ਪਰੇਸ਼ ਰਾਵਲ ਦੀ ਫਿਲਮ ''ਦਿ ਤਾਜ ਸਟੋਰੀ'' ਨੂੰ ਲੰਡਨ ਦੇ ਹਾਊਸ ਆਫ ਕਾਮਨ ''ਚ ਮਿਲਿਆ ''ਬੈਸਟ ਫਿਲਮ'' ਪੁਰਸਕਾਰ
Sunday, Apr 20, 2025 - 04:32 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਦੀ ਫਿਲਮ 'ਦਿ ਤਾਜ ਸਟੋਰੀ' ਨੇ ਹਾਲ ਹੀ ਵਿੱਚ ਲੰਡਨ ਦੇ ਹਾਊਸ ਆਫ ਕਾਮਨ ਵਿਖੇ ਆਯੋਜਿਤ ਗਲੋਬਲ ਬਿਜ਼ਨੈੱਸ ਐਵਾਰਡਜ਼ 2025 ਵਿੱਚ ਅੰਤਰਰਾਸ਼ਟਰੀ ਸ਼੍ਰੇਣੀ ਵਿੱਚ 'ਬੈਸਟ ਫਿਲਮ' ਦਾ ਪੁਰਸਕਾਰ ਜਿੱਤਿਆ। 'ਦਿ ਤਾਜ ਸਟੋਰੀ' ਨੂੰ ਬ੍ਰਿਟਿਸ਼ ਦਰਸ਼ਕਾਂ ਅਤੇ ਲੰਡਨ ਨਿਵਾਸੀਆਂ ਦੇ ਨਾਲ-ਨਾਲ ਉੱਥੋਂ ਦੇ ਫੌਜੀ ਕਰਮਚਾਰੀਆਂ ਨੇ ਬਹੁਤ ਪਿਆਰ ਦਿੱਤਾ। ਫਿਲਮ ਦੀ ਮੁੱਖ ਭੂਮਿਕਾ ਵਿੱਚ ਪਰੇਸ਼ ਰਾਵਲ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਲੇਖਕ ਅਤੇ ਨਿਰਦੇਸ਼ਕ ਤੁਸ਼ਾਰ ਅਮਰੀਸ਼ ਗੋਇਲ ਦੇ ਕੰਮ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਗਈ। ਇਸ ਸ਼ਾਨਦਾਰ ਫਿਲਮ ਦਾ ਨਿਰਮਾਣ ਸੁਰੇਸ਼ ਝਾਅ ਨੇ ਕੀਤਾ ਹੈ ਅਤੇ ਫਿਲਮ ਦੇ ਰਚਨਾਤਮਕ ਨਿਰਮਾਤਾ ਵਿਕਾਸ ਰਾਧੇਸ਼ਿਆਮ ਹਨ।
ਫਿਲਮ ਦੇ ਡੀ.ਓ.ਪੀ. ਸੱਤਿਆਜੀਤ ਹਜ਼ਾਰਨੀਸ ਹਨ ਅਤੇ ਸੰਪਾਦਕ ਹਿਮਾਂਸ਼ੂ ਐਮ ਤਿਵਾੜੀ ਹਨ। ਇਸ ਫਿਲਮ ਇਕ ਤੋਂ ਵੱਧ ਕੇ ਇਕ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਕੰਮ ਕੀਤਾ ਹੈ, ਜਿਸ ਵਿੱਚ ਅੰਮ੍ਰਿਤਾ ਖਾਨਵਿਲਕਰ, ਜ਼ਾਕਿਰ ਹੁਸੈਨ, ਨਮਿਤ ਦਾਸ, ਬ੍ਰਿਜੇਂਦਰ ਕਾਲਾ, ਸਨੇਹਾ ਵਾਘ, ਸ਼ਿਸ਼ਿਰ ਸ਼ਰਮਾ, ਸ਼੍ਰੀਕਾਂਤ ਵਰਮਾ, ਅਖਿਲੇਂਦਰ ਮਿਸ਼ਰਾ, ਅਨਿਲ ਜਾਰਜ, ਅਭਿਜੀਤ ਲਹਿਰੀ, ਸਿਧਾਰਥ ਭਾਰਦਵਾਜ, ਲਤਿਕਾ, ਪੰਕਜ ਬੇਰੀ, ਅਸਿਤ ਚੈਟਰਜੀ, ਫਲੋਰਾ ਜੋਕਸ, ਵੀਣਾ ਝਾਅ ਅਤੇ ਬਾਲ ਕਲਾਕਾਰਾਂ ਵਿੱਚ ਸਵਰਨੀਮ ਅਤੇ ਸਰਵਗਿਆ ਸ਼ਾਮਲ ਹਨ। ਇਨ੍ਹਾਂ ਸਾਰੇ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਵਿੱਚ ਜਾਨ ਪਾ ਦਿੱਤੀ ਅਤੇ ਫਿਲਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ।
'ਦਿ ਤਾਜ ਸਟੋਰੀ' ਦੀ ਅੰਤਰਰਾਸ਼ਟਰੀ ਸਫਲਤਾ ਨੇ ਭਾਰਤੀ ਸਿਨੇਮਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਭਾਰਤੀ ਕਹਾਣੀਆਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲ ਰਹੀ ਹੈ। ਇਹ ਫਿਲਮ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੈ, ਸਗੋਂ ਤਾਜ ਮਹਿਲ ਦੇ ਅਸਲ ਇਤਿਹਾਸ ਬਾਰੇ ਜਾਣਕਾਰੀ ਵੀ ਦਿੰਦੀ ਹੈ ਅਤੇ ਲੋਕਾਂ ਦੇ ਦਿਲਾਂ ਨੂੰ ਛੂਹ ਲੈਣ ਵਾਲਾ ਸੁਨੇਹਾ ਵੀ ਦਿੰਦੀ ਹੈ। ਇਸ ਫਿਲਮ ਦੀ ਅੰਤਰਰਾਸ਼ਟਰੀ ਸਫਲਤਾ ਲਈ ਨਿਰਮਾਤਾ, ਲੇਖਕ ਤੇ ਨਿਰਦੇਸ਼ਕ ਅਤੇ ਅਦਾਕਾਰ ਵਧਾਈ ਦੇ ਪਾਤਰ ਹਨ। ਇਸ ਪ੍ਰਾਪਤੀ ਨੇ ਭਾਰਤੀ ਸਿਨੇਮਾ ਨੂੰ ਵੀ ਮਾਣ ਦਿਵਾਇਆ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਲਈ ਇੱਕ ਨਵਾਂ ਰਾਹ ਖੋਲ੍ਹਿਆ ਹੈ। 'ਦਿ ਤਾਜ ਸਟੋਰੀ' ਜਲਦੀ ਹੀ ਭਾਰਤ ਸਮੇਤ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।