ਚੁਣ-ਚੁਣ ਗੱਭਰੂ ਮਾਰ ਰਿਹੈ ਚਿੱਟੇ ਦਾ ਪ੍ਰੇਤ

Monday, Sep 03, 2018 - 01:22 AM (IST)

ਸ੍ਰੀ ਅਨੰਦਪੁਰ ਸਾਹਿਬ,   (ਸਮਸ਼ੇਰ ਸਿੰਘ ਡੂਮੇਵਾਲ/ਗੁਰਭਾਗ)-  ਲੋਕਾਈ ਦੀ ਵਿਲੱਖਣ ਕੌਮ ਨੂੰ ਜਨਮ ਦੇਣ ਵਾਲੀ ਸ੍ਰੀ ਅਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਕਦੇ ਸਾਊ ਤੇ ਸਰੀਫ ਲੋਕਾਂ ਦਾ ਖਿੱਤਾ ਕਰ ਕੇ ਜਾਣੀ ਜਾਂਦੀ ਸੀ ਪਰ ਇਸ ਅੰਦਰ ਬੀਤੇ ਕੁਝ ਵਰਿਆਂ ਤੋਂ ਦਾਖਲ  ਹੋਇਆ ਆਦਮਖੋਰ ਨਸ਼ਾ ‘ਚਿੱਟੇ’ ਦਾ ਪ੍ਰੇਤ  ਅੱਜ ਚੁਣ-ਚੁਣ ਕੇ ਗੱਭਰੂ ਮਾਰ ਰਿਹਾ ਹੈ।  ਪੰਜ ਸਾਲ ਪਹਿਲਾਂ ਜਦੋਂ ਸ੍ਰੀ ਅਨੰਦਪੁਰ ਸ਼ਹਿਰ ’ਚ ਇਸ ਮਾਰੂ ਨਸ਼ੇ ਦੀ ਆਮਦ ਹੋਈ ਸੀ ਤਾਂ ਇਸ ਦਾ ਮੁੱਦਾ ਵੱਡੇ ਪੱਧਰ ’ਤੇ ਚੁੱਕਿਆ ਗਿਆ ਸੀ। ਇਸ ਲਈ ਜ਼ਿੰਮੇਵਾਰ ਉੱਚ ਸਿਆਸੀ ਤੇ ਧਾਰਮਕ ਅਹੁਦਿਆਂ ’ਤੇ ਬਿਰਾਜਮਾਨ ਲੋਕਾਂ ’ਤੇ ਇਸ ਦੀ ਸਮੱਗਲਿੰਗ ’ਚ ਭਾਈਵਾਲੀ ਨੂੰ ਲੈ ਕੇ ਉਂਗਲਾਂ ਵੀ ਉੱਠੀਆਂ ਸਨ ਤੇ ਅੱਜ ਤੱਕ ਉੱਠ ਵੀ ਰਹੀਆਂ ਹਨ ਪਰ ਇਸ ਨੂੰ ਰੋਕਣ ’ਚ ਸਰਕਾਰੀ ਤੰਤਰ ਜਿੱਥੇ ਬੁਰੀ ਤਰ੍ਹਾਂ ਨਾਕਾਮ ਰਿਹਾ ਉਥੇ ਚਿੱਟੇ ਦਾ ਪਸਾਰ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ’ਚ ਨਿਕਲ ਕੇ ਹੁਣ ਦਿਹਾਤੀ  ਇਲਾਕੇ ’ਚ ਵੀ ਤੇਜ਼ੀ ਨਾਲ ਵਧ ਰਿਹਾ ਹੈ। ਨੌਜਵਾਨ ਵਰਗ ਦਾ ਵੱਡਾ ਹਿੱਸਾ ਇਸ ਕਦਰ ਚਿੱਟੇ ਦੀ ਲਪੇਟ ’ਚ ਆ ਚੁੱਕਾ ਹੈ ਕਿ ਹਸਦੇ ਵਸਦੇ ਘਰਾਂ ਦੇ ਕਈ ਨੌਜਵਾਨ ਇਸ ਦੀ ਭੇਟ ਚਡ਼੍ਹ ਚੁੱਕੇ ਹਨ।  ਸਾਰੇ ਪਾਸੇ ਇਹੀ ਹਾਲ ਹੈ  ਕਿ ਮਾਂ ਕਾਲਾ ਟਿੱਕਾ ਲਾ ਕੇ ਪੁੱਤ  ਨੂੰ ਤੋਰਦੀ ਸੀ  ਪਰ  ਪੁੱਤ ਨੂੰ ਚਿੱਟੇ ਨੇ ਖਾ ਲਿਆ। ਚਿੱਟੇ ਦੀ ਲੱਤ ਦਾ ਸ਼ਿਕਾਰ ਹੋਇਆ ਨੌਜਵਾਨ ਵਰਗ ਦਾ ਇਕ ਹਿੱਸਾ ਅਜਿਹਾ ਵੀ ਹੈ ਜੋ ਜ਼ਿੰਦਗੀ ਮੌਤ ਦੇ ਵਿਚਕਾਰ ਲਟਕ ਰਿਹਾ ਹੈ। ਕਈ ਆਪਣੀਆਂ ਸੰਪਤੀਆਂ ਵੇਚ ਕੇ ਕੰਗਾਲ ਹੋ ਚੁੱਕੇ ਹਨ ਤੇ ਕਈ ਇਸ ਦੀ ਪੂਰਤੀ ਲਈ ਲੁੱਟ-ਖਸੁੱਟ ਕਰਨ ਲਈ ਮਜਬੂਰ ਹਨ।
 ਕਈ ਵਿਆਹੇ  ਨੌਜਵਾਨਾਂ ਦੀ ਜ਼ਿੰਦਗੀ ਨੂੰ ਇਸ ਦੁਖਾਂਤ ਨੇ ਤਲਾਕ ’ਚ ਬਦਲ ਦਿੱਤਾ ਹੈ।  ਆਮ ਵਰਗ ਦੇ ਨਾਲ-ਨਾਲ ਕਈ ਉੱਚ ਤੇ ਨਾਮਵਰ, ਅਸਰ ਰਸੂਖ ਵਾਲੇ ਘਰਾਣਿਆਂ ਦੇ ਕਾਕੇ ਜਿੱਥੇ ਚਿੱਟੇ ਦੇ ਸੇਵਨ ਲਈ ਚਰਚਿਤ ਹੋ ਰਹੇ ਹਨ, ਉੱਥੇ ਇਸ ਦੀ  ਸਮੱਗਲਿੰਗ ’ਚ ਉਨ੍ਹਾਂ ਦਾ ਨਾਂ ਸ਼ਰੇਆਮ ਸੁਣਿਆ ਜਾ ਰਿਹਾ ਹੈ। ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦਾ ਸ੍ਰੀ ਕੀਰਤਪੁਰ ਸਾਹਿਬ, ਨੰਗਲ ਤੇ ਨੂਰਪੁਰਬੇਦੀ ਖੇਤਰ ਅੱਜ ਜਿੱਥੇ ਪੂਰੀ ਤਰ੍ਹਾਂ ਚਿੱਟੇ ਦੀ ਜਕਡ਼ ’ਚ ਆ ਚੁੱਕਾ ਹੈ, ਉੱਥੇ ਇਸ ਦੇ ਨਾਲ  ਲੱਗਦੇ  ਹਿਮਾਚਲ ਪ੍ਰਦੇਸ਼ ਦੇ ਪਿੰਡ ਮਜਾਰੀ ’ਚ ਗਰਮ ਪਕੌਡ਼ਿਆਂ ਵਾਂਗ ਵਿਕ ਰਿਹਾ ਚਿੱਟਾ ਆਪਣੀ ਸਿੱਧੀ ਮਾਰ ਪੰਜਾਬ ਅੰਦਰ ਕਰ ਰਿਹਾ ਹੈ।
 ਕਿਵੇਂ ਹੋ ਰਿਹੈ ਚਡ਼੍ਹਦੀ ਜਵਾਨੀ ਦਾ ਘਾਣ?
 ਚਿੱਟੇ ਦੀ ਲੱਤ ’ਤੇ ਲੱਗੇ 20 ਤੋਂ 25 ਸਾਲ ਦੀ ਉਮਰ ਦੇ 70 ਤੋਂ 80 ਗੱਭਰੂ ਪ੍ਰਤੀ ਦਿਨ ਪੰਜਾਬ ਦੇ ਪਿੰਡਾਂ ’ਚੋਂ ਮਜਾਰੀ ਪੁੱਜਦੇ ਹਨ। ਨਸ਼ਾ  ਸਮੱਗਲਰਾਂ ਵਲੋਂ 500 ਤੋਂ ਲੈ ਕੇ 1000 ਰੁਪਏ ਪ੍ਰਤੀ ਨੌਜਵਾਨ ਦੇ ਸਮੈਕ ਦਾ ਟੀਕਾ ਨਾਡ਼ੀਆਂ ’ਚ ਲਾਇਆ ਜਾਂਦਾ ਹੈ। ਇਥੇ ਵੱਡਾ ਦੁਖਾਂਤ ਇਹ ਵੀ ਹੈ ਕਿ ਡਰੱਗ ਮਾਫੀਆ ਵਲੋਂ  70 ਤੇ 80 ਨੌਜਵਾਨ ’ਤੇ ਇੱਕੋ ਸਰਿੰਜ ਦਾ ਇਸਤੇਮਾਲ ਕੀਤਾ  ਜਾਂਦਾ ਹੈ। ਅਜਿਹੀ ਸਥਿਤੀ ’ਚ ਐੱਚ. ਆਈ. ਵੀ., ਕਾਲਾ ਪੀਲੀਆ ਆਦਿ ਅਨੇਕਾਂ ਜਾਨਲੇਵਾ ਬੀਮਾਰੀਆਂ ਨੌਜਵਾਨ ਵਰਗ ’ਚ ਫੈਲ ਰਹੀਆਂ ਹਨ।
ਕਿੱਥੇ ਖੜ੍ਹੀ ਹੈ ਪੁਲਸ ਦੀ ਕਾਰਗੁਜ਼ਾਰੀ?
 ਇਹ ਕੌਡ਼ਾ ਸੱਚ ਹੈ ਕਿ ਨਸ਼ਾ ਵਿਰੋਧੀ ਮੁਹਿੰਮ ’ਚ ਪੁਲਸ ਨੇ ਉਨ੍ਹਾਂ ਲੋਕਾਂ ’ਤੇ  ਕੇਸ ਦਰਜ ਕੀਤੇ ਹਨ ਜੋ ਨਸ਼ੇ ਦੇ ਸੇਵਨ ਦੇ ਆਦੀ ਹੋ ਚੁੱਕੇ ਹਨ ਪਰ ਇਸਦਾ ਨੈਗੇਟਿਵ ਪੱਖ ਇਹ ਹੈ ਕਿ ਪੁਲਸ ਨੇ ਉਨ੍ਹਾਂ ਲੋਕਾਂ ਖਿਲਾਫ ਬਹੁਤ ਘੱਟ ਕਾਰਵਾਈ ਕੀਤੀ ਹੈ ਜੋ ਲੋਕ  ਸਮੱਗਲਿੰਗ  ਰਾਹੀਂ ਨਸ਼ੇਡ਼ੀ ਨੌਜਵਾਨਾਂ ਤੱਕ ਨਸ਼ਾ ਪਹੁੰਚਾਉਂਦੇ ਹਨ। ਹਾਲਾਂਕਿ ਇੰਦਰਜੀਤ ਕਾਕਾ ਨਾਮੀ ਇਕ  ਸਮੱਗਲਰ ਪੁਲਸ ਨੇ ਪਿੰਡ ਮਜਾਰੀ ’ਚੋਂ ਫਡ਼ ਕੇ ਉਸ ਖਿਲਾਫ ਕਾਰਵਾਈ ਕੀਤੀ ਹੈ ਪਰ ਵੱਡੇ ਮਗਰਮੱਛਾਂ ਤੱਕ ਪਹੁੰਚਦਿਆਂ ਪੁਲਸ ਕਾਰਵਾਈ ਅਕਸਰ ਦਮ ਤੋਡ਼ ਜਾਂਦੀ ਹੈ। ਪੰਜਾਬ ਪੁਲਸ ਦਾ ਤਰਕ ਹੈ ਕਿ ਨਸ਼ਾ  ਸਮੱਗਲਿੰਗ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਅੰਦਰ ਹੁੰਦੀ ਹੈ ਜਦੋਂ ਕਿ ਹਿਮਾਚਲ ਪ੍ਰਦੇਸ਼ ਪੁਲਸ ਇਹ ਕਹਿ ਕੇ ਪੰਜਾਬ ਪੁਲਸ ’ਤੇ ਤੋਡ਼ਾ ਝਾਡ਼ ਦਿੰਦੀ ਹੈ ਕਿ ਨਸ਼ਾ ਪਿੰਡ ਮਜਾਰੀ ’ਚੋਂ ਸਪਲਾਈ ਜ਼ਰੂਰ ਹੁੰਦਾ ਹੈ ਪਰ ਇਸ ਪਿੰਡ ਅੰਦਰ ਡਰੱਗ ਐਂਟਰੀ ਪੰਜਾਬ ਰਾਹੀਂ ਹੁੰਦੀ ਹੈ ਤੇ ਇਥੋਂ ਵਿਕਣ ਵਾਲਾ ਨਸ਼ਾ ਪੰਜਾਬ ਪੁਲਸ ਦੀ ਅਣਗਹਿਲੀ ਕਾਰਨ ਹੀ ਮੁਡ਼ ਪੰਜਾਬ ਅੰਦਰ ਸਪਲਾਈ ਹੁੰਦਾ ਹੈ। ਇਨ੍ਹਾਂ ਹਾਲਾਤ ’ਚ ਡਰੱਗ ਮਾਫੀਆ ਆਪਣੀਆਂ ਮਨਮਾਨੀਆਂ ਕਰਦਾ ਆ ਰਿਹਾ ਹੈ। ਜ਼ਿਲਾ ਰੂਪਨਗਰ ਦੇ ਤਤਕਾਲੀ ਐੱਸ.ਐੱਸ.ਪੀ. ਐੱਲ. ਕੇ. ਯਾਦਵ ਨੇ 2009 ’ਚ ਪਿੰਡ ਢੇਰ ਵਿਖੇ ਇਸੇ ਉਦੇਸ਼ ਨਾਲ ਪੁਲਸ ਚੌਕੀ ਸਥਾਪਤ ਕਰਵਾਈ ਸੀ ਤੇ ਅੱਜ ਤੋਂ ਦੋ ਸਾਲ ਪਹਿਲਾਂ ਤਤਕਾਲੀ ਐੱਸ. ਐੱਸ. ਪੀ. ਮੈਡਮ ਨਿਲੰਬਰੀ ਜਗਦਲੇ ਨੇ ਪਿੰਡ ਮਜਾਰੀ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਚ ਪੱਕੇ ਤੌਰ ’ਤੇ ਨਾਕਾਬੰਦੀ ਕਰਵਾ ਕੇ ਡਰੱਗ  ਸਮੱਗਲਿੰਗ ’ਤੇ ਵੱਡੇ ਪੈਮਾਨੇ ’ਤੇ ਕੰਟਰੋਲ ਕੀਤਾ ਸੀ ਪਰ ਅੱਜ ਇਸ ਨਾਕੇ ’ਤੇ ਪੁਲਸ ਦੀ ਸਰਗਰਮੀ ਗਾਇਬ ਹੈ।
 


Related News