100 ਤੋਂ ਵਧ ਫਿਲਮਾਂ ਕਰਨ ਵਾਲੀ ਮਸ਼ਹੂਰ ਅਦਾਕਾਰਾ ਦੀ ਹੋਈ ਪਲੇਨ ਕ੍ਰੈਸ਼ ''ਚ ਮੌਤ!
Thursday, Jun 12, 2025 - 05:34 PM (IST)

ਐਂਟਰਟੇਨਮੈਂਟ ਡੈਸਕ- ਗੁਜਰਾਤ ਦੇ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਨਾਲ ਪੂਰੇ ਦੇਸ਼ 'ਚ ਮਾਤਮ ਪਸਰ ਗਿਆ ਹੈ। ਇਸ ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ ਅਤੇ 12 ਕਰੂ ਮੈਂਬਰ ਸ਼ਾਮਲ ਸਨ। ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਇਹ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਕੀ ਤੁਹਾਨੂੰ ਪਤਾ ਹੈ ਕਿ ਇਕ ਮਸ਼ਹੂਰ ਅਦਾਕਾਰਾ ਜਿਨ੍ਹਾਂ ਦੀ ਮੌਤ 21 ਸਾਲ ਪਹਿਲਾਂ ਇਕ ਪਲੇਨ ਕਰੈਸ਼ 'ਚ ਹੋ ਗਈ ਸੀ। ਇਸ ਅਦਾਕਾਰਾ ਦੀਆਂ ਫਿਲਮਾਂ ਤੁਸੀਂ ਆਏ ਦਿਨ ਟੀਵੀ 'ਤੇ ਵੀ ਦੇਖਦੇ ਹੋ।
ਜਿਸ ਅਦਾਕਾਰਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਸੌਂਦਰਿਆ। ਸੌਂਦਰਿਆ ਨੇ ਤਾਮਿਲ, ਤੇਲਗੂ, ਹਿੰਦੀ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਕੰਮ ਕੀਤਾ ਹੈ। ਲੋਕ ਉਨ੍ਹਾਂ ਨੂੰ ਫਿਲਮ ਸੂਰਿਆਵੰਸ਼ਮ ਤੋਂ ਜਾਣਦੇ ਹਨ। ਉਹ ਇਸ ਫਿਲਮ ਵਿੱਚ ਅਮਿਤਾਭ ਬੱਚਨ ਨਾਲ ਦਿਖਾਈ ਦਿੱਤੀ ਸੀ। ਉਨ੍ਹਾਂ ਨੇ ਰਾਧਾ ਠਾਕੁਰ ਦੀ ਭੂਮਿਕਾ ਨਿਭਾਈ ਸੀ। ਇਹ ਸੌਂਦਰਿਆ ਦੀ ਬਾਲੀਵੁੱਡ ਡੈਬਿਊ ਫਿਲਮ ਸੀ। ਤੁਸੀਂ ਅਜੇ ਵੀ ਇਸ ਫਿਲਮ ਨੂੰ ਟੀਵੀ 'ਤੇ ਦੇਖਦੇ ਹੋਵੋਗੇ।
ਪਲੇਨ ਕ੍ਰੈਸ਼ 'ਚ ਹੋਈ ਸੀ ਅਦਾਕਾਰਾ ਦੀ ਮੌਤ
ਸੌਂਦਰਿਆ ਦਾ 12 ਸਾਲਾਂ ਦਾ ਫਿਲਮੀ ਕਰੀਅਰ ਸੀ। ਜਿਸ ਵਿੱਚ ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦਾ ਵਿਆਹ 2003 ਵਿੱਚ ਹੋਇਆ। ਵਿਆਹ ਤੋਂ ਇੱਕ ਸਾਲ ਬਾਅਦ ਹੀ ਸੌਂਦਰਿਆ ਰਾਜਨੀਤੀ ਵਿੱਚ ਆਈ। ਉਹ ਭਾਜਪਾ ਅਤੇ ਤੇਲਗੂ ਦੇਸ਼ਮ ਪਾਰਟੀ ਵਿੱਚ ਸ਼ਾਮਲ ਹੋ ਗਈ। ਉਹ ਕਰੀਮਨਗਰ ਵਿੱਚ ਇੱਕ ਰੈਲੀ ਵਿੱਚ ਜਾ ਰਹੀ ਸੀ। ਉਹ ਸਵੇਰੇ ਆਪਣੇ ਭਰਾ ਨਾਲ ਇੱਕ ਜਹਾਜ਼ ਵਿੱਚ ਰਵਾਨਾ ਹੋਈ ਅਤੇ ਕੁਝ ਮਿੰਟਾਂ ਵਿੱਚ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਨਹੀਂ ਬਚਿਆ ਇੱਕ ਵੀ ਯਾਤਰੀ
17 ਅਪ੍ਰੈਲ 2004 ਦੀ ਸਵੇਰ ਨੂੰ ਸੌਂਦਰਿਆ ਇੱਕ 4-ਸੀਟਰ ਨਿੱਜੀ ਜਹਾਜ਼ ਵਿੱਚ ਬੰਗਲੌਰ ਤੋਂ ਰਵਾਨਾ ਹੋਈ। ਉਡਾਣ ਭਰਨ ਤੋਂ ਬਾਅਦ 100 ਫੁੱਟ ਦੀ ਉਚਾਈ 'ਤੇ ਪਹੁੰਚਦੇ ਹੀ ਫਲਾਈਟ ਵਿੱਚ ਅੱਗ ਲੱਗ ਗਈ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਰਿਪੋਰਟਾਂ ਅਨੁਸਾਰ ਸੌਂਦਰਿਆ ਉਸ ਸਮੇਂ ਗਰਭਵਤੀ ਸੀ ਅਤੇ ਫਿਲਮ ਇੰਡਸਟਰੀ ਛੱਡਣ ਦਾ ਫੈਸਲਾ ਕਰ ਰਹੀ ਸੀ। ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੀਆਂ ਫਿਲਮਾਂ ਦੇਖਦੇ ਹਨ। ਉਨ੍ਹਾਂ ਦੀ ਫਿਲਮ ਸੂਰਿਆਵੰਸ਼ਮ ਆਏ ਦਿਨ ਟੀਵੀ 'ਤੇ ਪ੍ਰਸਾਰਿਤ ਹੁੰਦੀ ਰਹਿੰਦੀ ਹੈ।