ਡਰਾਮਾ, ਗਲੈਮਰ ਤੇ ਦੋਸਤੀ ਦਾ ਜਸ਼ਨ ‘ਫੈਬੁਲਸ ਲਾਈਵਸ ਵਰਸਿਜ਼ ਬਾਲੀਵੁੱਡ ਵਾਈਬਜ਼’ ਦੇ ਅਣਸੁਣੇ ਕਿੱਸੇ
Tuesday, Oct 29, 2024 - 02:37 PM (IST)
ਨੈੱਟਫਲਿਕਸ ਦੇ ਮਸ਼ਹੂਰ ਸ਼ੋਅ ‘ਫੈਬੁਲਸ ਲਾਈਵਜ਼ ਆਫ ਬਾਲੀਵੁੱਡ ਵਾਈਬਜ਼’ ਦਾ ਤੀਜਾ ਸੀਜ਼ਨ ‘ਫੈਬੁਲਸ ਲਾਈਵਜ਼ ਵਰਸਿਜ਼ ਬਾਲੀਵੁੱਡ ਵਾਈਬਜ਼’ ਹੁਣ ਤੁਹਾਡੇ ਸਾਹਮਣੇ ਹੈ। ਇਸ ਨਵੇਂ ਸੀਜ਼ਨ ’ਚ ਮੁੜ ਦਿੱਲੀ ਤੇ ਮੁੰਬਈ ਦੀਆਂ ਅਮੀਰ ਔਰਤਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਇਕ ਨਵੇਂ ਅਤੇ ਦਿਲਚਸਪ ਸਫ਼ਰ ਨੂੰ ਦਿਖਾਇਆ ਗਿਆ। ਇਸ ਸ਼ੋਅ ਬਾਰੇ ਸੀਮਾ ਸਜਦੇਹ, ਮਹੀਪ ਕਪੂਰ, ਨੀਲਮ ਕੋਠਾਰੀ ਤੇ ਭਾਵਨਾ ਪਾਂਡੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਮਹੀਪ ਕਪੂਰ
ਕੀ ਤੁਸੀਂ ਸ਼ੂਟ ਤੋਂ ਬਾਅਦ ਆਪਣੀ ਇਹ ਪੂਰੀ ਸੀਰੀਜ਼ ਦੇਖੀ ਹੈ?
ਸੱਚ ਕਹਾਂ ਤਾਂ ਮੈਨੂੰ ਖ਼ੁਦ ਨੂੰ ਦੇਖਣਾ ਹੀ ਪਸੰਦ ਨਹੀਂ ਹੈ। ਮੈਂ ਇਹ ਨਹੀਂ ਦੇਖਣਾ ਚਾਹੁੰਦੀ ਸੀ ਪਰ ਮੈਂ ਇਹ ਸੀਰੀਜ਼ ਦੇਖੀ। ਮੈਂ ਇਸ ਨੂੰ ਪੂਰੀ ਦੇਖ ਕੇ ਖ਼ਤਮ ਵੀ ਕਰ ਦਿੱਤਾ ਹੈ। ਇਸ ਲਈ ਮੈਂ ਕੁਝ ਹੋਮ ਵਰਕ ਕੀਤਾ ਸੀ, ਇਸ ਲਈ ਮੈਂ ਇਸ ਨੂੰ ਦੇਖਿਆ, ਨਹੀਂ ਤਾਂ ਮੈਂ ਖੁਦ ਨੂੰ ਸਕ੍ਰੀਨ ’ਤੇ ਦੇਖਣਾ ਪਸੰਦ ਨਹੀਂ ਕਰਦੀ ਪਰ ਕਹਿਣਾ ਪਵੇਗਾ ਕਿ ਇਹ ਇਕ ਚੰਗਾ ਸ਼ੋਅ ਹੈ। ਇਸ ’ਚ ਮੈਨੂੰ ਬਹੁਤ ਵਧੀਆ ਢੰਗ ਨਾਲ ਐਡਿਟਿਡ ਕੀਤਾ ਗਿਆ ਹੈ ਅਤੇ ਮੇਰੇ ਕਾਫ਼ੀ ਐਕਸਪ੍ਰੈਸ਼ਨ ਵੀ ਨਜ਼ਰ ਆ ਰਹੇ ਹਨ।
ਨਵੀਆਂ ਤਿੰਨ ਐਂਟਰੀਆਂ ਆਉਣ ਨਾਲ ਜੋ ਤੜਕਾ ਲੱਗਾ ਹੈ, ਇਸ ਲਈ ਤੁਸੀਂ ਤਿਆਰ ਸੀ?
ਨਹੀਂ, ਮੈਂ ਤਿਆਰ ਨਹੀਂ ਸੀ ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਉਹ ਕਿਵੇਂ ਰਿਐਕਟ ਕਰਨਗੀਆਂ ਜਾਂ ਸਕ੍ਰੀਨ ’ਤੇ ਕਿਵੇਂ ਦਾ ਦਿਖਾਈ ਦੇਵੇਗਾ। ਅਸੀਂ ਉਨ੍ਹਾਂ ਨੂੰ ਆਨ ਸਕ੍ਰੀਨ ਪਹਿਲੀ ਵਾਰ ਮਿਲੇ ਸੀ। ਮੈਂ ਸ਼ਾਲੀਨ ਤੇ ਰਿਧਿਮਾ ਨੂੰ ਜਾਣਦੀ ਸੀ ਪਰ ਜਦੋਂ ਅਸੀਂ ਇਕੱਠੇ ਹੁੰਦੇ ਸੀ ਅਤੇ ਇਕੱਠੇ ਸੀਨ ਕੀਤੇ ਸੀ ਤਾਂ ਸਮਝ ਨਹੀਂ ਆਉਂਦਾ ਸੀ ਕਿ ਰੀਐਕਟ ਕਿਵੇਂ ਕਰੀਏ। ਬਾਕੀ ਚਾਰਾਂ ਨਾਲ ਮੈਂ 3 ਸੀਜ਼ਨ ਕੀਤੇ ਹਨ, ਉਨ੍ਹਾਂ ਨਾਲ ਚੀਜ਼ਾਂ ਆਸਾਨ ਸਨ ਕਿਉਂਕਿ ਅਸੀਂ ਇਕ-ਦੂਜੇ ਨੂੰ ਜਾਣਦੇ ਹਾਂ ਪਰ ਬਾਕੀ ਤਿੰਨਾਂ ਨਾਲ ਸਭ ਕੁਝ ਨਵਾਂ ਸੀ ਪਰ ਇਹ ਕੰਮ ਕਰ ਰਿਹਾ ਹੈ ਤੇ ਸ਼ੋਅ ਬਹੁਤ ਵਧੀਆ ਬਣਿਆ। ਨਵੇਂ ਲੋਕਾਂ ਨੇ ਵੀ ਸ਼ੋਅ ’ਚ ਕਾਫ਼ੀ ਕੁਝ ਐਡ ਕੀਤਾ ਹੈ। ਮੈਂ ਇਸ ਤੋਂ ਬਹੁਤ ਖ਼ੁਸ਼ ਹਾਂ।
ਸੀਮਾ ਸਜਦੇਹ
ਜਿਵੇਂ ਤੁਸੀਂ ਸੋਚਿਆ ਸੀ, ਸ਼ੋਅ ਦੇਖਣ ਤੋਂ ਬਾਅਦ ਤੁਹਾਨੂੰ ਉਵੇਂ ਦਾ ਹੀ ਲੱਗਾ ਜਾਂ ਕੁਝ ਅਜਿਹਾ ਸੀ, ਜਿਸ ਦੀ ਉਮੀਦ ਨਹੀਂ ਸੀ?
ਅਜਿਹੀ ਕੋਈ ਖ਼ਾਸ ਉਮੀਦ ਤਾਂ ਨਹੀਂ ਸੀ ਪਰ ਮੈਂ ਸੋਚਦੀ ਹਾਂ ਕਿ ਇਹ ਕਿਉਂ ਨਹੀਂ ਪਾਇਆ, ਉਹ ਕਿਉਂ ਨਹੀਂ ਪਾਇਆ। ਮੇਰਾ ਰੀਐਕਸ਼ਨ ਸੀ ਕਿ ਹਾਲੇ ਹੋਰ ਵੀ ਬਹੁਤ ਕੁਝ ਦਿਖਾਉਣ ਲਈ ਸੀ। ਮੈਨੂੰ ਅਜਿਹਾ ਲੱਗਾ ਕਿ ਜਿਵੇਂ ਬਹੁਤ ਸਾਰੇ ਸੀਨ ਉਨ੍ਹਾਂ ਨੇ ਕੱਟ ਕਰ ਦਿੱਤੇ ਪਰ ਇਹ ਬਹੁਤ ਸ਼ਾਨਦਾਰ ਸ਼ੋਅ ਹੈ, ਮੈਨੂੰ ਇਹ ਬਹੁਤ ਪਸੰਦ ਆਇਆ।
ਨੀਲਮ
ਕੀ ਜਦੋਂ ਤੁਸੀਂ ਸਾਰੇ ਇਕੱਠੇ ਹੁੰਦੇ ਸੀ ਤਾਂ ਤੁਹਾਨੂੰ ਗੱਲਬਾਤ ਲਈ ਟਾਪਿਕ ਦਿੱਤੇ ਜਾਂਦੇ ਸਨ?
ਸੱਚ ਕਹਾਂ ਤਾਂ ਸ਼ੁਰੂਆਤ ਵਿਚ ਸੱਤਾਂ ਨਾਲ ਇਹ ਕਾਫ਼ੀ ਮੁਸ਼ਕਲ ਸੀ। ਅਸੀਂ ਇਕ-ਦੂਜੇ ਨੂੰ ਜਾਣਦੇ ਸੀ, ਇਕ ਦੂਜੇ ਬਾਰੇ ਪਤਾ ਸੀ ਪਰ ਅਸੀਂ ਦੋਸਤ ਨਹੀਂ ਸੀ। ਜਦੋਂ ਤੁਸੀਂ ਦੋਸਤ ਨਹੀਂ ਹੁੰਦੇ ਤਾਂ ਗੱਲਬਾਤ ਸ਼ੁਰੂ ਕਰਨਾ ਔਖਾ ਹੁੰਦਾ ਹੈ। ਸ਼ੁਰੂ ’ਚ ਅਸੀਂ ਸਾਰੇ ਬੋਲਦੇ ਹੋਏ ਵੀ ਧਿਆਨ ਰੱਖਦੇ ਸੀ ਕਿ ਸਾਹਮਣੇ ਵਾਲੇ ਨੂੰ ਉਹ ਗੱਲ ਬੁਰੀ ਨਾ ਲੱਗੇ ਕਿਉਂਕਿ ਇਹ ਉਨ੍ਹਾਂ ਲਈ ਵੀ ਹੈ, ਜੋ ਨਵੇਂ ਹਨ, ਨਵਾਂ ਫਾਰਮੈਟ ਹੈ। ਪੁਰਾਣੇ ਸੀਜ਼ਨ ’ਚ ਜਿਹੜੇ ਚਾਰ ਲੋਕ ਸਨ, ਤੁਸੀਂ ਉਨ੍ਹਾਂ ਦੀ ‘ਲੱਤ’ ਵੀ ਖਿੱਚ ਸਕਦੇ ਹੋ ਪਰ ਜੋ ਨਵੀਂਆਂ ਤਿੰਨ ਐਂਟਰੀਆਂ ਹਨ, ਉਨ੍ਹਾਂ ’ਤੇ ਸ਼ੁਰੂਆਤ ਵਿਚ ਧਿਆਨ ਦੇਣਾ ਪੈਂਦਾ ਸੀ ਪਰ ਹੌਲੀ-ਹੌਲੀ ਸਾਨੂੰ ਇਸ ਦੀ ਆਦਤ ਪੈ ਗਈ ਅਤੇ ਗੱਲਬਾਤ ਕਰਨੀ ਆਸਾਨ ਹੋ ਗਈ।
ਭਾਵਨਾ ਪਾਂਡੇ
ਇਹ ਇਕ ਰਿਐਲਿਟੀ ਸ਼ੋਅ ਹੈ ਤਾਂ ਫਿਰ ਕੈਮਰੇ ਸਾਹਮਣੇ ਤੁਹਾਡੀਆਂ ਜੋ ਪ੍ਰਤੀਕਿਰਿਆਵਾਂ ਹਨ, ਪੂਰੀ ਇਮਾਨਦਾਰੀ ਨਾਲ ਬਾਹਰ ਆਈਆਂ?
ਜਦੋਂ ਵੀ ਉਨ੍ਹਾਂ ਨੇ ਕੋਈ ਸੀਨ ਸ਼ੂਟ ਕੀਤਾ ਤਾਂ ਉਸ ਵਿਚ 3 ਤੋਂ 4 ਘੰਟੇ ਲੱਗਦੇ ਸਨ ਅਤੇ ਤੁਸੀਂ 3-4 ਘੰਟੇ ਦਿਖਾਵਾ ਨਹੀਂ ਕਰ ਸਕਦੇ। ਤੁਸੀਂ 5-10 ਮਿੰਟਾਂ ਲਈ ਦਿਖਾਵਾ ਕਰ ਸਕਦੇ ਹੋ ਪਰ ਇਸ ਤੋਂ ਵੱਧ ਨਹੀਂ। ਜਦੋਂ ਵੀ ਗੱਲਬਾਤ ਸ਼ੁਰੂ ਹੁੰਦੀ ਹੈ, ਤੁਸੀਂ ਥੋੜ੍ਹਾ ਤਾਂ ਘਬਰਾਉਂਦੇ ਹੀ ਹੋ ਪਰ ਜਿਵੇਂ-ਜਿਵੇਂ ਸੀਨ ਅੱਗੇ ਵਧਦਾ ਹੈ, ਤੁਸੀਂ ਹੌਲੀ-ਹੌਲੀ ਖੁੱਲ੍ਹਣਾ ਸ਼ੁਰੂ ਹੋ ਜਾਂਦੇ ਹੋ। ਜਿਵੇਂ ਮਹੀਪ ਨੇ ਕਿਹਾ ਕਿ ਕੁਝ ਸਮੇਂ ਬਾਅਦ ਲੱਗਦਾ ਹੈ ਕਿ ਕੈਮਰਾ ਤੁਹਾਡੇ ’ਤੇ ਨਹੀਂ ਹੈ ਅਤੇ ਇਹੀ ਅਸਲੀ ਸ਼ਾਟ ਹੁੰਦਾ ਹੈ, ਜਿਸ ਵਿਚ ਪੂਰੀ ਟੀਮ ਮੌਜੂਦ ਹੁੰਦੀ ਹੈ ਅਤੇ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਹਾਂ। ਇਸ ਸ਼ੋਅ ਵਿਚ ਸਭ ਤੋਂ ਜ਼ਿਆਦਾ ਮਜ਼ੇਦਾਰ, ਯਾਦਗਾਰ ਅਤੇ ਰੀਅਲ ਮੋਮੈਂਟਸ ਹਨ, ਉਨ੍ਹਾਂ ਨੂੰ ਐਡਿਟ ਕਰ ਕੇ ਦਿਖਾਇਆ ਜਾਂਦਾ ਹੈ। ਇਸ ਸਭ ਵਿਚ ਜੋ ਦਿਖਾਈ ਦਿੰਦਾ ਹੈ, ਉਹ ਕੁਦਰਤੀ ਹੁੰਦਾ ਹੈ। ਤੁਸੀਂ ਇੰਨਾ ਦਿਖਾਵਾ ਨਹੀਂ ਕਰ ਸਕਦੇ ਹੋ।
ਤੁਹਾਡਾ ਕੁਨੈਕਸ਼ਨ ਦਿੱਲੀ ਨਾਲ ਹੈ ਤਾਂ ਕੀ ਕਦੇ ਇਨ੍ਹਾਂ ਲੋਕਾਂ ਨਾਲ ਤੁਹਾਡੀ ਮੁੰਬਈ ਅਤੇ ਦਿੱਲੀ ਨੂੰ ਲੈ ਕੇ ਬਹਿਸ ਹੋਈ?
ਮੈਂ ਆਪਣੀ ਕਾਲਜ ਲਾਈਫ ਦਿੱਲੀ ਵਿਚ ਬਿਤਾਈ ਹੈ ਅਤੇ ਉਥੇ ਮੇਰੇ ਬਹੁਤ ਸਾਰੇ ਦੋਸਤ ਵੀ ਹਨ। ਮੇਰਾ ਪਰਿਵਾਰ ਵੀ ਦਿੱਲੀ ਵਿਚ ਰਹਿੰਦਾ ਹੈ। ਮੈਂ ਦਿੱਲੀ ਨਾਲ ਬਹੁਤ ਜੁੜੀ ਹੋਈ ਹਾਂ। ਮੈਨੂੰ ਨਹੀਂ ਲੱਗਦਾ ਹੈ ਕਿ ਬਾਕੀਆਂ ਨਾਲ ਦਿੱਲੀ ਅਤੇ ਮੁੰਬਈ ਨੂੰ ਲੈ ਕੇ ਸ਼ੋਅ ਦੀ ਸ਼ੁਰੂਆਤ ’ਚ ਸਾਡੀ ਕੋਈ ਬਹਿਸ ਹੋਈ ਹੋਵੇ। ਮੈਨੂੰ ਅਜਿਹਾ ਲੱਗਦਾ ਸੀ ਕਿ ਮੈਂ ਦਿੱਲੀ ਵਾਲਿਆਂ ਨਾਲ ਜ਼ਿਆਦਾ ਕੰਫਰਟੇਬਲ ਹੋਵਾਂਗੀ ਪਰ ਜਿਵੇਂ-ਜਿਵੇਂ ਸ਼ੋਅ ਅੱਗੇ ਵਧਦਾ ਗਿਆ, ਮੈਨੂੰ ਲੱਗਾ ਕਿ ਮੇਰੇ ਜੋ ਚੰਗੇ ਦੋਸਤ ਹਨ ਮਹੀਪ, ਸੀਮਾ ਤੇ ਨੀਲਮ, ਇਨ੍ਹਾਂ ਨਾਲ ਮੇਰਾ ਜੋ ਕੰਫਰਟ ਲੈਵਲ ਹੈ, ਉਹ ਕਿਸੇ ਨਵੇਂ ਇਨਸਾਨ ਨਾਲ ਬਣਨਾ ਮੁਸ਼ਕਲ ਹੈ। ਹੁਣ ਇਸ ਉਮਰ ਵਿਚ ਤਾਂ ਬਹੁਤ ਔਖਾ ਹੈ।
ਇਸ ਸੀਜ਼ਨ ਦਾ ਸਭ ਤੋਂ ਯਾਦਗਾਰ ਪਲ ਤੁਹਾਡੇ ਲਈ ਕਿਹੜਾ ਸੀ?
ਸੀਮਾ : ਮੇਰੇ ਲਈ ਮਾਰੀਸ਼ਸ ਦਾ ਜੋ ਵੀ ਸੀ, ਉਹ ਕਾਫ਼ੀ ਯਾਦਗਾਰ ਹੈ। ਭਾਵੇਂ ਮੈਂ ਸ਼ਾਲਿਨੀ ਨੂੰ ਸਮੁੰਦਰ ਵਿਚ ਜਾਂਦੇ ਨਹੀਂ ਦੇਖਿਆ ਕਿਉਂਕਿ ਮੇਰਾ ਅਤੇ ਮਹੀਪ ਦਾ ਸੀਨ ਕਿਤੇ ਹੋਰ ਸੀ ਤਾਂ ਮੈਨੂੰ ਲੱਗਦਾ ਸੀ ਕਿ ਇਹ ਮੈਂ ਮਿਸ ਕਿਉਂ ਕੀਤਾ? ਉਹ ਦਿਨ ਬਹੁਤ ਮਜ਼ੇਦਾਰ ਸੀ।
ਨੀਲਮ : ਮੇਰੇ ਲਈ ਵੀ ਮਾਰੀਸ਼ਸ ਯਾਦਗਾਰ ਸੀ। ਭਾਵਨਾ ਤੇ ਮੈਂ ਸਵੇਰੇ-ਸਵੇਰੇ ਕੌਫੀ ਪੀ ਰਹੇ ਹੁਦੇ ਹਾਂ ਤੇ ਅਚਾਨਕ ਅਸੀਂ ਸ਼ਾਲਿਨੀ ਨੂੰ ਦੇਖਦੇ ਹਾਂ, ਮੀਂਹ ਵਿਚ ਸਮੁੰਦਰ ਵੱਲ ਭੱਜਦੇ ਹੋਏ। ਇਹ ਸਾਡੇ ਲਈ ਕਾਫ਼ੀ ਮਜ਼ਾਕੀਆ ਸੀ।
ਭਾਵਨਾ : ਇਹ ਸੀਨ ਸੱਚਮੁੱਚ ਬਹੁਤ ਮਜ਼ਾਕੀਆ ਅਤੇ ਯਾਦਗਾਰ ਹੈ। ਅਸੀਂ ਨਾ ਤਾਂ ਆਪਣੇ ਵਾਲ ਬਣਾਏ ਅਤੇ ਨਾ ਹੀ ਮੇਕਅੱਪ ਕੀਤਾ ਸੀ। ਅਸੀਂ ਵਿਲਾ ਦੇ ਬਾਹਰ ਦੇਖਿਆ ਕਿ ਕੁਝ ਆਵਾਜ਼ਾਂ ਆ ਰਹੀਆਂ ਸਨ। ਇਹ ਦੇਖਣ ਲਈ ਬਾਹਰ ਗਏ ਕਿ ਕੀ ਹੋ ਰਿਹਾ ਹੈ ਕਿਉਂਕਿ ਸਾਨੂੰ ਦੱਸਿਆ ਗਿਆ ਸੀ ਕਿ ਅੱਜ ਮੀਂਹ ਕਾਰਨ ਕੋਈ ਸ਼ੂਟਿੰਗ ਨਹੀਂ ਹੋਵੇਗੀ। ਉਸੇ ਸਮੇਂ ਸ਼ਾਲਿਨੀ ਨੂੰ ਫੁੱਲ ਡਰੈੱਸ ’ਚ ਪਾਣੀ ਵੱਲ ਭੱਜਦੇ ਦੇਖਿਆ ਤਾਂ ਉਹ ਕਾਫ਼ੀ ਮਜ਼ਾਕੀਆ ਸੀ।
ਮਹੀਪ : ਮੇਰੇ ਲਈ ਤਾਂ ਸਾਰਾ ਸੀਜ਼ਨ ਹੀ ਯਾਦਗਾਰ ਰਿਹਾ। ਸਾਡੇ ਤਾਂ ਬਿਹਾਈਂਡ ਦੇ ਸੀਨ ਵੀ ਮਜ਼ੇਦਾਰ ਸਨ, ਜੋ ਅਸੀਂ ਹਰ ਰਾਤ ਮੀਟਿੰਗਾਂ ਕਰਦੇ ਸੀ। ਦਿੱਲੀ, ਮਾਰੀਸ਼ਸ, ਸਭ ਕੁਝ ਮੇਰੇ ਲਈ ਬਹੁਤ ਯਾਦਗਾਰ ਹੈ।