ਪੀਣ ਵਾਲੇ ਪਾਣੀ ''ਚੋਂ ਨਿਕਲ ਰਹੇ ਕੀੜੇ , ਲੋਕਾਂ ''ਚ ਸਹਿਮ

07/19/2018 12:41:40 PM

ਅਲਾਵਲਪੁਰ (ਬੰਗੜ)—ਸਥਾਨਕ ਮੁਹੱਲਾ ਸ਼ਾਹ ਪਰਵਾਨਾ ਵਿਖੇ ਤਰਸੇਮ ਰੱਤੂ ਦੇ ਘਰ ਵਿਚ ਲੱਗੀ ਪੀਣ ਵਾਲੇ ਪਾਣੀ ਦੀ ਟੂਟੀ 'ਚੋਂ ਪਿਛਲੇ ਕੁਝ ਸਮੇਂ ਤੋਂ ਕੀੜੇ ਨਿਕਲ ਰਹੇ ਹਨ। ਅੱਜ ਜਦੋਂ ਸਵੇਰ ਸਮੇਂ ਉਹ ਪਾਣੀ ਭਰ ਰਹੇ ਸਨ ਤਾਂ ਉਸ ਵਿਚੋਂ ਫਿਰ ਤੋਂ ਕੀੜੇ ਨਿਕਲੇ।
ਜਾਣਕਾਰੀ ਦਿੰਦੇ ਹੋਏ ਤਰਸੇਮ ਰੱਤੂ ਨੇ ਦੱਸਿਆ ਕਿ ਹਫਤਾ ਕੁ ਪਹਿਲਾਂ ਵੀ ਪਾਣੀ 'ਚੋਂ ਕੀੜੇ ਨਿਕਲੇ ਸਨ ਅਤੇ ਉਨ੍ਹਾਂ ਨੇ ਨਗਰ ਕੌਂਸਲ ਵਿਖੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪੀਣ ਯੋਗ ਪਾਣੀ ਦੇ ਵਿਚੋਂ ਕੀੜੇ ਨਿਕਲਣੇ ਹਾਲੇ ਜਾਰੀ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ
ਅੱਜ ਵੀ ਉਹ ਇਸ ਬਾਬਤ ਕੀੜਿਆਂ ਵਾਲਾ ਪਾਣੀ ਬੋਤਲ ਵਿਚ ਪਾ ਕੇ ਨਗਰ ਕੌਂਸਲ ਅਧਿਕਾਰੀਆਂ ਨੂੰ ਮਿਲੇ, ਜਿਥੇ ਕਾਰਜਸਾਧਕ ਅਧਿਕਾਰੀ ਅਮਨਦੀਪ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਵੱਲ ਛੇਤੀ ਹੀ ਕੋਈ ਠੋਸ ਕਦਮ ਉਠਾਇਆ ਜਾਵੇਗਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੌਂਸਲ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਠੇਕਾ ਜਿਸ ਠੇਕੇਦਾਰ ਨੂੰ ਦਿੱਤਾ ਹੋਇਆ ਹੈ, ਉਸ ਵੱਲੋਂ ਪਾਣੀ ਨੂੰ ਸਾਫ਼ ਅਤੇ ਸ਼ੁੱਧ ਰੱਖਣ ਵਾਲੀ ਦਵਾਈ ਨਹੀਂ ਪਾਈ ਗਈ, ਜਿਸ ਕਾਰਨ ਪੀਣ ਵਾਲੇ ਪਾਣੀ ਵਿਚ ਕੀੜੇ ਮਕੌੜੇ ਪੈਦਾ ਹੋ ਰਹੇ ਹਨ।


Related News