''ਸੈਯਾਰਾ'' ਇਸ ਦੌਰ ਦੀਆਂ ਪ੍ਰੇਮ ਕਹਾਣੀਆਂ ਦੀ ਪਰਿਭਾਸ਼ਾ ਬਦਲ ਦੇਵੇਗੀ : ਮਹੇਸ਼ ਭੱਟ
Tuesday, Jul 15, 2025 - 02:55 PM (IST)

ਮੁੰਬਈ- ਭਾਰਤ ਦੇ ਸਭ ਤੋਂ ਵੱਕਾਰੀ ਫਿਲਮ ਨਿਰਮਾਤਾਵਾਂ ਵਿਚੋਂ ਇਕ ਮਹੇਸ਼ ਭੱਟ ਇਸ ਗੱਲ ਤੋਂ ਖੁਸ਼ ਹਨ ਕਿ ਲੋਕ ਮੋਹਿਤ ਵਿਦਵਾਨ ਦੀ ‘ਸੈਯਾਰਾ’ ਵਿਚ ਉਨ੍ਹਾਂ ਦੀ ਬਲਾਕਬਸਟਰ ਰੋਮਾਂਟਿਕ ਫਿਲਮ ‘ਆਸ਼ਿਕੀ’ ਦੀ ਝਲਕ ਦੇਖ ਰਹੇ ਹਨ! ਮਹੇਸ਼ ਭੱਟ ਦੀ ‘ਆਸ਼ਿਕੀ’ ਨੇ ਰਾਹੁਲ ਰਾਏ ਅਤੇ ਅਨੁ ਅਗਰਵਾਲ ਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ ਸੀ। ਇਸੇ ਤਰ੍ਹਾਂ ‘ਸੈਯਾਰਾ’ ਅਹਾਨ ਪਾਂਡੇ ਅਤੇ ਅਨੀਤ ਪੱਡਾ ਲਈ ਲਾਂਚਪੈਡ ਹੈ ਜੋ ਵਾਈ.ਆਰ.ਐੱਫ. ਦੇ ਅਗਲੇ ਹੀਰੋ ਅਤੇ ਹੀਰੋਇਨ ਵਜੋਂ ਸਾਹਮਣੇ ਆ ਰਹੇ ਹਨ। ‘ਸੈਯਾਰਾ’ ਦੇ ਗਾਣੇ ਵੀ ਚਾਰਟਬਸਟਰ ਬਣ ਚੁੱਕੇ ਹਨ। ਇਸ ਦਾ ਟਾਈਟਲ ਟ੍ਰੈਕ ਬਹੁਤ ਹਿੱਟ ਹੈ!
ਮਹੇਸ਼ ਕਹਿੰਦੇ ਹਨ, “ਹਰ ਪੀੜ੍ਹੀ ਦੀ ਇਕ ਪ੍ਰੇਮ ਕਹਾਣੀ ਹੁੰਦੀ ਹੈ ਜੋ ਉਸ ਨੂੰ ਪਰਿਭਾਸ਼ਿਤ ਕਰਦੀ ਹੈ। ‘ਸੈਯਾਰਾ’ ਮੇਰੀ ਨਜ਼ਰ ਵਿਚ ਇਸ ਪੀੜ੍ਹੀ ਦੀ ਸਭ ਤੋਂ ਅਹਿਮ ਰੋਮਾਂਟਿਕ ਫਿਲਮ ਹੋਵੇਗੀ। ਜਦੋਂ ਮੈਂ ‘ਆਸ਼ਿਕੀ’ ਬਣਾਈ ਸੀ ਤਾਂ ਮੈਂ ਇਸ ਨੂੰ ਬਹੁਤ ਪਵਿੱਤਰਤਾ ਨਾਲ ਬਣਾਇਆ ਅਤੇ ਖੁਸ਼ਕਿਸਮਤੀ ਨਾਲ ਲੋਕ ਇਸ ਨਾਲ ਡੂੰਘਾਈ ਨਾਲ ਜੁੜ ਗਏ ਅਤੇ ਦੋ ਨਵੇਂ ਚਿਹਰਿਆਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਮੈਂ ਉਮੀਦ ਕਰਦਾ ਹਾਂ ਕਿ ਮੋਹਿਤ ਵਿਦਵਾਨ ‘ਸੈਯਾਰਾ’ ਦੇ ਨਾਲ ਵੀ ਇਹੀ ਕਰੇਗਾ। ਇਹ ਦੇਖਣਾ ਅਨੋਖਾ ਹੈ ਕਿ ਲੋਕ ‘ਸੈਯਾਰਾ’ ਦੇਖਦੇ ਵੇਲੇ ‘ਆਸ਼ਿਕੀ’ ਦੀਆਂ ਯਾਦਾਂ ਨੂੰ ਮਹਿਸੂਸ ਕਰ ਰਹੇ ਹਨ ਪਰ ਮੈਂ ਕਹਿ ਸਕਦਾ ਹਾਂ ਕਿ ‘ਸੈਯਾਰਾ’ ਇਸ ਦੌਰ ਦੀਆਂ ਪ੍ਰੇਮ ਕਹਾਣੀਆਂ ਦੀ ਪਰਿਭਾਸ਼ਾ ਬਦਲ ਦੇਵੇਗੀ।
ਹਰ ਨਵੀਂ ਪੀੜ੍ਹੀ ਨੂੰ ਪਿਛਲੀ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ‘ਸੈਯਾਰਾ’ ਵੀ ਇਹੀ ਕਰ ਸਕਦੀ ਹੈ। ਮੋਹਿਤ ਮੇਰਾ ਚੇਲਾ ਹੈ ਅਤੇ ਜੇਕਰ ਉਹ ਹਰ ਮਾਅਨੇ ਵਿਚ ਮੇਰੇ ਤੋਂ ਅੱਗੇ ਨਿਕਲਦਾ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਕੀ ਹੋਵੇਗੀ। ਮਹੇਸ਼ ਕਹਿੰਦੇ ਹਨ, “ਮੈਂ ਰੋਮਾਂਚਿਤ ਹਾਂ ਕਿ ਮੋਹਿਤ ਨੇ ਦੋ ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ‘ਸੈਯਾਰਾ’ ਬਣਾਉਣ ਦਾ ਜੋਖਮ ਲਿਆ ਹੈ, ਜੋ ਸਕਰੀਨ ’ਤੇ ਚਮਕਦੇ ਨਜ਼ਰ ਆ ਰਹੇ ਹਨ। ਮੈਂ ਇਹ ਵੀ ਦੇਖ ਕੇ ਖੁਸ਼ ਹਾਂ ਕਿ ਵਾਈ.ਆਰ.ਐੱਫ. ਵਰਗਾ ਸਟੂਡੀਓ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਦੇ ਪਿੱਛੇ ਹੈ, ਜਿਸ ਦੀ ਸਿਨੇਮਾਈ ਵਿਰਾਸਤ ਬਹੁਤ ਉੱਚੀ ਹੈ। ਮੈਂ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ ਕਿ ਦੇਸ਼ 18 ਜੁਲਾਈ ਨੂੰ ਇਸ ਨੂੰ ਸਿਨੇਮਾਘਰਾਂ ਵਿਚ ਦੇਖੇ। ਵਾਈ.ਆਰ.ਐੱਫ. ਦੇ ਸੀ.ਈ.ਓ. ਅਕਸ਼ੈ ਵਿਧਾਨੀ ਦੁਆਰਾ ਨਿਰਮਿਤ ‘ਸੈਯਾਰਾ’ 18 ਜੁਲਾਈ ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।