ਵਰਿਆਣਾ ਡੰਪ ਦੀ ਮੇਨ ਸੜਕ ਬਣਨੀ ਸ਼ੁਰੂ, ਸ਼ਹਿਰ ਦਾ ਸਾਰਾ ਕੂੜਾ ਕੋਹਿਨੂਰ ਰਬੜ ਦੇ ਪਿੱਛੇ ਸੁੱਟਿਆ ਜਾਣ ਲੱਗਾ

Monday, Oct 18, 2021 - 04:55 PM (IST)

ਵਰਿਆਣਾ ਡੰਪ ਦੀ ਮੇਨ ਸੜਕ ਬਣਨੀ ਸ਼ੁਰੂ, ਸ਼ਹਿਰ ਦਾ ਸਾਰਾ ਕੂੜਾ ਕੋਹਿਨੂਰ ਰਬੜ ਦੇ ਪਿੱਛੇ ਸੁੱਟਿਆ ਜਾਣ ਲੱਗਾ

ਜਲੰਧਰ (ਖੁਰਾਣਾ)- ਕਾਂਗਰਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਕੰਢੇ ਹੈ ਪਰ ਸਰਕਾਰ ਨੇ ਜਲੰਧਰ ਸ਼ਹਿਰ ਦੇ ਸਾਲਿਡ ਵੇਸਟ ਸਿਸਟਮ ਭਾਵ ਕੂੜੇ ਨੂੰ ਟਿਕਾਣੇ ਲਾਉਣ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ, ਸਾਰੀਆਂ ਅਸਫਲ ਸਾਬਤ ਹੋਈਆਂ। ਇਸੇ ਨਾਕਾਮੀ ਕਾਰਨ ਨਾ ਸਿਰਫ਼ ਸ਼ਹਿਰ ਦੇ ਮੇਨ ਡੰਪ ਵਰਿਆਣਾ ’ਚ ਕੂੜੇ ਦੇ ਵੱਡੇ-ਵੱਡੇ ਪਹਾੜ ਬਣ ਚੁੱਕੇ ਹਨ, ਸਗੋਂ ਹੋਰ ਇਲਾਕਿਆਂ ਵਿਚ ਵੀ ਕੂਡ਼ਾ ਡੰਪ ਹੋਣ ਲੱਗਾ ਹੈ। ਇਨ੍ਹੀਂ ਦਿਨੀਂ ਵਰਿਆਣਾ ਡੰਪ ਨੂੰ ਜਾਂਦੀ ਮੇਨ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਪੂਰੇ ਜਲੰਧਰ ਸ਼ਹਿਰ ਦਾ ਸਾਰਾ ਕੂੜਾ ਕਪੂਰਥਲਾ ਰੋਡ ’ਤੇ ਪੈਂਦੀ ਕੋਹਿਨੂਰ ਰਬੜ ਇੰਡਸਟਰੀ ਦੇ ਪਿੱਛੇ ਡੰਪ ਕੀਤਾ ਜਾ ਰਿਹਾ ਹੈ।

ਕੂੜੇ ’ਚੋਂ ਉੱਠਦੀ ਬਦਬੂ ਅਤੇ ਇਸ ਨੂੰ ਵਾਰ-ਵਾਰ ਅੱਗ ਲੱਗਣ ਕਾਰਨ ਉੱਠਦੇ ਜ਼ਹਿਰੀਲੇ ਧੂੰਏਂ ਨੇ ਇਕ ਵੱਡੇ ਇਲਾਕੇ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦਾ ਕੰਮ ਲਗਭਗ 15 ਦਿਨਾਂ ’ਚ ਪੂਰਾ ਹੋ ਜਾਵੇਗਾ, ਜਿਸ ਕਾਰਨ ਅਜੇ 2-3 ਹਫ਼ਤੇ ਕੋਹਿਨੂਰ ਰਬੜ ਦੇ ਪਿੱਛੇ ਬਣਾਏ ਗਏ ਨਵੇਂ ਡੰਪ ’ਤੇ ਹੀ ਸਾਰਾ ਕੂੜਾ ਸੁੱਟਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਨਵੇਂ ਡੰਪ ਦੇ ਨਾਲ ਕਈ ਫੈਕਟਰੀਆਂ, ਕਮਰਸ਼ੀਅਲ ਸੰਸਥਾਵਾਂ ਅਤੇ ਰਿਹਾਇਸ਼ੀ ਆਬਾਦੀ ਹੈ, ਜਿਨ੍ਹਾਂ ਨੂੰ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ

ਚੋਪੜਾ ਟਾਊਨਸ਼ਿਪ ਅਤੇ ਜਲੰਧਰ ਕੁੰਜ ਤੇ ਵਿਹਾਰ ਦੇ ਲੋਕ ਵੀ ਪ੍ਰਭਾਵਿਤ ਹੋਣ ਲੱਗੇ
ਭਾਵੇਂ ਵਰਿਆਣਾ ਡੰਪ ਦੇ ਆਲੇ-ਦੁਆਲੇ ਵੀ ਸੰਘਣੀ ਰਿਹਾਇਸ਼ੀ ਆਬਾਦੀ ਸੀ ਪਰ ਹੁਣ ਨਿਗਮ ਨੇ ਜਿੱਥੇ ਕੂੜੇ ਦਾ ਨਵਾਂ ਡੰਪ ਬਣਾਇਆ ਹੈ, ਉੱਥੇ ਚੋਪੜਾ ਟਾਊਨਸ਼ਿਪ, ਜਲੰਧਰ ਕੁੰਜ ਤੇ ਵਿਹਾਰ ਵਰਗੀਆਂ ਆਬਾਦੀਆਂ ਬਿਲਕੁਲ ਨੇੜੇ ਪੈਂਦੀਆਂ ਹਨ। ਇਸ ਇਲਾਕੇ ’ਚ ਕੂੜੇ ਦੀ ਬਦਬੂ ਫੈਲਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਆਉਣ ਵਾਲੇ ਦਿਨਾਂ ’ਚ ਵਿਰੋਧ ਦੀਆਂ ਸੁਰਾਂ ਵੀ ਉੱਠ ਸਕਦੀਆਂ ਹਨ। ਨਵੀਂ ਡੰਪ ਸਾਈਟ ਦੇ ਬਿਲਕੁਲ ਨਾਲੋਂ ਕਾਲਾ ਸੰਘਿਆਂ ਡਰੇਨ ਵੀ ਲੰਘਦੀ ਹੈ, ਜਿਸ ਵਿਚ ਡੰਪ ਦਾ ਕਾਫੀ ਕੂੜਾ ਡਿੱਗਣਾ ਸ਼ੁਰੂ ਵੀ ਹੋ ਗਿਆ ਹੈ। ਹੁਣ ਦੇਖਣਾ ਹੈ ਕਿ ਨਿਗਮ ਇਸ ਸਥਿਤੀ ਨੂੰ ਕਿਵੇਂ ਸੰਭਾਲਦਾ ਹੈ।

PunjabKesari

ਟਰਾਲੀਆਂ ਦਾ ਟੈਂਡਰ ਦੁਬਾਰਾ ਹੋਇਆ ਤਾਂ ਪੂਰੇ ਸ਼ਹਿਰ ’ਚ ਆਵੇਗੀ ਸਮੱਸਿਆ
ਨਗਰ ਨਿਗਮ ਨੇ ਵਰਿਆਣਾ ਡੰਪ ਤੱਕ ਸ਼ਹਿਰ ਦੇ ਕੂੜੇ ਨੂੰ ਪਹੁੰਚਾਉਣ ਲਈ ਸੜਕ ਦਾ ਨਿਰਮਾਣ ਤਾਂ ਸ਼ੁਰੂ ਕਰਵਾ ਦਿੱਤਾ ਹੈ ਪਰ ਨਵੀਂ ਡੰਪ ਸਾਈਟ ਆਉਣ ਵਾਲੇ ਦਿਨਾਂ ’ਚ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ-ਨਾਲ ਚਰਚਾ ਹੈ ਕਿ ਜੇਕਰ ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੇ ਵਾਰਡਾਂ ਦੀ ਸਫਾਈ ’ਚ ਲੱਗੀਆਂ 25 ਟਰਾਲੀਆਂ ਦਾ ਟੈਂਡਰ ਦੁਬਾਰਾ ਕਾਲ ਕੀਤਾ ਤਾਂ ਪੂਰੇ ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਫਗਵਾੜਾ: ਦੋ ਜਿਗਰੀ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ, ਸਾਹਮਣੇ ਆਈ ਵਜ੍ਹਾ ਨੇ ਉਡਾਏ ਪੁਲਸ ਦੇ ਹੋਸ਼

ਜ਼ਿਕਰਯੋਗ ਹੈ ਕਿ ਇਸ ਸਮੇਂ ਨਿਗਮ ਨੇ ਲਗਭਗ 2 ਕਰੋੜ ਦੀ ਲਾਗਤ ਨਾਲ 25 ਟਰਾਲੀਆਂ ਨੂੰ ਲੇਬਰ ਸਮੇਤ ਕਿਰਾਏ ’ਤੇ ਲੈ ਕੇ ਉਨ੍ਹਾਂ ਕੋਲੋਂ ਸਾਫ-ਸਫਾਈ ਦਾ ਕੰਮ ਚਾਲੂ ਕਰਵਾਇਆ ਹੋਇਆ ਹੈ, ਜਿਸ ਨਾਲ ਸ਼ਹਿਰ ਦੇ 80 ਵਾਰਡਾਂ ਅਤੇ ਕੌਂਸਲਰਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ। ਇਸ ਕੰਮ ਦਾ ਪੁਰਾਣਾ ਠੇਕਾ ਖਤਮ ਹੋ ਚੁੱਕਾ ਹੈ ਅਤੇ ਹੁਣ ਸਰਕਾਰ ਨੇ ਪੁਰਾਣੇ ਟੈਂਡਰ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨਿਗਮ ਨੇ ਦੋ ਕੁ ਮਹੀਨੇ ਪਹਿਲਾਂ 25 ਟਰਾਲੀਆਂ ਨੂੰ ਕਿਰਾਏ ਉੱਤੇ ਲੈਣ ਲਈ 2.43 ਕਰੋੜ ਦਾ ਜਿਹੜਾ ਟੈਂਡਰ ਲਾਇਆ ਸੀ, ਉਸ ਤਹਿਤ ਨਿਗਮ ਨੂੰ ਟੈਂਡਰ ਵੀ ਰਿਸੀਵ ਹੋ ਚੁੱਕੇ ਹਨ ਅਤੇ ਸਰਕਾਰ ਨੇ ਵੀ ਉਨ੍ਹਾਂ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਪਤਾ ਲੱਗਾ ਕਿ ਹੁਣ ਇਸ ਟੈਂਡਰ ਨੂੰ ਦੁਬਾਰਾ ਰੀਕਾਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਟਰਾਲੀਆਂ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਲਈਆਂ ਜਾਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਨਿਗਮ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਹਨ ਕਿ ਹੁਣ ਜੇਕਰ ਫ਼ਾਈਨਲ ਸਟੇਜ ’ਤੇ ਪਹੁੰਚ ਕੇ ਟੈਂਡਰ ਨੂੰ ਦੁਬਾਰਾ ਕਾਲ ਕੀਤਾ ਗਿਆ ਤਾਂ ਪੂਰੀ ਪ੍ਰਕਿਰਿਆ ਨਵੇਂ ਸਿਰੇ ਤੋਂ ਅਪਣਾਉਣੀ ਹੋਵੇਗੀ, ਜਿਸ ਨਾਲ ਸ਼ਹਿਰ ਦੀ ਸਫਾਈ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ਕਿਉਂਕਿ ਬਹੁਤ ਨੇੜੇ ਆ ਗਈਆਂ ਹਨ, ਇਸ ਲਈ ਕਾਂਗਰਸੀ ਵਿਧਾਇਕ ਅਜਿਹਾ ਰਿਸਕ ਲੈਂਦੇ ਹਨ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ’ਚ ਵਿਵਾਦ ਦਾ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਰੇਲ ਰੋਕੋ ਅੰਦੋਲਨ ਜਾਰੀ, ਕਿਸਾਨਾਂ ਨੇ ਟਰੈਕ ’ਤੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News