ਕੈਂਟ ਏਰੀਏ ’ਚ ਨਹੀਂ ਰੁਕ ਰਹੀ ਚਿੱਟੇ ਤੇ ਸ਼ਰਾਬ ਦੀ ਸਮੱਗਲਿੰਗ

Friday, Dec 07, 2018 - 03:51 AM (IST)

ਕੈਂਟ ਏਰੀਏ ’ਚ ਨਹੀਂ ਰੁਕ ਰਹੀ ਚਿੱਟੇ ਤੇ ਸ਼ਰਾਬ ਦੀ ਸਮੱਗਲਿੰਗ

ਜਲੰਧਰ ਛਾਉਣੀ, (ਕਮਲੇਸ਼)- ਕੈਂਟ ਏਰੀਏ ’ਚ ਸ਼ਰਾਬ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ।  ਇਸ ਤੋਂ ਇਲਾਵਾ ਚਿੱਟੇ ਦੀ ਵਿਕਰੀ ਦੀ ਵੀ ਚਰਚਾ ਹੈ। ਜ਼ਿਕਰਯੋਗ ਹੈ ਕਿ ਕੈਂਟ ’ਚ ਕੁਝ  ਮਹੀਨੇ ਪਹਿਲਾਂ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਤੇ ਇਸ  ਸੂਚਨਾ ਨਾਲ ਪੁਲਸ ਪ੍ਰਸ਼ਾਸਨ ਹਿੱਲ ਗਿਆ ਸੀ ਅਤੇ ਇਹ ਮਾਮਲਾ ਵੀ ਦੱਬਿਆ ਹੀ ਰਹਿ ਗਿਆ  ਸੀ।
ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਂਟ ’ਚ ਹਰ ਐਂਟਰੀ ਪੁਆਇੰਟ ’ਤੇ ਆਰਮੀ  ਦਾ ਪਹਿਰਾ ਹੁੰਦਾ ਹੈ ਜਿਥੇ ਸਾਰੇ ਵਾਹਨ ਚਾਲਕਾਂ ਦੇ ਪਛਾਣ ਪੱਤਰ ਵੀ ਚੈੱਕ ਕੀਤੇ ਜਾਂਦੇ  ਹਨ ਪਰ ਵਾਹਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ, ਜਿਸ ਕਾਰਨ ਮਜ਼ਬੂਤ ਸਕਿਓਰਿਟੀ ਦੇ ਬਾਵਜੂਦ  ਸ਼ਰਾਬ ਤੇ ਨਸ਼ਾ ਸਮੱਗਲਰ ਆਰਮੀ, ਪੁਲਸ ਤੇ ਖੁਫੀਆ ਏਜੰਸੀਆਂ ਦੀਆਂ ਅੱਖਾਂ ’ਚ ਘੱਟਾ ਪਾਉਣ  ’ਚ ਕਾਮਯਾਬ ਹੋ ਜਾਂਦੇ ਹਨ। ਉਥੇ ਇਸ ਸਾਰੇ ਮਾਮਲੇ ’ਚ ਖੁਫੀਆ ਏਜੰਸੀਆਂ ਵੀ ਫੇਲ  ਰਹੀਆਂ ਹਨ ਤੇ ਉਨ੍ਹਾਂ ਦੀ ਚੌਕਸੀ ’ਤੇ ਵੀ ਸਵਾਲ ਉੱਠ ਰਹੇ ਹਨ। ਆਰਮੀ ਏਰੀਆ ਹੋਣ ਕਾਰਨ  ਕੈਂਟ ’ਚ ਖੁਫੀਆ ਏਜੰਸੀਆਂ ਸਰਗਰਮ ਰਹਿੰਦੀਆਂ ਹਨ। ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ  ਕੈਂਟ ’ਚ ਚਿੱਟੇ ਤੇ ਸ਼ਰਾਬ ਦੀ ਸਮੱਗਲਿੰਗ  ਹੋ  ਰਹੀ  ਹੈ ਤਾਂ ਖੁਫੀਆ ਏਜੰਸੀਆਂ ਨੂੰ ਇਸ ਦੀ ਭਿਣਕ  ਕਿਉਂ ਨਹੀਂ ਪੈਂਦੀ ਤੇ ਕਾਰਵਾਈ ਕਿਉਂ ਨਹੀਂ ਹੁੰਦੀ।
ਢਾਬਿਆਂ ਤੇ ਮੁਹੱਲੇ ’ਚ ਹੋ ਰਹੀ ਸ਼ਰਾਬ ਦੀ ਸਪਲਾਈ
ਕੈਂਟ  ਬੋਰਡ ਏਰੀਏ ’ਚ ਢਾਬਿਆਂ ਤੇ ਮੁਹੱਲਿਆਂ ’ਚੋਂ ਨਾਜਾਇਜ਼ ਸ਼ਰਾਬ ਦੀ ਸਪਲਾਈ ਰੁਕਣ ਦਾ ਨਾਂ  ਨਹੀਂ ਲੈ ਰਹੀ। ਲੋਕ ਸਸਤੀ ਸ਼ਰਾਬ ਦੇ ਚੱਕਰ ’ਚ ਇਥੋਂ ਸ਼ਰਾਬ ਖਰੀਦ ਤਾਂ ਲੈਂਦੇ ਹਨ ਪਰ ਇਸ  ਸ਼ਰਾਬ ’ਚ ਨਸ਼ੇ  ਵਾਲੇ ਕੈਪਸੂਲ ਪਾਏ ਜਾਂਦੇ ਹਨ, ਜਿਸ ਨਾਲ ਲੋਕਾਂ ਦੀ ਜਾਨ ਤੱਕ ਜਾ ਸਕਦੀ ਹੈ।  ਪੁਲਸ ਇਨ੍ਹਾਂ ਨੂੰ ਲਗਾਮ ਪਾਉਣ ’ਚ ਫੇਲ ਰਹੀ ਹੈ।
ਕੈਂਟ ਦਾ ਇਕ ਪੁਰਾਣਾ ਨਸ਼ਾ ਸਮੱਗਲਰ ਫਿਰ ਧੰਦੇ ’ਚ ਹੋਇਆ ਸਰਗਰਮ
ਸੂਤਰਾਂ  ਅਨੁਸਾਰ ਕੈਂਟ ਦਾ ਇਕ ਪੁਰਾਣਾ ਨਸ਼ਾ ਸਮੱਗਲਰ ਫਿਰ ਚਿੱਟੇ ਦੇ ਧੰਦੇ ’ਚ ਸਰਗਰਮ ਹੋ ਗਿਆ  ਹੈ। ਸਮੱਗਲਰ ਨਸ਼ੇ ਦੇ ਮਾਮਲੇ ’ਚ ਜੇਲ ਦੀ ਹਵਾ ਵੀ ਖਾ ਚੁੱਕਾ ਹੈ। ਇਹ ਸਮੱਗਲਰ ਪੁਲਸ ਦੀ  ਰੇਡ ਦੌਰਾਨ ਛੱਤਾਂ ਤੋਂ ਭੱਜਣ ਲਈ ਮਸ਼ਹੂਰ ਰਹਿ ਚੁੱਕਾ ਹੈ।
ਦੱਸਣਯੋਗ ਹੈ ਕਿ ਨਸ਼ਾ  ਸਮੱਗਲਰ ਨੂੰ ਕਿਸੇ ਸਮੇਂ ਸਿਆਸੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਨ ਉਹ ਬੇਖੌਫ ਹੋ ਕੇ ਧੰਦੇ  ਨੂੰ ਅੰਜਾਮ ਦਿੰਦਾ ਸੀ। ਨਸ਼ਾ ਸਮੱਗਲਰ ਦਾ ਚਿੱਟਾ ਵੇਚਣ ’ਚ ਕਾਫੀ ਨਾਂ ਸੀ। ਸਮੱਗਲਰ ਦੇ  ਨੈੱਟਵਰਕ ਨੂੰ ਖਤਮ ਕਰਨ ’ਚ ਉਸ ਸਮੇਂ ਦੇ ਥਾਣਾ ਇੰਚਾਰਜ ਰਾਮਪਾਲ ਦਾ ਕਾਫੀ ਵੱਡਾ ਹੱਥ  ਰਿਹਾ ਸੀ ਪਰ ਹੁਣ ਉਕਤ ਸਮੱਗਲਰ ਫਿਰ ਤੋਂ ਆਪਣੇ ਨੈਟਵਰਕ ਨੂੰ ਵਧਾਉਣ ’ਚ ਲੱਗ ਗਿਆ ਹੈ ਤੇ ਕੁਝ ਔਰਤਾਂ ਉਸ ਦਾ ਸਾਥ ਦੇ ਰਹੀਆਂ ਹਨ।
ਸੂਚਨਾ ਮਿਲਣ ’ਤੇ ਪੁਲਸ ਵਲੋਂ ਹੁੰਦੀ ਹੈ ਕਾਰਵਾਈ : ਡੀ. ਸੀ. ਪੀ.
ਇਸ  ਸਬੰਧ ’ਚ ਜਦੋਂ ਡੀ. ਸੀ. ਪੀ. ਕ੍ਰਾਈਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ   ਸੂਚਨਾ ਮਿਲਣ ’ਤੇ ਪੁਲਸ ਵਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਨਸ਼ੇ ਦੇ ਕਈ ਮਾਮਲਿਆਂ ’ਚ  ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਅੱਗੇ ਵੀ ਪੁਲਸ ਦੀ  ਨਸ਼ਿਆਂ ਖਿਲਾਫ ਕਾਰਵਾਈ ਜਾਰੀ ਰਹੇਗੀ।
ਸਭ ਨੂੰ ਪਤਾ ਹੈ ਕੈਂਟ ’ਚ ਕਿੱਥੇ ਕੀ ਹੁੰਦਾ ਹੈ : ਸ਼ਿਵਮ
ਨੌਜਵਾਨ  ਕਾਂਗਰਸੀ ਆਗੂ ਸ਼ਿਵਮ ਦਾ ਕਹਿਣਾ ਹੈ ਕਿ ਸਭ ਨੂੰ ਪਤਾ ਹੈ ਕਿ ਕੈਂਟ ’ਚ ਕਿਥੇ ਕੀ ਹੁੰਦਾ  ਹੈ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ  ਚਿੱਠੀ ਲਿਖ ਕੇ ਕੈਂਟ ਦੇ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂ ਜਾਣੂ  ਕਰਵਾਵਾਂਗੇ ਤੇ ਉਨ੍ਹਾਂ ਕੋਲੋਂ ਮੰਗ ਕਰਾਂਗੇ ਕਿ ਪੁਲਸ ਨੂੰ ਕੈਂਟ ਏਰੀਏ ’ਚ ਨਸ਼ਾ  ਸਮੱਗਲਰਾਂ ਨੂੰ ਲਗਾਮ ਪਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।


Related News