ਅਕਸ਼ੇ ਦੇ ਪਰਿਵਾਰ ਦੇ 24 ਮੈਂਬਰ ਇਕੋ ਕਮਰੇ ''ਚ ਰਹਿੰਦੇ ਸਨ, ਕਿਹਾ- ''ਦਿਨ ''ਚ ਖਾਣਾ ਨਹੀਂ ਖਾਂਦਾ ਸੀ ਤਾਂ ਕਿ ਸ਼ਾਮ ਨੂੰ ਫ਼ਿਲਮ ਦੇਖ ਸਕਾਂ''

10/13/2023 8:55:46 AM

ਮੁੰਬਈ (ਬਿਊਰੋ)- ਅਕਸ਼ੇ ਕੁਮਾਰ ਨੇ ਆਪਣੇ ਪਰਿਵਾਰ ਦੇ ਸੰਘਰਸ਼ ਦੀ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ ਕਿਵੇਂ ਸਾਰਾ ਪਰਿਵਾਰ ਦਿੱਲੀ ਦੇ ਚਾਂਦਨੀ ਚੌਕ 'ਚ ਸਿਰਫ਼ ਇਕ ਕਮਰੇ 'ਚ ਰਹਿੰਦਾ ਸੀ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦਾ ਸੁਪਨਾ ਅਦਾਕਾਰ ਬਣਨ ਦਾ ਨਹੀਂ ਸੀ। ਉਹ ਮਾਰਸ਼ਲ ਆਰਟ ਅਧਿਆਪਕ ਬਣਨਾ ਚਾਹੁੰਦੇ ਸਨ।

7ਵੀਂ 'ਚ ਫੇਲ ਹੋ ਗਿਆ ਸੀ, ਮਾਰਸ਼ਲ ਆਰਟ ਟੀਚਰ ਬਣਨਾ ਚਾਹੁੰਦਾ ਸੀ, ਐਕਟਰ ਨਹੀਂ
ANI ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਅਕਸ਼ੇ ਨੇ ਦੱਸਿਆ ਕਿ ਉਹ 7ਵੀਂ ਕਲਾਸ 'ਚ ਫੇਲ ਹੋ ਗਏ ਸਨ। ਇਸ ਕਾਰਨ ਉਹਨਾਂ ਨੂੰ ਦੁਬਾਰਾ ਉਸੇ ਜਮਾਤ 'ਚ ਪੜ੍ਹਨਾ ਪਿਆ। ਇਸ ਤੋਂ ਗੁੱਸੇ 'ਚ ਆ ਕੇ ਪਿਤਾ ਉਹਨਾਂ ਨੂੰ ਕੁੱਟਣ ਲਈ ਦੌੜ ਗਏ।

ਗੁੱਸੇ 'ਚ ਆਏ ਪਿਤਾ ਨੇ ਅਕਸ਼ੇ ਤੋਂ ਪੁੱਛਿਆ ਕਿ ਉਹ ਕੀ ਬਣਨਾ ਚਾਹੁੰਦੇ ਹਨ ਕਿਉਂਕਿ ਉਹਨਾਂ ਨੂੰ ਪੜ੍ਹਾਈ 'ਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ। ਬਿਨਾਂ ਕੁਝ ਸੋਚੇ ਅਕਸ਼ੇ ਨੇ ਜਵਾਬ ਦਿੱਤਾ ਕਿ ਉਹ ਐਕਟਰ ਬਣਨਾ ਚਾਹੁੰਦੇ ਹਨ। ਹਾਲਾਂਕਿ, ਇਸ ਸਮੇਂ ਉਨ੍ਹਾਂ ਨੇ ਅਦਾਕਾਰ ਬਣਨ ਬਾਰੇ ਕੁਝ ਸੋਚਿਆ ਨਹੀਂ ਸੀ। ਉਹਨਾਂ ਦਾ ਸੁਪਨਾ ਮਾਰਸ਼ਲ ਆਰਟ ਅਧਿਆਪਕ ਬਣਨ ਦਾ ਸੀ।

ਪਰਿਵਾਰ ਦੇ 24 ਲੋਕ ਇਕੋ ਕਮਰੇ 'ਚ ਰਹਿੰਦੇ ਸਨ
ਅਕਸ਼ੇ ਨੇ ਅੱਗੇ ਦੱਸਿਆ ਕਿ ਦਿੱਲੀ 'ਚ ਉਨ੍ਹਾਂ ਦੇ ਪਰਿਵਾਰ 'ਚ 24 ਲੋਕ ਸਨ ਤੇ ਪੂਰਾ ਪਰਿਵਾਰ ਇਕੋ ਕਮਰੇ 'ਚ ਰਹਿੰਦਾ ਸੀ। ਬਹੁਤਾ ਪੈਸਾ ਨਹੀਂ ਸੀ, ਫਿਰ ਵੀ ਹਰ ਕੋਈ ਖ਼ੁਸ਼ੀ ਨਾਲ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਬੌਰਨ ਟੂ ਸ਼ਾਈਨ ਟੂਰ ਨਾਲ ਰਚਿਆ ਇਤਿਹਾਸ

ਭੋਜਨ ਲਈ ਪੈਸੇ ਬਚਾ ਕੇ ਫ਼ਿਲਮ ਦੀਆਂ ਟਿਕਟਾਂ ਖ਼ਰੀਦਦੇ ਸਨ
ਅਕਸ਼ੇ ਨੇ ਕਿਹਾ ਕਿ ਉਹ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਫ਼ਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ। ਮੁੰਬਈ 'ਚ ਜਿਥੇ ਉਹ ਰਹਿੰਦੇ ਸਨ, ਉਹਨਾਂ ਦੇ ਨੇੜੇ ਹੀ ਰੂਪਮ ਸਿਨੇਮਾ ਹਾਲ ਸੀ। ਹਰ ਸ਼ਨੀਵਾਰ ਉਹ ਆਪਣੀ ਭੈਣ ਨਾਲ ਫ਼ਿਲਮ ਦੇਖਣ ਜਾਂਦੇ ਸਨ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ ਦਿਨ 'ਚ ਖਾਣਾ ਨਹੀਂ ਖਾਧਾ। ਖਾਣੇ ਤੋਂ ਬਚੇ ਪੈਸਿਆਂ ਨਾਲ ਦੋਵੇਂ ਟਿਕਟਾਂ ਖ਼ਰੀਦਦੇ ਸਨ ਤੇ ਫਿਰ ਫ਼ਿਲਮ ਦੇਖਦੇ ਸਨ। ਉਹਨਾਂ ਨੇ ਉਸ ਦੌਰ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਦੇਖੀਆਂ ਸਨ।

ਪਿਤਾ ਨੇ 18,000 ਰੁਪਏ ਕਰਜ਼ਾ ਲੈ ਕੇ ਬੈਂਕਾਕ ਭੇਜ ਦਿੱਤਾ
ਅਕਸ਼ੇ ਕੁਮਾਰ ਮਾਰਸ਼ਲ ਆਰਟ ਸਿੱਖਣਾ ਚਾਹੁੰਦੇ ਸਨ ਪਰ ਮੱਧ ਵਰਗ ਦੇ ਪਰਿਵਾਰ ਲਈ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਸੀ। ਉਸ ਸਮੇਂ ਭਾਰਤ ਦੇ ਨੇੜੇ ਬੈਂਕਾਕ ਸਭ ਤੋਂ ਸਸਤਾ ਦੇਸ਼ ਸੀ, ਇਸ ਲਈ ਉਨ੍ਹਾਂ ਦੇ ਪਿਤਾ ਨੇ ਅਕਸ਼ੇ ਨੂੰ ਮਾਰਸ਼ਲ ਆਰਟ ਸਿੱਖਣ ਲਈ ਉਥੇ ਭੇਜਿਆ। ਉਸ ਸਮੇਂ ਭਾਰਤ ਤੋਂ ਬੈਂਕਾਕ ਦੀ ਟਿਕਟ 22,000 ਰੁਪਏ ਸੀ ਪਰ ਉਹਨਾਂ ਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ। ਅਜਿਹੇ 'ਚ ਪਿਤਾ ਨੇ 18,000 ਰੁਪਏ ਦਾ ਕਰਜ਼ਾ ਲੈ ਕੇ ਅਕਸ਼ੇ ਲਈ ਬੈਂਕਾਕ ਜਾਣ ਦੀ ਟਿਕਟ ਖ਼ਰੀਦੀ ਸੀ।

ਅਕਸ਼ੇ ਵੇਟਰ ਦੇ ਤੌਰ 'ਤੇ ਕੰਮ ਕਰਨ ਲਈ ਮੁੰਬਈ ਆਏ ਸਨ ਪਰ ਖ਼ੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਇਥੇ ਫ਼ਿਲਮਾਂ 'ਚ ਕੰਮ ਮਿਲ ਗਿਆ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਹਨਾਂ ਨੇ ਕੁਝ ਸਮਾਂ ਮਾਡਲਿੰਗ ਵੀ ਕੀਤੀ ਸੀ। 1991 ਦੀ ਫ਼ਿਲਮ 'ਸੌਗੰਧ' ਨਾਲ ਡੈਬਿਊ ਕਰਨ ਤੋਂ ਬਾਅਦ ਅਕਸ਼ੇ ਨੇ ਉਸੇ ਸਾਲ ਇਕ ਹੋਰ ਫ਼ਿਲਮ 'ਡਾਂਸਰ' ਕੀਤੀ। ਅਗਲੇ ਸਾਲ 1992 'ਚ ਉਨ੍ਹਾਂ ਦੀਆਂ 3 ਫ਼ਿਲਮਾਂ 'ਖਿਲਾੜੀ', 'ਮਿਸਟਰ ਬਾਂਡ' ਤੇ 'ਦੀਦਾਰ' ਰਿਲੀਜ਼ ਹੋਈਆਂ। ਇਸ ਤੋਂ ਇਲਾਵਾ ਉਹਨਾਂ ਨੇ 1993 'ਚ 5 ਤੇ 1994 'ਚ 11 ਫ਼ਿਲਮਾਂ ਦਿੱਤੀਆਂ। ਉਦੋਂ ਤੋਂ ਲੈ ਕੇ ਅੱਜ ਤੱਕ ਅਕਸ਼ੇ ਕੁਮਾਰ ਹਰ ਸਾਲ ਘੱਟੋ-ਘੱਟ 3 ਫ਼ਿਲਮਾਂ ਰਿਲੀਜ਼ ਕਰਦੇ ਹਨ। ਆਪਣੇ 32 ਸਾਲਾਂ ਦੇ ਕਰੀਅਰ 'ਚ ਅਕਸ਼ੇ ਕੁਮਾਰ 132 ਫ਼ਿਲਮਾਂ 'ਚ ਨਜ਼ਰ ਆਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Anuradha

Content Editor

Related News