ਗਾਲ੍ਹਾਂ ਕੱਢਣ ਦਾ ਵਿਰੋਧ ਕਰਨ ’ਤੇ ਮਾਮੇ ਸਹੁਰੇ ਨੇ ਵਿਆਹੁਤਾ ਨੂੰ ਥੱਪੜ ਮਾਰ ਕੇ ਪਾੜੇ ਕੱਪੜੇ, ਕੇਸ ਦਰਜ

03/16/2023 12:39:36 PM

ਜਲੰਧਰ (ਵਰੁਣ)–ਪ੍ਰੀਤ ਨਗਰ ਵਿਚ ਗਾਲੀ-ਗਲੋਚ ਕਰਨ ਦਾ ਵਿਰੋਧ ਕਰਨ ’ਤੇ ਦੁਬਈ ਤੋਂ ਆਏ ਮਾਮੇ ਸਹੁਰੇ ਨੇ ਵਿਆਹੁਤਾ ਨੂੰ ਥੱਪੜ ਮਾਰ ਦਿੱਤੇ। ਇੰਨਾ ਹੀ ਨਹੀਂ, ਮੁਲਜ਼ਮ ਨੇ ਵਿਆਹੁਤਾ ਦੇ ਕੱਪੜੇ ਤੱਕ ਪਾੜ ਦਿੱਤੇ ਅਤੇ ਜਦੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਪ੍ਰਦੀਪ ਪੁੱਤਰ ਰਾਜਾ ਰਾਮ ਵਾਸੀ ਖਹਿਰਾ ਐਨਕਲੇਵ ਲੱਧੇਵਾਲੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੀਤ ਨਗਰ ਵਾਸੀ ਔਰਤ ਨੇ ਦੱਸਿਆ ਕਿ ਉਸ ਦਾ ਮਾਮਾ ਸਹੁਰਾ ਕਾਫ਼ੀ ਸਮੇਂ ਤੋਂ ਦੁਬਈ ਵਿਚ ਰਹਿ ਰਿਹਾ ਹੈ। ਇਥੇ ਉਸ ਦੇ ਖ਼ਿਲਾਫ਼ ਕੁਝ ਕੇਸ ਚੱਲ ਰਹੇ ਸਨ, ਜਿਸ ਦੀ ਪੈਰਵੀ ਉਸ ਦਾ ਪਤੀ ਕਰ ਰਿਹਾ ਸੀ। ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਪ੍ਰਦੀਪ ਆਪਣੇ ਭਾਣਜੇ ਦੇ ਘਰ ਰਹਿਣ ਲੱਗਾ ਅਤੇ ਉਥੇ ਹੀ ਖਾਣਾ ਖਾਂਦਾ ਸੀ। ਦੋਸ਼ ਹੈ ਕਿ ਮਾਮੇ ਸਹੁਰੇ ਨੇ ਆਪਣੇ ਭਰਾ ਦੇ ਕਹਿਣ ’ਤੇ ਉਸ ਦੇ ਪਤੀ ਖ਼ਿਲਾਫ਼ ਪੁਲਸ ਵਿਚ ਝੂਠੀਆਂ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਨ੍ਹਾਂ ਸਾਰਿਆਂ ਵਿਚ ਉਨ੍ਹਾਂ ਦਾ ਰਾਜ਼ੀਨਾਮਾ ਹੋ ਗਿਆ ਸੀ।

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਕੈਬਨਿਟ ਮੰਤਰੀ ਧਾਲੀਵਾਲ ਨੇ ਆਖ਼ੀ ਇਹ ਗੱਲ

ਔਰਤ ਨੇ ਕਿਹਾ ਕਿ ਜਨਵਰੀ ਮਹੀਨੇ ਵਿਚ ਉਸ ਦਾ ਮਾਮਾ ਸਹੁਰਾ ਆਪਣਾ ਘਰੇਲੂ ਸਾਮਾਨ ਉਨ੍ਹਾਂ ਦੇ ਘਰੋਂ ਲੈ ਗਿਆ ਸੀ ਪਰ ਜਨਵਰੀ ਦੇ ਆਖਰੀ ਹਫ਼ਤੇ ਉਹ ਜਦੋਂ ਘਰ ਵਿਚ ਇਕੱਲੀ ਸੀ ਤਾਂ ਉਸ ਨੇ ਉਨ੍ਹਾਂ ਦੇ ਘਰ ਵਿਚ ਆ ਕੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਔਰਤ ਨੇ ਕਿਹਾ ਕਿ ਜਦੋਂ ਉਹ ਉਸ ਨੂੰ ਰੋਕਣ ਆਈ ਤਾਂ ਉਸ ਨੇ ਉਸ ਦੇ ਥੱਪੜ ਮਾਰ ਦਿੱਤੇ ਅਤੇ ਕੱਪੜੇ ਤੱਕ ਪਾੜ ਦਿੱਤੇ। ਰੌਲਾ ਪਾਉਣ ’ਤੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਪ੍ਰਦੀਪ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੀ ਸ਼ਿਕਾਇਤ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਪ੍ਰਦੀਪ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਨਵੀਂ ਬਾਰਾਦਰੀ ਦੇ ਮੁਖੀ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਜਲਦ ਹੀ ਪ੍ਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ 'ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News