡੇਸ਼ਨ' (FHF) ਨੇ ਅਮਰੋਹੀ ਪਰਿਵਾਰ ਦੇ ਸਹਿਯੋਗ ਨਾਲ ਮੁੜ ਤੋਂ ਨਵੇਂ ਰੂਪ (4K ਰਿਸਟੋਰ) ਵਿੱਚ ਤਿਆਰ ਕੀਤਾ ਹੈ। ਫਿਲਮ ਦੇ ਨਿਰਦੇਸ਼ਕ ਕਮਾਲ ਅਮਰੋਹੀ ਦੇ ਪੁੱਤਰ ਤਾਜਦਾਰ ਅਮਰੋਹੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਮੈਂ 1972 ਵਿੱਚ ਆਪਣੇ ਪਿਤਾ ਅਤੇ 'ਛੋਟੀ ਅੰਮੀ' (ਮੀਨਾ ਕੁਮਾਰੀ) ਨਾਲ ਮਰਾਠਾ ਮੰਦਿਰ ਵਿੱਚ 'ਪਾਕੀਜ਼ਾ' ਦੇ ਗ੍ਰੈਂਡ ਪ੍ਰੀਮੀਅਰ 'ਚ ਮੌਜੂਦ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ 54 ਸਾਲਾਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਲੰਡਨ ਵਿੱਚ ਇਸ ਦੇ ਰਿਸਟੋਰਡ ਵਰਜਨ ਦੇ ਪ੍ਰੀਮੀਅਰ ਵਿੱਚ ਸ਼ਾਮਲ ਹੋਵਾਂਗਾ।" ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਲਈ 'ਪਾਕੀਜ਼ਾ' ਸਿਰਫ਼ ਇੱਕ ਫਿਲਮ ਨਹੀਂ, ਸਗੋਂ ਜ਼ਿੰਦਗੀ ਦਾ ਮਿਸ਼ਨ ਸੀ।

ਕਮਾਲ ਅਮਰੋਹੀ ਦੀ ਧੀ ਰੁਖਸਾਰ ਅਮਰੋਹੀ ਨੇ ਕਿਹਾ, "ਮੀਨਾ ਕੁਮਾਰੀ ਤੋਂ ਬਿਨਾਂ ਕੋਈ ਹੋਰ 'ਪਾਕੀਜ਼ਾ' ਦਾ ਕਿਰਦਾਰ ਨਹੀਂ ਨਿਭਾ ਸਕਦਾ ਸੀ। ਮੇਰੇ ਪਿਤਾ ਨੇ ਲਗਭਗ 15 ਸਾਲਾਂ ਤੋਂ ਵੱਧ ਸਮਾਂ ਇਸ ਫਿਲਮ ਨੂੰ ਇੱਕ ਬੱਚੇ ਦੀ ਤਰ੍ਹਾਂ ਸੰਭਾਲਿਆ। ਕਾਸ਼! ਅੱਜ ਮੇਰੇ ਪਿਤਾ ਆਪਣੀ ਇਸ ਰਚਨਾ ਨੂੰ 54 ਸਾਲਾਂ ਬਾਅਦ ਇੱਕ ਨਵੇਂ ਰੂਪ ਵਿੱਚ ਦੁਨੀਆ ਸਾਹਮਣੇ ਪੇਸ਼ ਹੁੰਦੇ ਦੇਖਣ ਲਈ ਜਿਊਂਦਾ ਹੁੰਦੇ।"


author

cherry

Content Editor

Related News