ਕੋਰਟ ਦੇ ਸਟੇਅ ਆਰਡਰ ਮਿਲਣ ਦੇ ਬਾਵਜੂਦ ਵਿਆਹੁਤਾ ਦੀ ਕੀਤੀ ਕੁੱਟਮਾਰ

06/25/2019 3:47:16 PM

ਜਲੰਧਰ/ਹੁਸ਼ਿਆਰਪੁਰ (ਮ੍ਰਿਦੁਲ)— ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਉਰਫ ਸੋਨੀਆ ਨੇ ਆਪਣੇ ਸਹੁਰਿਆਂ 'ਤੇ ਕੁੱਟਮਾਰ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੋਰਟ ਦੇ ਸਟੇਅ ਆਰਡਰ ਦੇ ਬਾਵਜੂਦ ਘਰ 'ਚੋਂ ਕੱਢਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਉਸ ਨੇ ਕੋਰਟ ਕੋਲੋਂ ਸਹੁਰਿਆਂ ਦੇ ਘਰ 2 ਕਮਰਿਆਂ 'ਚ ਰਹਿਣ ਲਈ ਸਟੇਅ ਆਰਡਰ ਲਿਆ ਹੋਇਆ ਹੈ ਪਰ 21 ਜੂਨ ਨੂੰ ਉਸ ਦੇ ਸਹੁਰਿਆਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਸਬੰਧੀ ਕਈ ਵਾਰ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤਾ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਸ ਦੇ ਸਹੁਰਿਆਂ ਨੇ ਉਸ ਨੂੰ ਕੁੱਟਿਆ ਹੈ। ਇਸ ਸਬੰਧੀ ਉਹ ਪੁਲਸ ਨੂੰ 14 ਮਾਰਚ ਨੂੰ ਵੀ ਸ਼ਿਕਾਇਤ ਦੇ ਚੁੱਕੀ ਹੈ, ਉਦੋਂ ਉਸ ਦੇ ਪਤੀ ਨੇ ਉਸ ਨੂੰ ਕੁੱਟਿਆ ਸੀ। ਉਕਤ ਸ਼ਿਕਾਇਤ ਐੱਸ. ਡੀ. ਐੱਮ. ਰਾਹੀਂ ਪੁਲਸ ਨੂੰ ਮਾਰਕ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ 16 ਜੂਨ ਨੂੰ ਵੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਤੀ ਦਲਜੀਤ ਸਿੰਘ ਨੇ ਰਾਤੀਂ 1.30 ਵਜੇ ਦੇ ਕਰੀਬ ਆਪਣੀ ਮਾਂ (ਪੀੜਤਾ ਦੀ ਸੱਸ) ਗੁਰਦੇਵ ਕੌਰ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਸੀ ਪਰ ਇਸ ਸ਼ਿਕਾਇਤ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ।

ਸੁਖਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰਿਆਂ ਨੇ ਇਸ ਕਦਰ ਉਸ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਕਿ ਉਸ ਨੂੰ ਖਰਚਾ ਵੀ ਨਹੀਂ ਦਿੰਦੇ। ਹੁਣ ਉਹ ਆਪਣੀ ਇਕ ਦੋਸਤ ਨਾਲ ਨੌਕਰੀ ਕਰਦੀ ਹੈ। ਉਸ ਨੇ ਦੋਸ਼ ਲਾਇਆ ਕਿ ਲੰਘੀ 21 ਜੂਨ ਨੂੰ ਸ਼ਾਮ ਤਕਰੀਬਨ ਪੌਣੇ 7 ਵਜੇ ਉਸ ਦੇ ਸਹੁਰੇ ਜਗਤਾਰ ਸਿੰਘ, ਸੱਸ ਗੁਰਦੇਵ ਕੌਰ, ਪਤੀ ਦਲਜੀਤ ਸਿੰਘ ਆਦਿ ਨੇ ਉਸ ਨੂੰ ਫੜ ਕੇ ਕੁੱਟਮਾਰ ਕੀਤੀ ਅਤੇ ਫਿਰ ਬਾਅਦ 'ਚ ਉਸ ਦੇ ਦੋ ਕਮਰਿਆਂ, ਜਿਨ੍ਹਾਂ 'ਚ ਰਹਿਣ ਲਈ ਉਸ ਨੇ ਕੋਰਟ ਤੋਂ ਸਟੇਅ ਆਰਡਰ ਲਿਆ ਹੋਇਆ ਹੈ, ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਇਸ ਸਬੰਧੀ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਹੁਣ ਤਕ ਕਾਰਵਾਈ ਦੇ ਨਾਂ 'ਤੇ ਸਿਰਫ ਗੱਲਾਂ ਹੋ ਰਹੀਆਂ ਹਨ। ਉਲਟਾ ਪੁਲਸ ਨੇ ਉਸ ਦੇ ਸੱਸ-ਸਹੁਰੇ ਅਤੇ ਪਤੀ ਨੂੰ ਬਿਨਾਂ ਜਾਂਚ ਕੀਤੇ ਛੱਡ ਦਿੱਤਾ ਅਤੇ ਬਿਜਲੀ ਦਾ ਕੁਨੈਕਸ਼ਨ ਕੱਟਣ ਵਾਲੇ ਪ੍ਰਦੀਪ ਕੁਮਾਰ ਉਰਫ ਵਿੱਕੀ ਨੂੰ ਵੀ ਛੱਡ ਦਿੱਤਾ। ਪੀੜਤਾ ਦਾ ਦੋਸ਼ ਹੈ ਕਿ ਜਿਸ ਸਮੇਂ ਉਸ ਨਾਲ ਕੁੱਟਮਾਰ ਹੋਈ ਤਾਂ ਥਾਣਾ ਮਾਹਿਲਪੁਰ ਤੋਂ ਏ. ਐੱਸ. ਆਈ. ਦਲਜੀਤ ਕੁਮਾਰ ਆਇਆ ਅਤੇ ਉਸ ਨੇ ਕਿਹਾ ਕਿ ਇਸ ਸਮੇਂ ਉਸ ਦਾ ਸਹੁਰਾ ਜਗਤਾਰ ਸਿੰਘ ਸ਼ਰਾਬੀ ਹਾਲਤ ਵਿਚ ਹੈ, ਜਿਸ ਕਾਰਨ ਉਹ ਉਸ ਨੂੰ ਥਾਣੇ ਨਹੀਂ ਲਿਜਾ ਸਕਦਾ। ਉਹ ਮੇਰੇ ਸ਼ਰਾਬੀ ਸਹੁਰੇ ਨੂੰ ਉਥੇ ਹੀ ਛੱਡ ਗਿਆ ਅਤੇ ਉਹ ਸਾਰੀ ਰਾਤ ਉਸ ਨੂੰ ਗਾਲ੍ਹਾਂ ਕੱਢਦਾ ਰਿਹਾ। ਜਦੋਂ ਕੁੱਟਮਾਰ ਤੋਂ ਬਾਅਦ ਉਹ ਆਪਣੇ ਕਮਰੇ 'ਚ ਗਈ ਤਾਂ ਤੜਕੇ ਕਰੀਬ ਪੌਣੇ ਚਾਰ ਵਜੇ ਉਸ ਦੇ ਸਹੁਰੇ ਜਗਤਾਰ ਸਿੰਘ ਅਤੇ ਸੱਸ ਗੁਰਦੇਵ ਕੌਰ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਉਸ ਦੇ ਕਮਰੇ 'ਚ ਪਿਆ ਸਾਰਾ ਸਾਮਾਨ ਵੀ ਤੋੜ ਦਿੱਤਾ। ਪੀੜਤਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਅੱਗੇ ਫਰਿਆਦ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।


shivani attri

Content Editor

Related News