ਜਲੰਧਰ ਦੇ ਸਿਵਲ ਹਸਪਤਾਲ ’ਚ ਡਾਕਟਰ ਵੀ ਨਹੀਂ ਨੇ ਸੁਰੱਖਿਅਤ, ਮਹਿਲਾ ਡਾਕਟਰ ਦਾ ਪਰਸ ਚੋਰੀ
Sunday, Jun 04, 2023 - 04:51 PM (IST)
ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਦਿਨ-ਬ-ਦਿਨ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਚੋਰ ਕਦੇ ਆਕਸੀਜਨ ਸਪਲਾਈ ਪਲਾਂਟ ਦੇ ਬਾਹਰੋਂ ਮਹਿੰਗੇ ਜਨਰੇਟਰਾਂ ਦੀਆਂ ਬੈਟਰੀਆਂ ਚੋਰੀ ਕਰ ਲੈਂਦੇ ਹਨ ਅਤੇ ਕਦੇ ਜਿੱਥੇ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਹਨ, ਉੱਥੇ ਹੀ ਚੋਰ ਪਾਰਕ ਕੀਤੇ ਮੋਟਰਸਾਈਕਲ ਚੋਰੀ ਕਰ ਲੈਂਦੇ ਹਨ ਅਤੇ ਚਲੇ ਜਾਂਦੇ ਹਨ। ਹਾਲਾਂਕਿ ਹਸਪਤਾਲ ਦੇ ਪਰਚੀਆ ਵਾਲੇ ਕਾਊਂਟਰ ਐਕਸਰੇ ਵਿਭਾਗ ਤੇ ਓ. ਪੀ. ਡੀ. ਦੇ ਨੇੜੇ ਵੀ ਲਾਈਨ ’ਚ ਖੜ੍ਹੇ ਲੋਕਾਂ ਦੇ ਪਰਸ ਚੋਰੀ ਹੋ ਜਾਂਦੇ ਹਨ।
ਇਸ ਦੇ ਬਾਵਜੂਦ ਹਸਪਤਾਲ ’ਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਪਾਈ ਜਾ ਰਹੀ ਹੈ। ਇੰਝ ਲੱਗਦਾ ਹੈ ਕਿ ਸਿਵਲ ਹਸਪਤਾਲ ਚੋਰਾਂ ਦਾ ਸਾਫ਼ਟ ਟਾਰਗੇਟ ਬਣ ਗਿਆ ਹੈ। ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਅੱਜ ਕਮਰੇ ਅੰਦਰੋਂ ਡਿਊਟੀ ’ਤੇ ਬੈਠੀ ਮਹਿਲਾ ਡਾਕਟਰ ਦਾ ਪਰਸ ਚੋਰੀ ਹੋ ਗਿਆ। ਕਾਫੀ ਭਾਲ ਕਰਨ ਦੇ ਬਾਵਜੂਦ ਇਹ ਪਤਾ ਨਹੀਂ ਲੱਗ ਸਕਿਆ ਕਿ ਪਰਸ ਕਿਸ ਨੇ ਚੋਰੀ ਕੀਤਾ ਹੈ। ਕੁਝ ਦਿਨ ਪਹਿਲਾਂ ਵੀ ਕਿਸੇ ਨੇ ਐਮਰਜੈਂਸੀ ਵਾਰਡ ’ਚ ਇਕ ਮਰੀਜ਼ ਦਾ ਪਰਸ ਚੋਰੀ ਕਰ ਲਿਆ ਸੀ।
ਇਹ ਵੀ ਪੜ੍ਹੋ- ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ ਨੇ ਕਾਲਾ ਕਾਰੋਬਾਰ
ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਓ. ਪੀ. ਡੀ. ’ਚ ਮਰੀਜ਼ਾਂ ਦੀ ਜਾਂਚ ਕਰ ਰਹੀ ਡਾ. ਪਲਕ ਦਾ ਮੋਬਾਇਲ ਵੀ ਕਿਸੇ ਨੇ ਕਮਰੇ ’ਚੋਂ ਹੀ ਚੋਰੀ ਕਰ ਲਿਆ ਸੀ। ਇਸ ਸਬੰਧੀ ਥਾਣਾ 4 ਦੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਹੁਣ ਤੱਕ ਪੁਲਸ ਮੋਬਾਇਲ ਫ਼ੋਨ ਟਰੇਸ ਨਹੀਂ ਕਰ ਸਕੀ । ਕੁਝ ਸਾਲ ਪਹਿਲਾਂ ਐਮਰਜੈਂਸੀ ਵਾਰਡ ’ਚ ਡਿਊਟੀ ’ਤੇ ਤਾਇਨਾਤ ਈ. ਐੱਮ. ਓ. ਡਾ. ਚੰਦਰ ਪ੍ਰਕਾਸ਼ ਦਾ ਮੋਬਾਇਲ ਫ਼ੋਨ ਕਿਸੇ ਨੇ ਉਨ੍ਹਾਂ ਦੇ ਕਮਰੇ ’ਚੋਂ ਚੋਰੀ ਕਰ ਲਿਆ ਸੀ।
ਖ਼ਰਾਬ ਪਈ ਤੀਜੀ ਅੱਖ ਦਾ ਹੋਇਆ ਖੁਲਾਸਾ
ਮਹਿਲਾ ਡਾਕਟਰ ਦਾ ਪਰਸ ਚੋਰੀ ਹੋਣ ਤੋਂ ਬਾਅਦ ਡਾਕਟਰ ਨੇ ਸਟਾਫ਼ ਨੂੰ ਪਹਿਲੀ ਮੰਜ਼ਿਲ ’ਤੇ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ’ਚ ਭੇਜਿਆ ਤਾਂ ਜੋ ਕਮਰੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਕੇ ਪਤਾ ਲੱਗ ਸਕੇ ਕਿ ਪਰਸ ਕਿਸ ਨੇ ਚੋਰੀ ਕੀਤਾ ਹੈ ਪਰ ਨਿਰਾਸ਼ਾਜਨਕ ਗੱਲ ਇਹ ਰਹੀ ਕਿ ਕਈ ਦਿਨਾਂ ਤੋਂ ਸੀ. ਸੀ. ਟੀ. ਵੀ. ਕੈਮਰੇ ਦਾ ਡੀਵੀਆਰ ਹੀ ਖਰਾਬ ਹੋ ਗਿਆ। ਹਸਪਤਾਲ ’ਚ ਹੋਰ ਥਾਵਾਂ ’ਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰੇ (ਤੀਜੀ ਅੱਖ) ਸਿਰਫ਼ ਵਿਖਾਵੇ ਦੇ ਹੀ ਹਨ। ਲੋਕਾਂ ਨੂੰ ਡਰਾਉਣ ਲਈ ਹਸਪਤਾਲ ਦੇ ਸਟਾਫ ਨੇ ਕੰਧਾਂ ’ਤੇ ਪੋਸਟਰ ਚਿਪਕਾਏ ਹਨ ਕਿ ਤੁਸੀਂ ਕੈਮਰੇ ਦੀ ਨਿਗਰਾਨੀ ’ਚ ਹੋ ਪਰ ਕੈਮਰੇ ਮੋਨੀਟਰਾਂ ਦੀ ਲਾਪ੍ਰਵਾਹੀ ਕਾਰਨ ਕੈਮਰੇ ਖ਼ਰਾਬ ਹਨ।
ਇਹ ਵੀ ਪੜ੍ਹੋ-ਵਿਸ਼ੇਸ਼ ਇੰਟਰਵਿਊ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ