50 ਕਰੋੜ ਨਾਲ ਬਣੀ ਸਮਾਰਟ ਰੋਡ ਦੇ ਹੇਠਾਂ ਪਾਣੀ ਦੀ ਹੋਈ ਲੀਕੇਜ, ਬਣਿਆ ਸੜਕ ਦੇ ਬੈਠਣ ਦਾ ਖਤਰਾ
Monday, May 01, 2023 - 04:03 PM (IST)

ਜਲੰਧਰ (ਖੁਰਾਣਾ)- ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸਮਾਰਟ ਸਿਟੀ ਜਲੰਧਰ ਵਿਚ ਅਧਿਕਾਰੀਆਂ ਨੇ ਕੇਂਦਰ ਸਰਕਾਰ ਤੋਂ ਮਿਲੇ ਪੈਸੇ ਨੂੰ ਖਰਚਣ ਲਈ ਬਿਨਾਂ ਸੋਚੇ-ਸਮਝੇ ਹੀ ਕਈ ਅਜਿਹੇ ਪ੍ਰਾਜੈਕਟ ਬਣਾ ਦਿੱਤੇ, ਜਿਨ੍ਹਾਂ ਦੀ ਸ਼ਹਿਰ ਨੂੰ ਕੋਈ ਲੋੜ ਹੀ ਨਹੀਂ ਸੀ। ਇਨ੍ਹਾਂ ਵਿਚੋਂ ਸਭ ਤੋਂ ਵੱਡਾ ਪ੍ਰਾਜੈਕਟ ਸਮਾਰਟ ਰੋਡਜ਼ ਨੂੰ ਲੈ ਕੇ ਸੀ, ਜਿਸ ਨੂੰ 50 ਕਰੋੜ ਰੁਪਏ ਦਾ ਬਣਾ ਦਿੱਤਾ ਗਿਆ ਅਤੇ ਇਸ ਵਿਚ ਸਿਰਫ਼ 5 ਸੜਕਾਂ ਨੂੰ ਸਮਾਰਟ ਬਣਾਉਣ ਦੀ ਵਿਵਸਥਾ ਕੀਤੀ ਗਈ, ਜਿੱਥੇ ਪਹਿਲਾਂ ਹੀ ਕੋਈ ਖਰਾਬੀ ਨਹੀਂ ਸੀ ਅਤੇ ਇਹ ਪੰਜ ਸੜਕਾਂ ਸ਼ਹਿਰ ਦੀਆਂ ਬਾਕੀ ਸੜਕਾਂ ਨਾਲੋਂ ਵਧੇਰੇ ਸੁਵਿਧਾਜਨਕ ਅਤੇ ਵਧੀਆ ਸਨ।
ਪਿਛਲੇ ਸਮੇਂ ਦੌਰਾਨ ਇਸ ਪ੍ਰਾਜੈਕਟ ਵਿਚ ਜਿੱਥੇ ਕਈ ਗੜਬੜੀਆਂ ਸਾਹਮਣੇ ਆਈਆਂ, ਉੱਥੇ ਹੀ ਹੁਣ ਇਸ ਸਮਾਰਟ ਰੋਡ ਦੇ ਹੇਠਾਂ ਪਾਣੀ ਦੀ ਲੀਕੇਜ ਹੋਣ ਕਾਰਨ ਸੜਕ ਦੇ ਬੈਠਣ ਦਾ ਖਤਰਾ ਬਣਿਆ ਹੋਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਲੀਕੇਜ ਪਟੇਲ ਚੌਕ ਇਲਾਕੇ ਵਿਚ ਉਸ ਥਾਂ ’ਤੇ ਆਈ ਹੈ, ਜਿੱਥੇ ਸੜਕ ਵਰਕਸ਼ਾਪ ਚੌਕ ਤੋਂ ਪਟੇਲ ਚੌਕ ਤੱਕ ਟਰੈਫਿਕ ਲਾਈਟਾਂ ਵੱਲ ਜਾਂਦੀ ਹੈ। ਉਥੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਦੋ ਥਾਵਾਂ ਤੋਂ ਅੰਡਰ ਗਰਾਊਂਡ ਵਾਟਰ ਸਪਲਾਈ ਲਾਈਨ ਲੀਕ ਹੋ ਜਾਣ ਨਾਲ ਸਵੇਰ ਤੇ ਸ਼ਾਮ ਸਮੇਂ ਸਾਰਾ ਪਾਣੀ ਸੜਕ ’ਤੇ ਵਗਦਾ ਰਹਿੰਦਾ ਹੈ। ਇਹ ਲੀਕੇਜ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਹਜ਼ਾਰਾਂ ਲਿਟਰ ਪੀਣ ਵਾਲਾ ਪਾਣੀ ਇਥੇ ਬਰਬਾਦ ਹੋ ਚੁੱਕਾ ਹੈ।
ਹੁਣ ਡਿੱਚ ਮਸ਼ੀਨ ਨਾਲ ਪੁੱਟਣੀ ਪਵੇਗੀ ਸੜਕ
ਪਟੇਲ ਚੌਕ ’ਚ ਜਿੱਥੇ ਦੋ ਥਾਵਾਂ ’ਤੇ ਲੀਕੇਜ ਹੋ ਰਹੀ ਹੈ, ਉਥੇ ਆਲੇ-ਦੁਆਲੇ ਦੇ ਇਲਾਕੇ ’ਚ ਸੜਕ ਦਾ ਲੈਵਲ ਹਿੱਲਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਫਾਲਟ ਨੂੰ ਦੂਰ ਕਰਨ ਲਈ ਸਮਾਰਟ ਰੋਡ ਨੂੰ ਡਿੱਚ ਮਸ਼ੀਨ ਨਾਲ ਪੁੱਟਣਾ ਪੈ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰਾਜੈਕਟ ਦੀ ਲਾਗਤ ਵਧਾਉਣ ਲਈ ਸਮਾਰਟ ਸਿਟੀ ਵਿਚ ਰਹੇ ਅਧਿਕਾਰੀਆਂ ਨੇ ਇਸ ਸੜਕ ਦੀ ਮੋਟਾਈ 11-12 ਇੰਚ ਰਖਵਾਈ ਅਤੇ ਮੋਟਾ ਸਰੀਆ ਤਕ ਪੁਆਇਆ, ਜਦੋਂ ਕਿ ਇੰਨੀ ਮੋਟਾਈ ਵਾਲੀ ਸੜਕ ਦੀ ਇਥੇ ਕੋਈ ਲੋੜ ਹੀ ਨਹੀਂ ਸੀ।
ਡੇਢ ਸਾਲ ਤੋਂ ਪ੍ਰੇਸ਼ਾਨ ਹੋ ਰਹੇ ਲੋਕ
ਸਮਾਰਟ ਰੋਡਜ਼ ਪ੍ਰਾਜੈਕਟ ਲਗਭਗ 2 ਸਾਲ ਪਹਿਲਾਂ ਬਣਿਆ ਸੀ ਅਤੇ ਇਸ ਪ੍ਰਾਜੈਕਟ ਕਾਰਨ ਪਿਛਲੇ ਡੇਢ ਸਾਲ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਲੋਕਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਵਰਕਸ਼ਾਪ ਚੌਕ, ਕਪੂਰਥਲਾ ਚੌਕ, ਕਪੂਰਥਲਾ ਰੋਡ ਤੇ 120 ਫੁੱਟੀ ਰੋਡ ’ਤੇ ਆ ਰਹੀ ਹੈ, ਜਿੱਥੇ ਨਾ ਸਿਰਫ਼ ਲੋਕ ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਹਨ, ਸਗੋਂ ਉੱਡ ਰਹੀ ਮਿੱਟੀ ਕਾਰਨ ਦਮੇ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਤਕ ਹੋ ਚੁੱਕੇ ਹਨ। ਇਹ ਪ੍ਰਾਜੈਕਟ ਪਿਛਲੀ ਕਾਂਗਰਸ ਸਰਕਾਰ ਦੇ 2 ਵਿਧਾਇਕਾਂ ਦੀ ਬਲੀ ਤਕ ਲੈ ਚੁੱਕਾ ਹੈ, ਕਿਉਂਕਿ ਉਸ ਸਮੇਂ ਵੀ ਲੋਕ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਕਾਫੀ ਪ੍ਰੇਸ਼ਾਨ ਸਨ। ਹੁਣ ਜ਼ਿਮਨੀ ਚੋਣਾਂ ਕਾਰਨ ਵੀ ਇਸ ਪ੍ਰਾਜੈਕਟ ਵਿਚ ਕੋਈ ਖ਼ਾਸ ਤਰੱਕੀ ਨਹੀਂ ਹੋਈ।