ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 492ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Jan 16, 2019 - 10:30 AM (IST)
ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਕਾਰਨ ਸਰਹੱਦੀ ਖੇਤਰਾਂ ਦੇ ਲੱਖਾਂ ਲੋਕ ਸੰਕਟ ਭਰਿਆ ਜੀਵਨ ਗੁਜ਼ਾਰਨ ਲਈ ਮਜਬੂਰ ਹਨ। ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਸਗੋਂ ਇਨ੍ਹਾਂ 'ਚ ਨਿੱਤ ਦਿਨ ਹੋਰ ਵਿਸਥਾਰ ਹੋ ਰਿਹਾ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਸੈਨਿਕਾਂ ਅਤੇ ਅੱਤਵਾਦੀਆਂ ਦੀਆਂ ਇਨ੍ਹਾਂ ਕਾਰਵਾਈਆਂ ਲਈ ਨਾ ਸਿਰਫ ਪਿੱਠ ਥਾਪੜੀ ਜਾ ਰਹੀ ਹੈ, ਸਗੋਂ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ, ਗੋਲੀ-ਸਿੱਕਾ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪਾਕਿਸਤਾਨ ਦੀਆਂ ਮਾਰੂ ਹਰਕਤਾਂ ਕਾਰਨ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ-ਮੁਹਿੰਮ ਚਲਾਈ ਜਾ ਰਹੀ ਹੈ। ਬੀਤੇ ਦਿਨੀਂ ਇਸ ਮੁਹਿੰਮ ਅਧੀਨ ਰਾਜੌਰੀ ਜ਼ਿਲੇ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ 492ਵੇਂ ਟਰੱਕ ਦੀ ਸਮੱਗਰੀ ਭਿਜਵਾਈ ਗਈ ਸੀ। ਇਸ ਵਾਰ ਦੀ ਸਹਾਇਤਾ-ਸਮੱਗਰੀ ਜ਼ੀਰਾ ਤੋਂ ਕਾਂਗਰਸੀ ਨੇਤਾ ਸ. ਸੁਰਿੰਦਰ ਸਿੰਘ ਜੌੜਾ (ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਵੱਲੋਂ 'ਜਗ ਬਾਣੀ' ਦੇ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂ ਵਾਲਾ ਦੇ ਸਹਿਯੋਗ ਨਾਲ ਭਿਜਵਾਈ ਗਈ ਸੀ। ਜਲੰਧਰ ਤੋਂ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਕੜਾਕੇ ਦੀ ਸਰਦੀ ਨੂੰ ਧਿਆਨ 'ਚ ਰੱਖਦਿਆਂ 300 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ। ਇਸ ਮੌਕੇ 'ਤੇ ਲਾਇਨ ਜੇ. ਬੀ. ਸਿੰਘ ਚੌਧਰੀ ਅਤੇ ਜ਼ੀਰਾ ਦੇ ਤੀਰਥ ਸਿੰਘ ਸਨ੍ਹੇਰ ਵੀ ਮੌਜੂਦ ਸਨ।
ਰਾਹਤ ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਰਾਜੌਰੀ ਜਾਣ ਵਾਲੀ ਟੀਮ ਵਿਚ ਲੋਕ ਚੇਤਨਾ ਮੰਚ ਪੰਜਾਬ ਦੇ ਫਿਰੋਜ਼ਪੁਰ ਜ਼ਿਲਾ ਪ੍ਰਧਾਨ ਜਸਬੀਰ ਸਿੰਘ ਜੋਸਨ, ਸ. ਪ੍ਰਗਟ ਸਿੰਘ ਭੁੱਲਰ ਮੇਲਕ ਕੰਗਾਂ, ਫਿਰੋਜ਼ਪੁਰ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਸ. ਕੁਲਦੀਪ ਸਿੰਘ ਭੁੱਲਰ ਅਤੇ ਹਰਦਿਆਲ ਸਿੰਘ ਵੀ ਸ਼ਾਮਲ ਸਨ।