ਵਿਜੀਲੈਂਸ ਵਿਭਾਗ ਦੀ ਨਜ਼ਰ ਹੁਣ ਸੂਬੇ ''ਚ ਫੈਲੇ ਭ੍ਰਿਸ਼ਟਾਚਾਰ ''ਤੇ

11/13/2018 4:09:29 PM

ਜਲੰਧਰ (ਬੁਲੰਦ)— ਵਿਜੀਲੈਂਸ ਵਿਭਾਗ ਵੱਲੋਂ ਲਗਾਤਾਰ ਰਿਸ਼ਵਤਖੋਰ ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਏਜੰਟਾਂ ਖਿਲਾਫ ਐਕਸ਼ਨ ਲੈ ਕੇ ਉਨ੍ਹਾਂ ਨੂੰ ਫੜਿਆ ਜਾ ਰਿਹਾ ਹੈ ਪਰ ਫਿਰ ਵੀ ਕੁਝ ਵਿਭਾਗ ਅਜਿਹੇ ਹਨ, ਜਿੱਥੇ ਵਿਜੀਲੈਂਸ ਦੀ ਕਾਰਵਾਈ ਲੰਮੇ ਸਮੇਂ ਤੋਂ ਨਾ ਹੋਣ ਕਾਰਨ ਉਥੇ ਰਿਸ਼ਵਤਖੋਰ ਆਪਣੇ ਪੈਰ ਪਸਾਰੀ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜਲੰਧਰ ਦੇ ਕਈ ਵਿਭਾਗਾਂ 'ਚ ਫੈਲੇ ਭ੍ਰਿਸ਼ਟਾਚਾਰ ਬਾਰੇ ਲਗਾਤਾਰ ਚੀਫ ਡਾਇਰੈਕਟਰ  ਵਿਜੀਲੈਂਸ ਨੂੰ ਸ਼ਿਕਾਇਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। 

ਤਹਿਸੀਲ 'ਚ ਪੈਰ-ਪੈਰ 'ਤੇ ਫੈਲਿਆ ਭ੍ਰਿਸ਼ਟਾਚਾਰ
ਵਿਜੀਲੈਂਸ ਨੂੰ ਦਿੱਤੀਆਂ ਗਈਆਂ ਸ਼ਿਕਾਇਤਾਂ 'ਚ ਦੱਸਿਆ ਗਿਆ ਹੈ ਕਿ ਤਹਿਸੀਲ 'ਚ ਪੈਰ- ਪੈਰ 'ਤੇ  ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਸ਼ਿਕਾਇਤਾਂ 'ਚ ਕਿਹਾ ਗਿਆ ਹੈ ਕਿ ਜਦ ਲੋਕ ਤਹਿਸੀਲ 'ਚ ਜਾ ਕੇ ਆਪਣੀ  ਰਜਿਸਟਰੀ ਦੇ ਕਾਗਜ਼ਾਤ ਵਸੀਕਾ ਨਵੀਸ ਤੋਂ ਤਿਆਰ ਕਰਵਾਉਂਦੇ ਹਨ ਤਾਂ ਉਥੋਂ ਹੀ ਉਨ੍ਹਾਂ ਤੋਂ ਰਿਸ਼ਵਤ ਲੈਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਵਸੀਕਾ ਨਵੀਸ ਆਪਣੀ ਨਿਰਧਾਰਤ ਫੀਸ ਤੋਂ ਜ਼ਿਆਦਾ ਫੀਸ ਲੈਂਦਾ ਹੈ, ਫਿਰ ਇਕ ਪੱਕੀ ਰਸੀਦ ਨੰਬਰਦਾਰ ਦੇ ਨਾਂ 'ਤੇ ਲਈ ਜਾਂਦੀ ਹੈ।
ਨੰਬਰਦਾਰ, ਪਟਵਾਰੀ, ਕਾਨੂੰਨਗੋ ਨੂੰ ਇੰਤਕਾਲ ਦੇ ਨਾਂ 'ਤੇ ਪੈਸੇ ਦੇਣੇ ਪੈਂਦੇ ਹਨ। ਵਿਜੀਲੈਂਸ ਕਈ ਵਿਭਾਗਾਂ 'ਤੇ  ਸ਼ਿਕੰਜਾ ਕੱਸਣ ਨੂੰ ਤਿਆਰ ਹੈ ਪਰ ਵਿਭਾਗ ਕੋਲ ਸਿੱਧੇ ਤੌਰ 'ਤੇ ਕਿਸੇ ਸ਼ਿਕਾਇਤਕਰਤਾ ਦੇ ਨਾ ਆਉਣ ਕਾਰਨ ਇਹ ਮਾਮਲਾ ਲਟਕਿਆ ਹੋਇਆ ਹੈ।

ਰਿਸ਼ਵਤ ਲੈਣ ਦੀ ਬਜਾਏ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਲੋਕ : ਐੱਸ. ਐੱਸ. ਪੀ.
ਇਸ ਮਾਮਲੇ ਬਾਰੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜੋ ਲੋਕ ਰਜਿਸਟਰੀ ਅਤੇ ਇੰਤਕਾਲਾਂ ਨੂੰ ਕਰਵਾਉਣ ਲਈ ਰਿਸ਼ਵਤ ਦੇ ਰਹੇ ਹਨ  ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵਿਭਾਗ ਨੂੰ ਇਸ ਬਾਰੇ ਸ਼ਿਕਾਇਤ ਕਰਨ ਤਾਂ ਕਿ ਟ੍ਰੈਪ ਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਜੋ ਤਹਿਸੀਲਦਾਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਂ 'ਤੇ ਰਿਸ਼ਵਤ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੇਸ 'ਚ ਕਾਬੂ ਆਉਣ ਵਾਲੇ ਲੋਕਾਂ ਤੋਂ ਪੁੱਛਗਿਛ 'ਚ ਜੇਕਰ ਸਾਹਮਣੇ ਆਉਂਦਾ ਹੈ ਕਿ ਸੱਚ 'ਚ ਜੇਕਰ ਕੋਈ ਤਹਿਸੀਲਦਾਰ ਲੈਵਲ ਦਾ ਅਧਿਕਾਰੀ ਰਿਸ਼ਵਤ ਲੈਂਦਾ ਹੈ ਤਾਂ ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਸਾਰਾ ਦਿਨ ਦਫਤਰ 'ਚ ਹੁੰਦੇ ਹਨ ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਆ ਕੇ ਮਿਲ ਸਕਦਾ ਹੈ।


shivani attri

Content Editor

Related News