ਜੋਸ਼ੀ ਹਸਪਤਾਲ ਦੇ ਨਾਲ ਲੱਗਦੀ ਕੋਠੀ ਨੂੰ ਤੋੜਨ ਦਾ ਕੰਮ ਸ਼ੁਰੂ

03/31/2022 5:32:21 PM

ਜਲੰਧਰ (ਖੁਰਾਣਾ)–ਕਪੂਰਥਲਾ ਚੌਕ ਸਥਿਤ ਜੋਸ਼ੀ ਹਸਪਤਾਲ ਦੇ ਨਾਲ ਲੱਗਦੇ ਪਲਾਟ ’ਚ ਪਿਛਲੇ ਕੁਝ ਮਹੀਨਿਅਾਂ ਤੋਂ ਚੱਲ ਰਹੀ ਡੂੰਘੀ ਅਤੇ ਨਾਜਾਇਜ਼ ਖੋਦਾਈ ਕਾਰਨ ਆਲੇ-ਦੁਆਲੇ ਦੇ ਕੁਝ ਮਕਾਨਾਂ ’ਚ ਦਰਾਰਾਂ ਆ ਗਈਅਾਂ ਸਨ ਪਰ ਸਮੇਂ ਸਿਰ ਦਰਾਰਾਂ ਦਾ ਪਤਾ ਚੱਲ ਜਾਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹੁਣ ਉਕਤ ਖੋਦਾਈ ਵਾਲੇ ਪਲਾਟ ਦੇ ਨਾਲ ਲੱਗਦੀ ਇਕ ਕੋਠੀ ਦੇ ਹਿੱਸੇ ਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਉਸ ਦੇ ਕੰਕ੍ਰੀਟ ਦੇ ਭਾਰ ਨਾਲ ਬਾਕੀ ਕੋਠੀ ਵੀ ਧੱਸ ਨਾ ਜਾਵੇ। ਖੋਦਾਈ ਦੇ ਕਾਰਨ ਨਾਲ ਲੱਗਦੀ ਪੀ. ਐਂਡ ਟੀ. ਕਾਲੋਨੀ ਦੀਅਾਂ ਜਿਹੜੀਆਂ 4-5 ਕੋਠੀਅਾਂ ’ਚ ਦਰਾਰਾਂ ਆਈਅਾਂ ਸਨ, ਉਨ੍ਹਾਂ ਦਾ ਅਜੇ ਤਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ, ਜਿਸ ਕਾਰਨ ਪੂਰੇ ਖੇਤਰ ਦੇ ਲੋਕਾਂ ’ਚ ਦਹਿਸ਼ਤ ਬਣੀ ਹੋਈ ਹੈ ਅਤੇ ਲੋਕ ਰਾਤ ਨੂੰ ਸੌਂ ਨਹੀਂ ਪਾਉਂਦੇ।

PunjabKesari

ਸਟ੍ਰੱਕਚਰ ਇੰਜੀਨੀਅਰ ਨੂੰ ਮੌਕੇ ’ਤੇ ਲੈ ਕੇ ਗਈ ਨਿਗਮ ਦੀ ਟੀਮ
ਇਸ ਦਰਮਿਆਨ ਇਸ ਹਾਦਸੇ ਦੀ ਜਾਂਚ ਲਈ ਨਗਰ ਨਿਗਮ ਕਮਿਸ਼ਨਰ ਨੇ ਜੋ ਟੀਮ ਗਠਿਤ ਕੀਤੀ ਸੀ, ਉਸ ਦੇ ਮੈਂਬਰਾਂ ਨੇ ਅੱਜ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੀ ਅਗਵਾਈ ’ਚ ਸਾਈਟ ਵਿਜ਼ਿਟ ਕੀਤੀ। ਇਸ ਟੀਮ ’ਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ ਤੋਂ ਇਲਾਵਾ ਨਿਗਮ ਦੇ ਐੱਸ. ਈ. ਅਨੁਰਾਗ ਮਹਾਜਨ ਅਤੇ ਰਾਹੁਲ ਧਵਨ ਵੀ ਸਨ। ਇਸ ਟੀਮ ਨੇ ਸਟ੍ਰੱਕਚਰ ਇੰਜੀਨੀਅਰ ਬਲਜੀਤ ਸਿੰਘ ਨੂੰ ਨਾਲ ਲੈ ਕੇ ਸਾਰੀਅਾਂ ਕੋਠੀਅਾਂ ਅਤੇ ਮਕਾਨਾਂ ਦਾ ਦੌਰਾ ਕੀਤਾ, ਜਿਥੇ ਖੋਦਾਈ ਕਾਰਨ ਦਰਾਰਾਂ ਆ ਗਈਅਾਂ ਸਨ। ਸਟ੍ਰੱਕਚਰ ਇੰਜੀਨੀਅਰ ਨੇ ਹੁਣ ਤਕ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਮੰਨਿਆ ਜਾ ਰਿਹਾ ਹੈ ਕਿ ਦਰਾਰਾਂ ਕਾਰਨ ਕੁਝ ਹਿੱਸਿਅਾਂ ਨੂੰ ਤਾਂ ਰਿਪੇਅਰ ਨਾਲ ਠੀਕ ਕੀਤਾ ਜਾ ਸਕਦਾ ਹੈ ਪਰ ਕੁਝ ਹਿੱਸੇ ਨੂੰ ਤੋੜਨਾ ਹੀ ਪਵੇਗਾ। ਜ਼ਿਕਰਯੋਗ ਹੈ ਕਿ ਨਿਗਮ ਦੀ ਇਸ ਕਮੇਟੀ ਨੇ 3 ਦਿਨ ’ਚ ਆਪਣੀ ਰਿਪੋਰਟ ਸੌਂਪਣੀ ਹੈ। ਉਧਰ ਇਸ ਮਾਮਲੇ ’ਚ ਨਿਗਮ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਨੂੰ ਵੀ ਪੱਤਰ ਲਿਖ ਦਿੱਤਾ ਹੈ, ਜਿਸ ’ਚ ਮੰਗ ਕੀਤੀ ਗਈ ਹੈ ਕਿ ਬਿਲਡਿੰਗ ਮਾਲਕ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ ਕੇਸ ਦਰਜ ਕੀਤਾ ਜਾਵੇ। ਪੱਤਰ ’ਚ ਨਕਸ਼ੇ ਦੇ ਉਲਟ ਨਿਰਮਾਣ ਤੇ ਬਿਨਾਂ ਨਕਸ਼ਾ ਨਿਰਮਾਣ ਦਾ ਮਾਮਲਾ ਵੀ ਉਠਾਇਆ ਗਿਆ ਹੈ। ਇਸ ਦੌਰਾਨ ਨਿਗਮ ਪ੍ਰਸ਼ਾਸਨ ਨੇ ਏ. ਟੀ. ਪੀ. ਵਿਨੋਦ ਕੁਮਾਰ ਅਤੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚਾਰਜਸ਼ੀਟ ਕਰਨ ਦੀਅਾਂ ਤਿਆਰੀਅਾਂ ਹੋ ਰਹੀਅਾਂ ਹਨ।

 ਸਿਮਰਨਜੀਤ ਨੇ ਕਮਿਸ਼ਨਰ ਅਤੇ ਹੋਰਨਾਂ ਵਿਰੁੱਧ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ
 ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਸੀ. ਐੱਮ. ਭਗਵੰਤ ਮਾਨ ਅਤੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਧਾਨ ਸਕੱਤਰ ਨੂੰ ਸ਼ਿਕਾਇਤ ਦੇ ਕੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਸਮੇਤ ਕਈ ਅਧਿਕਾਰੀਅਾਂ ਨੂੰ ਚਾਰਜਸ਼ੀਟ ਕਰਨ ਦੀ ਮੰਗ ਕੀਤੀ ਹੈ।ਸ਼ਿਕਾਇਤ ਪੱਤਰ ’ਚ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਦੇ ਉਨ੍ਹਾਂ ਹੁਕਮਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ, ਜਿਸ ’ਚ ਡਾਇਰੈਕਟਰ ਨੇ ਕਿਹਾ ਸੀ ਕਿ ਨਾਜਾਇਜ਼ ਨਿਰਮਾਣ ਲਈ ਨਿਗਮ ਕਮਿਸ਼ਨਰ ਅਤੇ ਵਿਭਾਗ ਦੇ ਸੰਬੰਧਤ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਸਿਮਰਨਜੀਤ ਸਿੰਘ ਨੇ ਕਿਹਾ ਕਿ ਜਿਸ ਸਥਾਨ ’ਤੇ ਬੇਸਮੈਂਟ ਦੀ 50 ਤੋਂ 60 ਫੁੱਟ ਖੋਦਾਈ ਕਰ ਦਿੱਤੀ ਗਈ, ਉਸ ਦਾ ਨਕਸ਼ਾ ਪਾਸ ਹੀ ਨਹੀਂ ਕਰਵਾਇਆ ਗਿਆ ਅਤੇ ਉਥੇ ਰਿਹਾਇਸ਼ੀ ਜ਼ਮੀਨ ਹੈ। ਅਜਿਹੀ ਹਾਲਤ ’ਚ ਪੰਜਾਬ ਸਰਕਾਰ ਦੇ ਲੱਖਾਂ ਕਰੋੜਾਂ ਦਾ ਮਾਲੀਆ ਚੋਰੀ ਹੋ ਗਿਆ ਹੈ ਅਤੇ ਇਸ ਦੇ ਲਈ ਸਿੱਧੇ ਤੌਰ ’ਤੇ ਨਿਗਮ ਕਮਿਸ਼ਨਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਛੋਟੇ ਪੱਧਰ ਦੇ ਅਧਿਕਾਰੀਅਾਂ ’ਤੇ ਹੀ ਕਾਰਵਾਈ ਨਹੀਂ ਹੋਣੀ ਚਾਹੀਦੀ।


Manoj

Content Editor

Related News