ਐੱਫ. ਸੀ. ਆਈ. ਮੁਲਾਜ਼ਮਾਂ ਦੀ ਹੜਤਾਲ ਕਾਰਨ ਕੰਮਕਾਜ ਰਿਹਾ ਠੱਪ

Tuesday, Dec 11, 2018 - 02:29 AM (IST)

ਐੱਫ. ਸੀ. ਆਈ. ਮੁਲਾਜ਼ਮਾਂ ਦੀ ਹੜਤਾਲ ਕਾਰਨ ਕੰਮਕਾਜ ਰਿਹਾ ਠੱਪ

ਦਸੂਹਾ, (ਸੰਜੇ ਰੰਜਨ)– ਐੱਫ. ਸੀ. ਆਈ. ਮੁਲਾਜ਼ਮਾਂ  ਵੱਲੋਂ ਅੱਜ ਪੰਜਾਬ ਭਰ ’ਚ ਹੜਤਾਲ ਕਰ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਮੁਲਾਜ਼ਮਾਂ ਨੇ ਅੱਜ ਕਲਮਛੋੜ  ਹੜਤਾਲ ਕਰ ਕੇ  ਪੂਰਾ ਦਿਨ ਕੰਮਕਾਜ ਠੱਪ ਰੱਖਿਆ ਗਿਆ। ਐੱਫ. ਸੀ. ਆਈ. ਦੇ ਸਾਰੇ ਸੈਂਟਰਾਂ ’ਤੇ  ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ। ਸਾਰੇ ਸੈਂਟਰਾਂ ਦੇ ਮੁਲਾਜ਼ਮਾਂ ਨੇ ਜ਼ਿਲਾ ਦਫਤਰ ਪਹੁੰਚ ਕੇ  ਰੋਸ ਮੁਜ਼ਾਹਰਾ ਕਰ ਕੇ ਧਰਨਾ ਦਿੱਤਾ ਅਤੇ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ।

ਕੀ ਹੈ ਮਾਮਲਾ
ਐੱਫ. ਸੀ. ਆਈ. ਦੇ ਜਨਰਲ ਮੈਨੇਜਰ ਨੇ 7 ਦਸੰਬਰ ਨੂੰ ਇਕ ਹੁਕਮ ਜਾਰੀ ਕਰ ਕੇ ਕੁਝ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਸਨ। ਮੁਲਾਜ਼ਮਾਂ  ਦੀ ਯੂਨੀਅਨ ਨੇ ਦੋਸ਼ ਲਾਇਆ ਕਿ ਇਹ ਹੁਕਮ ਪਾਲਿਸੀ ਦੀ ਉਲੰਘਣਾ ਹੈ ਅਤੇ ਮਿਹਨਤ ਨਾਲ ਕੰਮ ਕਰ ਰਹੇ ਕੁਝ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ ਉਹ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ। ਕਈ ਵਾਰ ਉਨ੍ਹਾਂ ਨੂੰ ਸਮੇਂ ਤੋਂ ਵੱਧ ਵੀ ਕੰਮ ਕਰਨਾ ਪੈਂਦਾ ਹੈ। ਜਦੋਂ ਗੋਦਾਮਾਂ ’ਚ ਅਨਾਜ ਰੇਲ ਗੱਡੀਆਂ ਰਾਹੀਂ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਵੇਰੇ 5 ਵਜੇ ਵੀ ਗੋਦਾਮਾਂ ਤੇ ਰੇਲਵੇ ਸਟੇਸ਼ਨਾਂ ’ਤੇ ਪਹੁੰਚਣਾ ਪੈਂਦਾ ਹੈ। ਉਹ ਆਪਣੇ ਹੱਕਾਂ ਲਈ ਲੜ ਰਹੇ ਹਨ। ਐੱਫ. ਸੀ. ਆਈ. ਮੈਨੇਜਮੈਂਟ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਅਤੇ  ਬਿਨਾਂ ਕਿਸੇ ਕਾਰਨ ਤੰਗ-ਪ੍ਰੇਸ਼ਾਨ ਕਰ ਰਹੀ ਹੈ।
ਸਹਾਇਕ ਜਨਰਲ ਮੈਨੇਜਰ ਨੇ ਜਾਰੀ ਕੀਤੇ ਨਿਰਦੇਸ਼
ਇਸ ਹੜਤਾਲ ਸਬੰਧੀ  ਐੱਫ. ਸੀ. ਆਈ. ਦੇ ਸਹਾਇਕ ਜਨਰਲ ਮੈਨੇਜਰ ਨੇ ਪੱਤਰ ਨੰਬਰ ਐੱਫ. ਸੀ. ਆਈ. ਆਈ. ਈ. ਐੱਸ. ਯੂ. 1158 ਜਾਰੀ ਕਰ ਕੇ ਸਾਰੇ ਜ਼ਿਲਾ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਹੜਤਾਲ ਸੈਕਸ਼ਨ 22 ਤਹਿਤ ਲੀਗਲ ਨਹੀਂ ਹੈ ਅਤੇ ਇਸ ਹੜਤਾਲ ਕਾਰਨ ਕਿਸੇ ਤਰ੍ਹਾਂ ਦਾ ਕੰਮ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਜੇਕਰ ਜ਼ਰੂਰਤ ਪਵੇ ਤਾਂ ਪੁਲਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਜੇਕਰ ਐੱਫ. ਸੀ. ਆਈ. ਦੀ ਪ੍ਰਾਪਰਟੀ ਜਾਂ ਕੰਮ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ।
ਕੇਂਦਰੀ ਪੂਲ ’ਚ ਜਾਣ ਵਾਲਾ ਚਾਵਲ ਰੁਕਿਆ
ਇਸ ਵੇਲੇ ਪੰਜਾਬ ਭਰ ’ਚ ਚਾਵਲ ਦੀ ਮਿਲਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਮਿਲਿੰਗ ਦਾ ਚਾਵਲ ਕੇਂਦਰੀ ਪੂਲ ’ਚ ਜਾ ਰਿਹਾ ਹੈ। ਇਸ ਹੜਤਾਲ ਕਾਰਨ ਇਹ ਰੁਕ ਗਿਆ ਹੈ। ਇਸੇ ਤਰ੍ਹਾਂ ਇਨ੍ਹਾਂ ਗੋਦਾਮਾਂ ’ਚੋਂ ਦੂਜੇ ਸੂਬਿਆਂ ਨੂੰ ਜਾਣ ਵਾਲਾ ਅਨਾਜ ਵੀ ਅੱਜ ਨਹੀਂ ਜਾ ਸਕਿਆ।
ਮਿੱਲਰਾਂ ਦਾ ਕੰਮ ਪ੍ਰਭਾਵਿਤ
ਇਸ ਹੜਤਾਲ ਕਾਰਨ ਰਾਈਸ ਮਿੱਲਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਿੱਲਰਾਂ ਦਾ ਮੰਨਣਾ ਹੈ ਕਿ ਉਨ੍ਹਾਂ 31 ਮਾਰਚ ਤਕ ਮਿਲਿੰਗ ਦਾ ਕੰਮ ਐਗਰੀਮੈਂਟ ਅਨੁਸਾਰ ਪੂਰਾ ਕਰਨਾ ਹੈ ਅਤੇ 31 ਦਸੰਬਰ ਤਕ 33  ਫੀਸਦੀ ਕੰਮ ਪੂਰਾ ਕਰਨਾ ਹੈ। ਪਰ ਜੇਕਰ ਇਹ ਹੜਤਾਲ ਜਾਰੀ ਰਹੀ ਤਾਂ ਉਨ੍ਹਾਂ ਦਾ ਮਿਲਿੰਗ ਦਾ ਕੰਮ ਪ੍ਰਭਾਵਿਤ ਹੋਵੇਗਾ।


Related News