ਜਲੰਧਰ ''ਚ ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ''ਤੇ ਵਿਜੀਲੈਂਸ ਦੀ ਕਾਰਵਾਈ, ਨਿਗਮ ਤੋਂ ਰਿਕਾਰਡ ਮੰਗੇ

Saturday, Mar 21, 2026 - 02:58 PM (IST)

ਜਲੰਧਰ ''ਚ ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ''ਤੇ ਵਿਜੀਲੈਂਸ ਦੀ ਕਾਰਵਾਈ, ਨਿਗਮ ਤੋਂ ਰਿਕਾਰਡ ਮੰਗੇ

ਜਲੰਧਰ (ਖੁਰਾਣਾ)–ਸ਼ਹਿਰ ਵਿਚ ਤੇਜ਼ੀ ਨਾਲ ਵਧ ਰਹੀਆਂ ਨਾਜਾਇਜ਼ ਉਸਾਰੀਆਂ, ਕਾਲੋਨੀਆਂ ਅਤੇ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਨਾਲ ਜੁੜੇ ਮਾਮਲਿਆਂ ਵਿਚ ਸਖ਼ਤੀ ਵਿਖਾਈ ਦਿੱਤੀ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਬਾਅਦ ਚੀਫ਼ ਵਿਜੀਲੈਂਸ ਅਫ਼ਸਰ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਟੀਮ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਆਪਕ ਜਾਂਚ ਮੁਹਿੰਮ ਚਲਾਈ। ਲਗਭਗ 7 ਘੰਟੇ ਤਕ ਚੱਲੀ ਇਸ ਕਾਰਵਾਈ ਦੌਰਾਨ ਟੀਮ ਨੇ 100 ਤੋਂ ਵੱਧ ਸ਼ੱਕੀ ਉਸਾਰੀਆਂ, ਦੁਕਾਨਾਂ ਅਤੇ ਕਾਲੋਨੀਆਂ ਦਾ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ ਅਤੇ ਨਿਗਮ ਨਾਲ ਸਬੰਧਤ ਰਿਕਾਰਡ ਵੀ ਤਲਬ ਕਰ ਲਿਆ।

ਇਹ ਵੀ ਪੜ੍ਹੋ: ਲਾਲਜੀਤ ਭੁੱਲਰ 'ਤੇ ਹੋਵੇ ਪਰਚਾ, MP ਚਰਨਜੀਤ ਚੰਨੀ ਨੇ CBI ਜਾਂਚ ਦੀ ਕੀਤੀ ਮੰਗ

ਸਵੇਰੇ ਹੀ ਸ਼ਹਿਰ ਪਹੁੰਚੀ ਲੋਕਲ ਬਾਡੀਜ਼ ਦੀ ਵਿਜੀਲੈਂਸ ਟੀਮ ਨੇ ਆਪਣੀ ਜਾਂਚ ਦੀ ਸ਼ੁਰੂਆਤ ਮੈਰੀਟਨ ਹੋਟਲ ਨੇੜਿਓਂ ਕੀਤੀ, ਜਿੱਥੇ ਕਾਫ਼ੀ ਦੇਰ ਤਕ ਉਸਾਰੀ ਸਬੰਧੀ ਪਹਿਲੂਆਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਟੀਮ ਨੇ ਬ੍ਰਾਂਡਰਥ ਰੋਡ, ਫੁੱਟਬਾਲ ਚੌਕ, ਨਕੋਦਰ ਰੋਡ, ਜੇ. ਪੀ. ਨਗਰ, ਲੈਦਰ ਕੰਪਲੈਕਸ ਰੋਡ ਅਤੇ ਵਰਿਆਣਾ ਕੰਪਲੈਕਸ ਰੋਡ ਸਮੇਤ ਕਈ ਪ੍ਰਮੁੱਖ ਇਲਾਕਿਆਂ ਦਾ ਦੌਰਾ ਕੀਤਾ। ਬ੍ਰਾਂਡਰਥ ਰੋਡ ’ਤੇ ਡਾਇਮੰਡ ਸਿਲਕ ਸਟੋਰ ਨੇੜੇ ਇਕ ਕਾਰੋਬਾਰੀ ਉਸਾਰੀ , ਜਦੋਂ ਕਿ ਜੇ. ਪੀ. ਨਗਰ ਰੋਡ ’ਤੇ 50-60 ਤੋਂ ਵੱਧ ਦੁਕਾਨਾਂ ਦੀ ਉਸਾਰੀ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆ ਗਿਆ। ਫੁੱਟਬਾਲ ਚੌਕ ਵਿਚ ਭਾਟੀਆ ਹਸਪਤਾਲ ਨੇੜੇ ਬਣੀ ਕਮਰਸ਼ੀਅਲ ਬਿਲਡਿੰਗ ਦੀ ਵੀ ਜਾਂਚ ਹੋਈ।

ਟੀਮ ਨੇ ਲੈਦਰ ਕੰਪਲੈਕਸ ਅਤੇ ਵਰਿਆਣਾ ਕੰਪਲੈਕਸ ਰੋਡ ’ਤੇ ਚੱਲ ਰਹੇ ਉਸਾਰੀ ਦੇ ਕੰਮਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਬਸਤੀਆਂ ਦੇ ਇਲਾਕਿਆਂ ਵਿਚ ਵਿਕਸਿਤ ਹੋ ਰਹੀਆਂ ਕਾਲੋਨੀਆਂ ਵਿਚ ਬਣ ਰਹੀਆਂ ਕੋਠੀਆਂ ਦੀ ਵੀ ਪੜਤਾਲ ਕੀਤੀ। ਕਾਲਾ ਸੰਘਿਆਂ ਰੋਡ ਨੇੜੇ ਇਕ ਕਾਲੋਨੀ ਵਿਚ ਜਾਰੀ ਉਸਾਰੀ ਦਾ ਕੰਮ, ਨਕੋਦਰ ਰੋਡ ’ਤੇ ਇਕ ਬੇਕਰੀ ਦੀ ਇਮਾਰਤ, ਐੱਮ. ਐੱਸ. ਫਾਰਮ ਰੋਡ ’ਤੇ ਬਣ ਰਹੀਆਂ ਨਾਜਾਇਜ਼ ਦੁਕਾਨਾਂ ਅਤੇ ਬਸਤੀ ਮਿੱਠੂ ਰੋਡ ’ਤੇ ਸਰਕਾਰੀ ਜ਼ਮੀਨ ’ਤੇ ਕੀਤੇ ਗਏ ਕਬਜ਼ਿਆਂ ਦੀ ਵੀ ਟੀਮ ਨੇ ਗੰਭੀਰਤਾ ਨਾਲ ਜਾਂਚ ਕੀਤੀ।

PunjabKesari

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਤੋਂ ਇਲਾਵਾ ਕਾਲਾ ਸੰਘਿਆਂ ਰੋਡ ’ਤੇ 2-2 ਮਰਲੇ ਦੇ ਛੋਟੇ ਪਲਾਟਾਂ ’ਤੇ ਲੱਗਭਗ 30 ਕੋਠੀਆਂ ਦੀ ਉਸਾਰੀ ਦੇ ਮਾਮਲੇ ਦੀ ਵੀ ਜਾਂਚ ਸ਼ੁਰੂ ਕੀਤੀ ਗਈ, ਜਿਥੇ ਇਕ ਹੀ ਡੀਲਰ ਵੱਲੋਂ ਉਸਾਰੀ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਹੋਟਲ ਇੰਦਰਪ੍ਰਸਥ ਨੇੜੇ ਬਣ ਰਹੀ ਇਕ ਕਮਰਸ਼ੀਅਲ ਬਿਲਡਿੰਗ ਵੀ ਟੀਮ ਦੇ ਰਾਡਾਰ ’ਤੇ ਰਹੀ, ਜਿਸ ਦਾ ਨਕਸ਼ਾ ਕਥਿਤ ਰੂਪ ਨਾਲ ਰਿਹਾਇਸ਼ੀ ਸ਼੍ਰੇਣੀ ਵਿਚ ਪਾਸ ਕਰਵਾਇਆ ਗਿਆ ਸੀ। ਜਾਂਚ ਦੌਰਾਨ ਸ਼ਿਕਾਇਤਕਰਤਾ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵੀ ਟੀਮ ਦੇ ਨਾਲ ਮੌਜੂਦ ਰਹੇ, ਜਿਨ੍ਹਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵਧੇਰੇ ਕਾਰਵਾਈ ਕੀਤੀ ਗਈ। ਟੀਮ ਵਿਚ ਚੀਫ ਵਿਜੀਲੈਂਸ ਅਫਸਰ ਕੁਲਵਿੰਦਰ ਸਿੰਘ ਦੇ ਇਲਾਵਾ ਸੀਨੀਅਰ ਵਿਜੀਲੈਂਸ ਅਧਿਕਾਰੀ ਏ. ਟੀ. ਪੀ. ਨਰੇਸ਼, ਏ. ਟੀ. ਪੀ. ਵਿਕਾਸ ਦੂਆ ਅਤੇ ਬਿਲਡਿੰਗ ਇੰਸਪੈਕਟਰ ਗੌਰਵ ਵੀ ਸ਼ਾਮਲ ਸਨ।

ਇਸ ਵਿਜੀਲੈਂਸ ਟੀਮ ਨੇ ਸ਼ਾਮ ਲਗਭਗ 5 ਵਜੇ ਤਕ ਆਪਣੀ ਮੁਹਿੰਮ ਜਾਰੀ ਰੱਖੀ। ਜਾਂਚ ਉਪਰੰਤ ਵਿਜੀਲੈਂਸ ਟੀਮ ਨੇ ਬਿਲਡਿੰਗ ਵਿਭਾਗ ਨਾਲ ਸੰਬੰਧਤ ਸਾਰਾ ਰਿਕਾਰਡ ਚੰਡੀਗੜ੍ਹ ਤਲਬ ਕਰ ਲਿਆ ਹੈ। ਕਾਰਵਾਈ ਦੇ ਬਾਅਦ ਟੀਮ ਨੇ ਨਗਰ ਨਿਗਮ ਦਫਤਰ ਪਹੁੰਚ ਕੇ ਬੀ. ਐਂਡ ਆਰ. ਬ੍ਰਾਂਚ ਦੇ ਕੁਝ ਟੈਂਡਰਾਂ ਨੂੰ ਲੈ ਕੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਚੀਫ ਵਿਜੀਲੈਂਸ ਅਫਸਰ ਕੁਲਵਿੰਦਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੀਟਿੰਗ ਕਰ ਕੇ ਪੂਰੇ ਮਾਮਲੇ ’ਤੇ ਵਿਚਾਰ-ਵਟਾਂਦਰਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਉਸਾਰੀਆਂ ਅਤੇ ਕਾਲੋਨੀਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਜੀਲੈਂਸ ਵਿਭਾਗ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਵੱਡੀ ਕਾਰਵਾਈ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਸੀ. ਵੀ. ਓ. ਦਫਤਰ ਵਿਚ ਕਈ ਨਾਜਾਇਜ਼ ਬਿਲਡਿੰਗਾਂ ਦੀਆਂ ਸ਼ਿਕਾਇਤਾਂ ਪੈਂਡਿੰਗ ਹਨ।

ਇਹ ਵੀ ਪੜ੍ਹੋ: ਮੰਤਰੀਆਂ ਦੀ ਰਿਸ਼ਵਤ ਦੀ ਮੰਗ ਪੂਰੀ ਨਾ ਕਰ ਸਕਣ ਕਾਰਨ ਅਫ਼ਸਰ ਦੇਣ ਲੱਗੇ ਆਪਣੀ ਜਾਨ: ਜਾਖੜ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News