ਕੀ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਪਟੜੀ ’ਤੇ ਲਿਆ ਸਕਣਗੇ ਨਵੇਂ ਨਿਗਮ ਕਮਿਸ਼ਨਰ
Monday, Jun 15, 2020 - 05:15 PM (IST)
ਲੰਧਰ(ਖੁਰਾਣਾ) – ਪੰਜਾਬ ਸਰਕਾਰ ਨੇ ਬੀਤੀ ਰਾਤ ਹੁਕਮ ਜਾਰੀ ਕਰ ਕੇ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਹੈ, ਜਦਕਿ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਰਹੇ ਕਰੁਣੇਸ਼ ਸ਼ਰਮਾ ਨੂੰ ਜਲੰਧਰ ਨਿਗਮ ਦਾ ਨਵਾਂ ਕਮਿਸ਼ਨਰ ਲਾਇਆ ਗਿਆ ਹੈ। ਚਾਹੇ ਆਈ. ਏ. ਐੱਸ. ਅਧਿਕਾਰੀ ਕਰੁਣੇਸ਼ ਸ਼ਰਮਾ ਜਲੰਧਰ ਦੇ ਪੁਰਾਣੇ ਜਾਣਕਾਰ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਸ ਅਹੁਦੇ ’ਤੇ ਕਈ ਚੁਣੌਤੀਆਂ ਮਿਲਣੀਆਂ ਸੰਭਾਵਿਤ ਹਨ। ਉਨ੍ਹਾਂ ਦੇ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਕੂੜੇ ਦੀ ਮੈਨੇਜਮੈਂਟ ਨੂੰ ਲੈ ਕੇ ਹੋਵੇਗੀ ਜੋ ਇਸ ਸਮੇਂ ਸ਼ਹਿਰ ਦੀ ਮੁਢਲੀ ਸਮੱਸਿਆ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਕੁਝ ਸਾਲ ਪਹਿਲਾਂ ਪੰਜਾਬ ਦਾ ਸਭ ਤੋਂ ਸਾਫ ਸ਼ਹਿਰ ਮੰਨਿਆ ਜਾਂਦਾ ਸੀ ਪਰ ਵੱਖ-ਵੱਖ ਸਰਕਾਰਾਂ ਦੀ ਨਜ਼ਰਅੰਦਾਜ਼ੀ ਕਾਰਣ ਅੱਜ ਜਲੰਧਰ ਸਫਾਈ ਦੇ ਮਾਮਲੇ ਵਿਚ ਕਾਫੀ ਪੱਛੜ ਚੁੱਕਾ ਹੈ ਅਤੇ ਸਵੱਛਤਾ ਸਰਵੇਖਣ ਵਿਚ ਵੀ ਇਸ ਦੀ ਰੈਂਕਿੰਗ ਤਸੱਲੀਬਖਸ਼ ਨਹੀਂ ਹੈ। ਸ਼ਹਿਰ ਵਿਚ ਹਰ ਰੋਜ਼ 500 ਟਨ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ। ਇਸਦੀ ਮੈਨੇਜਮੈਂਟ ਸਬੰਧੀ ਨਿਗਮ ਕੋਲ ਕੋਈ ਇੰਤਜ਼ਾਮ ਨਹੀਂ ਹੈ ਕਿਉਂਕਿ ਕੂੜੇ ਨੂੰ ਖਤਮ ਕਰਨ ਦਾ ਕੋਈ ਪਲਾਂਟ ਇਥੇ ਮੌਜੂਦ ਨਹੀਂ ਹੈ। ਵਰਿਆਣਾ ਡੰਪ ’ਤੇ ਵੀ ਇਸ ਸਮੇਂ 10 ਲੱਖ ਟਨ ਤੋਂ ਜ਼ਿਆਦਾ ਕੂੜਾ ਪਿਆ ਹੈ, ਜਿਥੇ ਪੁਰਾਣੇ ਕੂੜੇ ਨੂੰ ਬਾਇਓਮਾਈਨਿੰਗ ਪ੍ਰਕਿਰਿਆ ਨਾਲ ਖਤਮ ਕਰਨ ਦਾ ਪ੍ਰੋਸੈਸ ਕਈ ਸਾਲਾਂ ਤੋਂ ਲਟਕ ਰਿਹਾ ਹੈ। ਕੂੜੇ ਤੋਂ ਇਲਾਵਾ ਇਸ ਸਮੇਂ ਸ਼ਹਿਰ ਦੀ ਸਫਾਈ ਵਿਵਸਥਾ ਵੀ ਵਿਗੜੀ ਹੋਈ ਹੈ ਅਤੇ ਵੱਖ-ਵੱਖ ਵਾਰਡਾਂ ਵਿਚ ਸਫਾਈ ਕਰਮਚਾਰੀਆਂ ਦੀ ਕਮੀ, ਉਨ੍ਹਾਂ ਦੇ ਕੰਮ ’ਤੇ ਨਾ ਆਉਣ, ਬਰਾਬਰ ਵੰਡ ਨਾ ਹੋਣ ਅਤੇ ਸਾਧਨਾਂ ਦੀ ਕਮੀ ਕਾਰਣ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ, ਜਿਸ ਕਾਰਣ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਵਿਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕ ਵੀ ਜਗ੍ਹਾ-ਜਗ੍ਹਾ ਪਈ ਗੰਦਗੀ ਨਾਲ ਕਾਫੀ ਪ੍ਰੇਸ਼ਾਨ ਹਨ ਅਤੇ ਅੰਦਰੂਨੀ ਬਾਜ਼ਾਰਾਂ ਅਤੇ ਮੁਹੱਲਿਆਂ ਦੀਆਂ ਗਲੀਆਂ ਵਿਚ ਵੀ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਜਿਨ੍ਹਾਂ ਨੂੰ ਸਾਫ ਕਰਨ ਕਈ-ਕਈ ਦਿਨ ਕੋਈ ਨਹੀਂ ਆਉਂਦਾ। ਹੁਣ ਨਵੇਂ ਨਿਗਮ ਕਮਿਸ਼ਨਰ ਇਸ ਮਾਮਲੇ ਸਬੰਧੀ ਕੀ ਨਵੀਂ ਰਣਨੀਤੀ ਬਣਾਉਂਦੇ ਹਨ। ਇਹ ਦੇਖਣਾ ਕਾਫੀ ਮਹੱਤਵਪੂਰਨ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਗਮ ਯੂਨੀਅਨਾਂ ਨਾਲ ਵੀ ਤਾਲਮੇਲ ਬਿਠਾਉਣਾ ਹੋਵੇਗਾ ਜੋ ਇਸ ਸਮੇਂ ਚਲੰਤ ਮੁੱਦਾ ਬਣਿਆ ਹੋਇਆ ਹੈ। ਇਨ੍ਹੀਂ ਦਿਨੀਂ ਨਿਗਮ ਦੀ ਸੈਨੀਟੇਸ਼ਨ ਕਮੇਟੀ ਅਤੇ ਕਾਂਗਰਸੀ ਨੇਤਾਵਾਂ ਨਾਲ ਨਿਗਮ ਯੂਨੀਅਨ ਦਾ ਵਿਵਾਦ ਚੱਲ ਰਿਹਾ ਹੈ। ਇਹ ਵਿਵਾਦ ਕਈ ਵਾਰ ਹੜਤਾਲ ਦਾ ਰੂਪ ਧਾਰਨ ਕਰ ਚੁੱਕਾ ਹੈ। ਹੁਣ ਦੇਖਣਾ ਹੋਵੇਗਾ ਨਵੇਂ ਨਿਗਮ ਕਮਿਸ਼ਨਰ ਯੂਨੀਅਨ ਅਤੇ ਕਾਂਗਰਸੀ ਨੇਤਾਵਾਂ ਦਰਮਿਆਨ ਕਿਸ ਤਰ੍ਹਾਂ ਤਾਲਮੇਲ ਸਥਾਪਿਤ ਕਰਦੇ ਹਨ।
ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਅਤੇ ਗਲੀਆਂ ਵਿਚ ਕਈ-ਕਈ ਦਿਨ ਸਫਾਈ ਨਾ ਹੋਣ ਕਾਰਣ ਲੱਗੇ ਕੂੜੇ ਦੇ ਢੇਰ।
ਲਾਕੜਾ ਦੀ ਦਿਨ-ਰਾਤ ਦੀ ਮਿਹਨਤ ਨਾਲ ਹੀ ਹਾਲਾਤ ਨਹੀਂ ਸੁਧਰੇ
ਸ਼ਹਿਰ ਵਿਚ ਕੂੜੇ ਦੀ ਸਥਿਤੀ ਅਤੇ ਸਫਾਈ ਦੀ ਹਾਲਤ ਸਬੰਧੀ ਸਾਬਕਾ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਦਿਨ-ਰਾਤ ਮਿਹਨਤ ਕੀਤੀ ਪਰ ਫਿਰ ਵੀ ਉਨ੍ਹਾਂ ਕੋਲੋਂ ਸਫਾਈ ਸਬੰਧੀ ਹਾਲਾਤ ਕੰਟਰੋਲ ਨਹੀਂ ਹੋਏ। ਲਾਕੜਾ ਨੇ ਆਪਣੇ ਕਾਰਜਕਾਲ ਦੌਰਾਨ ਆਪਣਾ ਸਾਰਾ ਧਿਆਨ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ’ਤੇ ਕੇਂਦਰਿਤ ਰੱਖਿਆ ਪਰ ਉਨ੍ਹਾਂ ਨੇ ਇਸ ਸਬੰਧੀ ਆਪਣੀਆਂ ਟੀਮਾਂ ਜਾਂ ਜਨਪ੍ਰਤੀਨਿਧੀਆਂ ਤੋਂ ਕੋਈ ਖਾਸ ਸਹਿਯੋਗ ਨਹੀਂ ਮਿਲ ਸਕਿਆ, ਜਿਸ ਕਾਰਣ ਉਨ੍ਹਾਂ ਦਾ ਇਹ ਮਿਸ਼ਨ ਅਧੂਰਾ ਰਿਹਾ। ਸ਼ਹਿਰ ਵਿਚ ਕੂੜੇ ਨੂੰ ਮੈਨੇਜ ਕਰਨ ਸਬੰਧੀ ਕੋਈ ਪਲਾਂਟ ਨਾ ਹੋਣ ਕਾਰਣ ਵੀ ਉਨ੍ਹਾਂ ਨੂੰ ਕਾਫੀ ਦਿਕਤਾਂ ਪੇਸ਼ ਆਈਆਂ। ਉਨ੍ਹਾਂ ਨੇ ਸਰਕਾਰ ਵਲੋਂ 2016 ਵਿਚ ਬਣਾਏ ਗਏ ਸਾਲਿਡ ਵੈਸਟ ਮੈਨੇਜਮੈਂਟ ਰੂਲਜ਼ ਨੂੰ ਸਖ਼ਤੀ ਨਾਲ ਲਾਗੂ ਕੀਤਾ ਅਤੇ ਸੈਂਕੜੇ ਚਲਾਨ ਵੀ ਕੱਟੇ ਪਰ ਫਿਰ ਵੀ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਘੱਟ ਨਹੀਂ ਹੋਈ। ਹੁਣ ਨਵੇਂ ਨਿਗਮ ਕਮਿਸ਼ਨਰ ਦੀ ਮਿਹਨਤ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਸਮੱਸਿਆ ਨੂੰ ਕਿੰਨਾ ਘੱਟ ਕਰ ਸਕਦੇ ਹਨ। ਪਤਾ ਲੱਗਾ ਹੈ ਕਿ ਕਰੁਣੇਸ਼ ਸ਼ਰਮਾ 1-2 ਦਿਨਾਂ ਵਿਚ ਆਪਣਾ ਅਹੁਦਾ ਸੰਭਾਲ ਸਕਦੇ ਹਨ।