ਪਾਣੀ ਦੀ ਪਾਈਪ ਲਾਈਨ ਉੱਪਰ ਡਿੱਗੇ ਦਰੱਖਤ ਅਤੇ ਪਹਾੜ ਦਾ ਮਲਬਾ

09/02/2018 5:21:31 AM

ਸ੍ਰੀ ਕੀਰਤਪੁਰ ਸਾਹਿਬ,  (ਬਾਲੀ)-  ਪਿਛਲੇ ਦਿਨੀਂ ਭਾਰੀ ਮੀਂਹ ਪੈਣ ਕਾਰਨ  ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਵੱਲੋਂ ਵਿਛਾਈ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਉਪਰ ਪਹਾਡ਼ ਦਾ ਮਲਬਾ ਅਤੇ ਵੱਡੇ-ਵੱਡੇ ਦਰੱਖਤ ਡਿੱਗਣ ਕਾਰਨ ਪਾਈਪ ਲਾਈਨ  ਨੁਕਸਾਨੀ ਗਈ। ਜਿਸ  ਕਾਰਨ  ਪੀਣ ਵਾਲੇ ਪਾਣੀ ਦੀ ਸਪਲਾਈ ਬੀਤੇ ਦਿਨ ਤੋਂ ਬੰਦ ਪਈ ਹੈ। 
 ਜਾਣਕਾਰੀ ਅਨੁਸਾਰ ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਵੱਲੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਨਜ਼ਦੀਕ 30 ਹਜ਼ਾਰ ਗੈਲਨ ਦੀ ਸਮੱਰਥਾ ਵਾਲੀ ਟੈਂਕੀ ਬਣਾਈ ਹੋਈ ਹੈ। ਇਸ ਵਿਚ ਰੋਜ਼ਾਨਾ ਜਲ ਸ਼ੁੱਧੀਕਰਨ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਤੋਂ ਪਾਈਪ ਲਾਈਨ ਰਾਹੀਂ ਪਾਣੀ ਪਹੁੰਚਾਇਆ ਜਾਂਦਾ ਹੈ। ਟੈਂਕੀ ਤੋਂ ਇਹ ਪੀਣ ਵਾਲਾ ਪਾਣੀ ਅੱਗੇ ਪਾਈਪ ਲਾਈਨ ਰਾਹੀਂ ਪਿੰਡ ਕਲਿਆਣਪੁਰ ਦੇ ਲੋਹੰਡ ਗੇਟਾਂ ਦੀ ਅਾਬਾਦੀ, ਰੇਲਵੇ ਲਾਈਨ ਤੋਂ ਹੇਠਲੇ ਪਾਸੇ ਪੈਂਦੀ ਕਲਿਆਣਪੁਰ, ਸ੍ਰੀ ਕੀਰਤਪੁਰ ਸਾਹਿਬ, ਜਿਊਵਾਲ ਦੀ ਅਾਬਾਦੀ ਅਤੇ ਰੇਲਵੇ ਰੋਡ ਤੇ ਇਸ ਦੇ ਨਾਲ ਲੱਗਦੀ ਅਾਬਾਦੀ ਨੂੰ  ਸਵੇਰੇ-ਸ਼ਾਮ ਸਪਲਾਈ ਕੀਤਾ ਜਾਂਦਾ ਹੈ। ਜਲ ਸਪਲਾਈ ਵਿਭਾਗ ਵੱਲੋਂ ਜਨਤਕ ਸਥਾਨਾਂ ਤੋਂ ਇਲਾਵਾ 150 ਤੋਂ ਵੱਧ ਪਾਣੀ ਦੇ ਕੁਨੈਕਸ਼ਨ ਦਿੱਤੇ ਹੋਏ ਹਨ। ਪਿਛਲੇ ਦਿਨੀਂ ਰਾਤ ਸਮੇਂ ਭਾਰੀ ਮੀਂਹ ਪੈਣ ਕਾਰਨ  ਗੁ. ਬਾਬਾ ਗੁਰਦਿੱਤਾ ਜੀ ਦੇ ਨਜ਼ਦੀਕ ਇਸ ਪਾਈਪ ਲਾਈਨ ਉਪਰ ਪਹਾਡ਼ ਦਾ ਮਲਬਾ ਅਤੇ ਕਈ ਵੱਡੇ ਦਰੱਖਤ ਡਿੱਗ ਪਏ ਜਿਸ ਕਾਰਨ ਪਾਈਪ ਲਾਈਨ ਕਈ ਥਾਵਾਂ ਤੋਂ ਨੁਕਸਾਨੀ ਗਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਅੱਜ ਦੂਸਰੇ ਦਿਨ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਸੀ। ਉਕਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੂਰ ਨੇਡ਼ਿਓਂ ਵਾਹਨਾਂ ਰਾਹੀਂ ਪਾਣੀ  ਢੋਹਿਆ ਹੈ।  ਲੋਕਾਂ ਨੇ ਜਲਦ ਪਾਈਪ ਲਾਈਨ ਠੀਕ ਕਰ ਕੇ ਪਾਣੀ ਦੀ ਸਪਲਾਈ ਚਾਲੂ ਕਰਨ ਦੀ ਮੰਗ ਕੀਤੀ ਹੈ।
 ਕੀ ਕਹਿਣੈ ਐੱਸ.ਡੀ.ਓ. ਦਾ
 ਇਸ ਬਾਰੇ ਜਦੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ. ਨਵਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀ ਕੱਲ ਤੋਂ ਹੀ ਪਾਣੀ ਦੀ ਪਾਈਪ ਲਾਈਨ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਨ ਉਨ੍ਹਾਂ ਵੱਲੋਂ ਇਕ ਪਾਰਟ ਠੀਕ ਕਰ ਲਿਆ ਗਿਆ ਹੈ ਤੇ ਕੁਝ ਅਾਬਾਦੀ ਦੀ  ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ। ਕੱਲ ਤੱਕ ਸਾਰੀ ਸਪਲਾਈ ਚਾਲੂ ਹੋ ਜਾਵੇਗੀ। ਸਾਡੇ ਵੱਲੋਂ ਜੰਗਲਾਤ ਵਿਭਾਗ ਨੂੰ ਵੀ ਦਰੱਖਤ ਹਟਾਉਣ ਲਈ ਕਿਹਾ ਗਿਆ ਹੈ।
 ਕੀ ਕਹਿਣੈ ਵਣ ਰੇਂਜ ਅਫਸਰ ਦਾ
 ਇਸ ਬਾਰੇ ਜਦੋਂ ਵਣ ਰੇਂਜ ਅਫਸਰ ਸ੍ਰੀ ਅਨੰਦਪੁਰ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਹੀ ਮੈਨੂੰ ਵਾਟਰ ਸਪਲਾਈ ਮਹਿਕਮੇ ਦੇ ਐੱਸ.ਡੀ.ਓ. ਦਾ ਫੋਨ ਆਇਆ ਸੀ। ਜਿਸ ਤੋਂ ਬਾਅਦ ਬੀ.ਓ. ਜਤਿੰਦਰ ਸਿੰਘ ਨੂੰ ਕਰਮਚਾਰੀ ਨਾਲ ਲੈ ਕੇ ਪਾਣੀ ਵਾਲੀ ਪਾਈਪ ਲਾਈਨ ਉਪਰ ਡਿੱਗੇ ਹੋਏ ਦਰੱਖਤ ਹਟਾਉਣ ਲਈ ਕਿਹਾ ਹੈ। 
 


Related News