‘ਆਰਟੀਕਲ 370’ ਦੇਖ ਲੋਕਾਂ ਨੇ ਕੀਤੇ ਮੈਸੇਜ, ਲਿਖਿਆ ‘ਅਸੀਂ ਵੀ ਜਾਣਾ ਹੈ NVA 'ਚ’ : ਯਾਮੀ

03/01/2024 1:20:59 PM

ਯਾਮੀ ਗੌਤਮ ਅਤੇ ਪ੍ਰਿਆ ਮਣੀ ਸਟਾਰਰ ਫ਼ਿਲਮ ‘ਆਰਟੀਕਲ 370’ ਸਿਨੇਮਾ ਘਰਾਂ ਵਿਚ 23 ਫਰਵਰੀ, 2024 ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਸਮੇਂ ਸਿਨੇਮਾ ਘਰਾਂ ’ਚ ਧੂੰਮਾਂ ਪਾ ਰਹੀ ਹੈ। ਇਸ ਸਿਆਸੀ ਡਰਾਮਾ ਫ਼ਿਲਮ ਵਿਚ ਯਾਮੀ ਗੌਤਮ ਨੇ ਐੱਨ. ਆਈ. ਏ. ਏਜੰਟ ਜੂਨੀ ਹਕਸਰ ਅਤੇ ਪ੍ਰਿਆ ਮਣੀ ਨੇ ਰਾਜੇਸ਼ਵਰੀ ਸਵਾਮੀਨਾਥਨ ਦਾ ਕਿਰਦਾਰ ਨਿਭਾਇਆ ਹੈ। ‘ਆਰਟੀਕਲ 370’ ਦਾ ਨਿਰਦੇਸ਼ਨ ਆਦਿੱਤਿਆ ਸੁਹਾਸ ਜਾਂਭਲੇ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਉੜੀ : ਦ ਸਰਜੀਕਲ ਸਟ੍ਰਾਈਕ’ ਵਰਗੀ ਬਲਾਕਬਸਟਰ ਫ਼ਿਲਮ ਦੇ ਚੁੱਕੇ ਹਨ। ਫ਼ਿਲਮ ਦੀ ਮੁੱਖ ਅਦਾਕਾਰਾ ਯਾਮੀ ਗੌਤਮ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਤੁਹਾਡੀ ਫ਼ਿਲਮ ‘ਆਰਟੀਕਲ 370’ ਨੂੰ ਬਹੁਤ ਚੰਗਾ ਰਿਸਪਾਂਸ ਅਤੇ ਤੁਹਾਨੂੰ ਹਮੇਸ਼ਾ ਵਾਂਗ ਬਹੁਤ ਪਿਆਰ ਮਿਲ ਰਿਹਾ ਹੈ। ਕਿਵੇਂ ਲੱਗ ਰਿਹਾ ਹੈ?
ਬਹੁਤ ਚੰਗਾ ਲੱਗ ਰਿਹਾ ਹੈ, ਬਹੁਤ ਖੁਸ਼ੀ ਹੋ ਰਹੀ ਹੈ। ਚੰਗਾ ਲੱਗਦਾ ਹੈ ਜਦੋਂ ਤੁਸੀਂ ਅਜਿਹੀ ਕਹਾਣੀ ’ਤੇ ਆਪਣਾ ਭਰੋਸਾ ਦਿਖਾਇਆ ਹੋਵੇ ਅਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੁਝ ਨਵਾਂ ਕਰਨ ਲੱਗੇ ਹੋ ਅਤੇ ਜਦੋਂ ਕੁਝ ਨਵਾਂ ਕਰਦੇ ਹੋ, ਤਾਂ ਕੁਝ ਵੀ ਹੋ ਸਕਦਾ ਹੈ। ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ । ਸਾਨੂੰ ਦਰਸ਼ਕਾਂ ’ਤੇ ਵੀ ਭਰੋਸਾ ਸੀ ਕਿ ਜੇਕਰ ਅਸੀਂ ਕੋਈ ਚੰਗੀ ਫ਼ਿਲਮ ਦੇਵਾਂਗੇ ਤਾਂ ਦਰਸ਼ਕ ਜ਼ਰੂਰ ਇਸ ਨੂੰ ਪਿਆਰ ਦੇਣਗੇ ਅਤੇ ਇਸੇ ਤਰ੍ਹਾਂ ਹੀ ਹੋਇਆ। ਇਸ ਕਾਰਨ ਬਹੁਤ ਚੰਗਾ ਲੱਗ ਰਿਹਾ ਹੈ।

ਤੁਹਾਡਾ ਪਹਿਲਾ ਰੀਐਕਸ਼ਨ ਕੀ ਸੀ, ਜਦੋਂ ‘ਆਰਟੀਕਲ 370’ ਦੀ ਸਕ੍ਰਿਪਟ ਸੁਣੀ ਸੀ?
ਮੈਨੂੰ ਲੱਗਦਾ ਹੈ ਕਿ ਮੇਰਾ ਪਹਿਲਾ ਰੀਐਕਸ਼ਨ ਹੀ ਮੇਰੇ ਲਈ ਬਿਲਕੁਲ ਸਹੀ ਫੈਸਲਾ ਹੁੰਦਾ ਹੈ। ਮੇਰਾ ਪਹਿਲਾ ਰੀਐਕਸ਼ਨ ਇਹ ਸੀ ਕਿ ਇਹ ਫ਼ਿਲਮ ਜ਼ਰੂਰ ਬਣਨੀ ਚਾਹੀਦੀ ਹੈ। ਫ਼ਿਲਮ ਵੱਡੇ ਪਰਦੇ ਲਈ ਅਤੇ ਹਰ ਭਾਰਤੀ ਲਈ ਬਣਾਈ ਜਾਣੀ ਚਾਹੀਦੀ ਹੈ। ਮੈਂ ਮਹਿਸੂਸ ਕੀਤਾ ਕਿ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਸਭ ਵਾਂਗ ਮੈਨੂੰ ਵੀ ਓਨਾ ਹੀ ਪਤਾ ਸੀ , ਜਿੰਨਾ ਮੈਂ ਖਬਰਾਂ ਵਿਚ ਦੇਖਿਆ ਜਾਂ ਸੁਣਿਆ। ਇੰਨਾ ਕੁਝ ਹੋਇਆ, ਕਿਉਂ ਹੋਇਆ, ਇੰਨਾ ਵੱਡਾ ਇਤਿਹਾਸਕ ਫੈਸਲਾ, ਇਸ ਦੇ ਪਿੱਛੇ ਟੀਮ ਕਿਹੋ ਜਿਹੀ ਸੀ, ਕਈ ਗੱਲਾਂ ਸਨ, ਜਿਨ੍ਹਾਂ ਨੂੰ ਸੁਣ ਕੇ ਮੈਂ ਖੁਦ ਵੀ ਹੈਰਾਨ ਸੀ। ਕਈ ਵਾਰ ਦਰਸ਼ਕ ਸੋਚਦੇ ਹਨ ਕਿ ਜੋ ਤੁਸੀਂ ਫ਼ਿਲਮ ਵਿਚ ਦਿਖਾਇਆ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਹੈ ਪਰ ਅਸਲ ਵਿਚ ਕਈ ਵਾਰ ਸਾਨੂੰ ਘਟਨਾਵਾਂ ਨੂੰ ਟੋਂਡ ਡਾਊਨ ਕਰਨਾ ਪੈਂਦਾ ਹੈ। ਅਜਿਹੇ ਬਹਾਦਰ ਅਫਸਰ ਹਨ, ਜੋ ਇਸ ਤਰ੍ਹਾਂ ਦਾ ਕੰਮ ਕਰਦੇ ਹਨ, ਜਿਸ ਦਾ ਸਾਨੂੰ ਨਹੀਂ ਪਤਾ। ਜੋ ਰੋਲ ਮੈਨੂੰ ਮਿਲਿਆ ਹੈ ਜੂਨੀ ਹਕਸਰ ਦਾ, ਉਹ ਕਿਸੇ ਦੀ ਅਸਲ ਜ਼ਿੰਦਗੀ ’ਤੇ ਆਧਾਰਿਤ ਹੈ। ਹਾਂ, ਅਸੀਂ ਕਿਰਦਾਰ ਨੂੰ ਇਕ ਬੈਕ ਸਟੋਰੀ ਜ਼ਰੂਰ ਦਿੱਤੀ ਹੈ। ਮੈਨੂੰ ਲੱਗਾ ਕਿ ਇੰਨਾ ਮਹੱਤਵਪੂਰਨ ਕਿਰਦਾਰ ਅਤੇ ਕਹਾਣੀ ਜ਼ਰੂਰ ਬਣਨੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਸਭ ਕੁਝ ਠੀਕ ਹੋਵੇਗਾ ਅਤੇ ਮੇਰਾ ਇਹ ਫੈਸਲਾ ਵੀ ਬਿਲਕੁਲ ਸਹੀ ਹੋਵੇਗਾ।

ਆਪਣੇ ਕਿਰਦਾਰ ਨੂੰ ਨਿਭਾਉਂਦੇ ਸਮੇਂ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਤੁਸੀਂ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ?
ਮੈਂ ਹਮੇਸ਼ਾ ਉਹੀ ਫ਼ਿਲਮ ਸਾਈਨ ਕਰਦੀ ਹਾਂ, ਜਿਸ ਦੀ ਮੈਨੂੰ ਕਹਾਣੀ ਚੰਗੀ ਲੱਗੇਗੀ ਜਾਂ ਸਕ੍ਰਿਪਟ ਪਸੰਦ ਆਏ। ਕਈ ਵਾਰ ਕਹਾਣੀ ਅਤੇ ਸਕ੍ਰਿਪਟ ਵਿਚ ਫਰਕ ਆ ਜਾਂਦਾ ਹੈ। ਕਦੇ-ਕਦੇ ਲੱਗਦਾ ਕਿ ਕਹਾਣੀ ਬਹੁਤ ਚੰਗੀ ਹੈ ਪਰ ਸਕ੍ਰਿਪਟ ਪੜ੍ਹ ਕੇ ਅਜਿਹਾ ਮਹਿਸੂਸ ਨਹੀਂ ਹੋਇਆ। ਇਹ ਦੋ ਵੱਖ-ਵੱਖ ਚੀਜ਼ਾਂ ਹਨ। ਕਿਰਦਾਰ ਬਹੁਤ ਚੰਗਾ ਹੈ ਪਰ ਸਕ੍ਰਿਪਟ ਹਾਲੇ ਕਮਜ਼ੋਰ ਹੈ ਪਰ ਜਦੋਂ ਮੈਂ ਕੋਈ ਚੋਣ ਕਰਦੀ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਮੇਰੇ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ। ਫਿਰ ਇਕ ਵਾਰ ਜਦੋਂ ਮੈਂ ਕਿਸੇ ਫ਼ਿਲਮ ਨੂੰ ਕਮਿਟਮੈਂਟ ਦਿੰਦੀ ਹਾਂ ਤਾਂ ਬਾਕੀ ਉਸ ਦੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਮੈਂ ਨਹੀਂ ਸੋਚਦੀ।

ਹਾਲ ਹੀ ’ਚ ਤੁਸੀਂ ਆਪਣੀ ਟ੍ਰੇਨਿੰਗ ਦੀ ਵੀਡੀਓ ਸ਼ੇਅਰ ਕੀਤੀ। ਫ਼ਿਲਮ ਲਈ ਤੁਸੀਂ ਖੁਦ ਨੂੰ ਕਿਵੇਂ ਤਿਆਰ ਕੀਤਾ?
ਜਦੋਂ ਲੋਕ ਸਾਡੀ ਪਰਫਾਰਮੈਂਸ, ਐਕਸ਼ਨ ਜਾਂ ਸਾਡੀ ਸ਼ਲਾਘਾ ਕਰਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਜਿਨ੍ਹਾਂ ਦੀ ਮਦਦ ਨਾਲ ਇਹ ਹੋਇਆ, ਉਨ੍ਹਾਂ ਨੂੰ ਜ਼ਰੂਰ ਕ੍ਰੈਡਿਟ ਮਿਲਣਾ ਚਾਹੀਦਾ ਹੈ। ਮੈਂ ਟ੍ਰੇਨਰ ਮੁਸਤਫਾ ਲਈ ਵੀਡੀਓ ਸ਼ੇਅਰ ਕੀਤੀ ਸੀ। ਕਿਰਦਾਰ ਲਈ ਚਰਚਾ ਕਰਦੇ ਸਮੇਂ ਮੈਂ ਸਿਰਫ ਇਕ ਗੱਲ ਕਹੀ ਕਿ ਮੈਂ ਖੁਦ ਨੂੰ ਸਿਹਤਮੰਦ ਢੰਗ ਨਾਲ ਫਿੱਟ ਰੱਖਣਾ ਹੈ ਕਿਉਂਕਿ ਜਿਸ ਤਰ੍ਹਾਂ ਅਫਸਰ ਕੰਮ ਕਰਦੇ ਹਨ, ਉਨ੍ਹਾਂ ਦੀ ਫਿਟਨੈੱਸ ਦਾ ਇਕ ਵੱਖਰਾ ਹੀ ਲੈਵਲ ਹੈ। ਪਹਿਲਾ ਕਦਮ ਹੀ ਹਮੇਸ਼ਾ ਸਭ ਤੋਂ ਔਖਾ ਹੁੰਦਾ ਹੈ। ਟ੍ਰੇਨਰ ਨੇ ਅਜਿਹੀਆਂ ਕਸਰਤਾਂ ਕਰਵਾਈਆਂ ਕਿ ਉਨ੍ਹਾਂ ਦਾ ਨਾਂ ‘ ਮੌਤ ਦਾ ਸੌਦਾਗਰ’ ਰੱਖ ਦਿੱਤਾ। ਬਤੌਰ ਇਕ ਐਕਟਰ ਮੈਂ ਇਸ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ, ਇਸੇ ਲਈ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ।

ਤੁਹਾਨੂੰ ਕਿਹੜਾ ਸਭ ਤੋਂ ਸਪੈਸ਼ਲ ਰਿਸਪਾਂਸ ਮਿਲਿਆ?
ਬਹੁਤ ਵਧੀਆ ਲੱਗ ਰਿਹਾ ਹੈ, ਜੋ ਰਿਸਪਾਂਸ ਮਿਲ ਰਿਹਾ ਹੈ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਾਰੇ ਕਮੈਂਟਸ ਹਰ ਜਗ੍ਹਾ ਪੜ੍ਹ ਸਕਾਂ। ਦਿਲ ਨੂੰ ਛੂਹ ਲੈਣ ਵਾਲੀ ਗੱਲ ਇਹ ਹੈ ਕਿ ਕੁਝ ਪੈਰੇਂਟਸ ਕਹਿ ਰਹੇ ਹਨ ਕਿ ਉਹ ਆਪਣੇ ਬਾਲਗ (ਟੀਨਏਜ਼) ਬੇਟਿਆਂ ਅਤੇ ਬੇਟੀਆਂ ਨਾਲ ਗਏ। ਫ਼ਿਲਮ ਦੇਖਣ ਤੋਂ ਬਾਅਦ ਉਹ ਕਹਿ ਰਹੇ ਹਨ ਕਿ ਇੰਜੀਨੀਅਰਿੰਗ ’ਚ ਨਹੀਂ ਜਾਣਾ, ਜਿਥੇ ਸਭ ਜਾਂਦੇ ਹਨ, ਅਸੀਂ ਐੱਨ.ਆਈ.ਏ. ਜੁਆਇੰਨ ਕਰਨੀ ਹੈ। ਇਹ ਬਹੁਤ ਵਧੀਆ ਅਤੇ ਨਿੱਜੀ ਲੱਗਾ ਕਿ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਪ੍ਰੇਰਿਤ ਕਰ ਸਕਦੇ ਹੋ, ਖਾਸ ਕਰ ਕੇ ਬੱਚਿਆਂ ਨੂੰ, ਜੋ ਦੇਸ਼ ਦਾ ਭਵਿੱਖ ਹਨ। ਇਹ ਬਹੁਤ ਵੱਡੀ ਗੱਲ ਹੈ ਅਤੇ ਇਕ ਵੱਡੀ ਪ੍ਰਾਪਤੀ ਜਾਪਦੀ ਹੈ। ਇਹੋ ਗੱਲ ਮੈਂ ਅਤੇ ਆਦਿੱਤਿਆ ਨੇ ਸੋਚੀ ਸੀ, ਜਦੋਂ ਅਸੀਂ ਇਸ ਫ਼ਿਲਮ ਬਾਰੇ ਗੱਲਾਂ ਕਰਦੇ ਸੀ। ਅਜਿਹਾ ‘ਉੜੀ’ ਦੌਰਾਨ ਵੀ ਬਹੁਤ ਹੋਇਆ ਸੀ, ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਅਸੀਂ ਆਰਮੀ ਜਾਂ ਏਅਰਫੋਰਸ ਜੁਆਇੰਨ ਕਰਨੀ ਹੈ। ਲੜਕੀਆਂ ਦੇ ਮੈਸੇਜ ਵੀ ਮਿਲੇ ਸਨ, ਇਸ ਲਈ ਮੈਨੂੰ ਸਹੀ ਪਾਵਰ ਮਹਿਸੂਸ ਹੋਈ ਇਕ ਚੰਗੇ ਸਿਨੇਮਾ ਦੀ।

ਪ੍ਰੈਗਨੈਂਸੀ ਦੌਰਾਨ ਵੀ ਸ਼ੂਟਿੰਗ ਕੀਤੀ। ਕਿਵੇਂ ਮੈਨੇਜ ਕੀਤਾ ਤੁਸੀਂ?
ਐਕਸ਼ਨ ਸੀਨ ਲਗਭਗ ਪਹਿਲਾਂ ਹੀ ਸ਼ੂਟ ਹੋ ਚੁੱਕੇ ਸਨ। ਫਿਰ ਵੀ, ਕਸ਼ਮੀਰ ਦੇ ਕਈ ਸ਼ੂਟ ਅਜਿਹੇ ਸਨ, ਜੋ ਪ੍ਰੈਗਨੈਂਸੀ ਦੌਰਾਨ ਕੀਤੇ ਗਏ ਸਨ। ਅਸੀਂ ਕਾਫੀ ਉਤਸ਼ਾਹਿਤ ਸੀ। ਉਸ ਸਮੇਂ ਮੇਰੇ ਦਿਮਾਗ ਵਿਚ ਇਕ ਸੈਂਸ ਆਫ ਡਿੳੂਟੀ ਵੀ ਸੀ ਕਿ ਬਤੌਰ ਐਕਟਰ ਮੈਂ ਇਕ ਕਮਿਟਮੈਂਟ ਕੀਤੀ ਹੈ।
ਨਿਰਮਾਤਾਵਾਂ ਨੇ ਮੇਰੇ ’ਤੇ ਭਰੋਸਾ ਦਿਖਾਇਆ, ਉਹ ਵੀ ਉਦੋਂ ਜਦੋਂ ਮੈਂ ਫ਼ਿਲਮ ਦਾ ਅਹਿਮ ਅਤੇ ਕੇਂਦਰੀ ਕਿਰਦਾਰ ਹਾਂ। ਇਹ ਮੇਰੀ ਪਹਿਲੀ ਸੋਲੋ ਥ੍ਰੈਟੀਕਲ ਰਿਲੀਜ਼ ਹੈ ਅਤੇ ਇਕ ਵੱਡੀ ਜ਼ਿੰਮੇਵਾਰੀ ਵੀ। ਦੂਜਾ ਨਵਾਂ ਪੜਾਅ ਹੈ ਇਹ ਜ਼ਿੰਦਗੀ ਦਾ, ਜੋ ਸਭ ਤੋਂ ਖੂਬਸੂਰਤ, ਵਿਲੱਖਣ ਹੈ। ਜੇਕਰ ਤੁਹਾਨੂੰ ਰੱਬ ’ਤੇ ਭਰੋਸਾ ਹੈ ਤਾਂ ਉਨ੍ਹਾਂ ਦੇ ਸਭ ਤੋਂ ਨੇੜੇ ਲੈ ਕੇ ਜਾਣ ਵਾਲਾ ਪੜਾਅ, ਮੈਨੂੰ ਇਹ ਮਹਿਸੂਸ ਹੋਇਆ। ਕਿਵੇਂ ਦੋਵਾਂ ਦਾ ਸੰਤੁਲਨ ਅਤੇ ਮਿਸ਼ਰਣ ਹੋਵੇ, ਸਭ ਤੋਂ ਜ਼ਰੂਰੀ ਸੀ ਸੰਤੁਲਨ ਆਪਣੇ ਦਿਮਾਗ ਵਿਚ ਰੱਖਣਾ। ਕਿਤੇ ਨਾ ਕਿਤੇ ਆਪਣੀ ਮੰਮੀ ਤੋਂ ਇੰਸੀਪ੍ਰੇਸ਼ਨ ਹਮੇਸ਼ਾ ਹੀ ਮਿਲਿਆ ਹੈ। ਮੈਂ ਇਸ ਦੌਰਾਨ ਸਾਵਧਾਨ ਰਹਿਣਾ ਸੀ ਪਰ ਕੋਈ ਡਰ ਨਹੀਂ ਪਾਲਣਾ ਸੀ।


sunita

Content Editor

Related News