ਮੰਗਲਵਾਰ ਨਗਰ ਨਿਗਮ ਤੇ ਕਮਿਸ਼ਨਰ ਆਫ਼ਿਸ ਨੂੰ ਪੱਕੇ ਤੌਰ ’ਤੇ ਤਾਲਾ ਲਾ ਦੇਣਗੇ ਯੂਨੀਅਨ ਆਗੂ

Saturday, Sep 24, 2022 - 02:48 PM (IST)

ਮੰਗਲਵਾਰ ਨਗਰ ਨਿਗਮ ਤੇ ਕਮਿਸ਼ਨਰ ਆਫ਼ਿਸ ਨੂੰ ਪੱਕੇ ਤੌਰ ’ਤੇ ਤਾਲਾ ਲਾ ਦੇਣਗੇ ਯੂਨੀਅਨ ਆਗੂ

ਜਲੰਧਰ (ਖੁਰਾਣਾ, ਸੋਨੂੰ)– ਇਕ ਪਾਸੇ ਜਿੱਥੇ ਸ਼ਹਿਰ ’ਚ ਬੰਦ ਸੀਵਰਾਂ ਨੂੰ ਖੋਲ੍ਹਣ ਵਾਲੇ ਸਾਰੇ ਸੀਵਰਮੈਨ ਅਤੇ ਗੰਦੇ ਪਾਣੀ ਸਬੰਧੀ ਆਈਆਂ ਸ਼ਿਕਾਇਤਾਂ ਨੂੰ ਦੂਰ ਕਰਨ ਵਾਲਾ ਸਟਾਫ਼ ਇਨ੍ਹੀਂ ਦਿਨੀਂ ਹੜਤਾਲ ’ਤੇ ਚੱਲ ਰਿਹਾ ਹੈ, ਉਥੇ ਹੀ ਹੁਣ ਨਗਰ ਨਿਗਮ ਦੇ ਯੂਨੀਅਨ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਇਸ ਮੰਗਲਵਾਰ (27 ਸਤੰਬਰ) ਨੂੰ ਨਗਰ ਨਿਗਮ ਦੇ ਮੇਨ ਗੇਟ ਦੇ ਨਾਲ-ਨਾਲ ਕਮਿਸ਼ਨਰ ਦਵਿੰਦਰ ਸਿੰਘ ਦੇ ਆਫ਼ਿਸ ਨੂੰ ਵੀ ਤਾਲਾ ਲਾ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸੈਂਕੜਿਆਂ ਦੀ ਗਿਣਤੀ ਵਿਚ ਨਿਗਮ ਕਰਮਚਾਰੀਆਂ ਨੇ ਯੂਨੀਅਨ ਆਗੂ ਬੰਟੂ ਸੱਭਰਵਾਲ, ਰਿੰਪੀ ਕਲਿਆਣ, ਬਿਸ਼ਨ ਦਾਸ ਸਹੋਤਾ ਆਦਿ ਦੀ ਅਗਵਾਈ ਵਿਚ ਨਿਗਮ ਕੰਪਲੈਕਸ ਆ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਨਿਗਮ ਪ੍ਰਸ਼ਾਸਨ ਅਤੇ ਕਮਿਸ਼ਨਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਯੂਨੀਅਨ ਆਗੂਆਂ ਦੀ ਇਕ ਮੀਟਿੰਗ ਮੇਅਰ ਜਗਦੀਸ਼ ਰਾਜਾ ਨਾਲ ਵੀ ਹੋਈ। ਯੂਨੀਅਨ ਆਗੂਆਂ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਆਪਣੇ ਕਾਰਜਕਾਲ ਦੌਰਾਨ ਨਿਗਮ ਕਰਮਚਾਰੀਆਂ ਲਈ ਕੁਝ ਨਹੀਂ ਕੀਤਾ। ਬਾਕੀ ਬਚਦੇ ਸਮੇਂ ਦੌਰਾਨ ਮੇਅਰ ਹੀ ਕੋਈ ਸਟੈਂਡ ਲੈ ਲੈਣ। ਮੇਅਰ ਦਾ ਸਾਫ ਸ਼ਬਦਾਂ ਵਿਚ ਕਹਿਣਾ ਸੀ ਕਿ ਕਮਿਸ਼ਨਰ ਉਨ੍ਹਾਂ ਦਾ ਵੀ ਫੋਨ ਨਹੀਂ ਚੁੱਕਦੇ ਪਰ ਉਹ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਹਰ ਤਰ੍ਹਾਂ ਦਾ ਸਹਿਯੋਗ ਕਰਨ ਨੂੰ ਤਿਆਰ ਹਨ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਜਲੰਧਰ ਲਿਆਵੇਗੀ ਪੁਲਸ, ਸ਼ਹਿਰ ’ਚ ਹਾਈ ਅਲਰਟ

ਇਸ ਦੌਰਾਨ ਯੂਨੀਅਨ ਆਗੂਆਂ ਨੇ ਸਾਫ ਤੌਰ ’ਤੇ ਕਿਹਾ ਕਿ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ, ਮਾਲੀਆਂ, ਫਿਟਰ-ਕੁਲੀਆਂ ਆਦਿ ਦੀ ਪੱਕੀ ਭਰਤੀ ਤੋਂ ਨਿਗਮ ਪ੍ਰਸ਼ਾਸਨ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ। ਕਈ ਭਰੋਸੇ ਦਿੱਤੇ ਜਾ ਚੁੱਕੇ ਹਨ ਪਰ ਨਿਗਮ ਕਮਿਸ਼ਨਰ ਵੱਲੋਂ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ ਜਾ ਰਿਹਾ। ਅਜਿਹੀ ਹਾਲਤ ਵਿਚ ਨਿਗਮ ਕਮਿਸ਼ਨਰ ਦੇ ਆਫਿਸ ਨੂੰ ਤਾਲਾ ਲਾਇਆ ਜਾਣਾ ਜਾਇਜ਼ ਹੈ। ਨਾਲ ਹੀ ਨਾਲ ਮੰਗਲਵਾਰ ਤੋਂ ਨਿਗਮ ਦਾ ਪੂਰਾ ਕੰਮਕਾਜ ਵੀ ਠੱਪ ਕਰ ਦਿੱਤਾ ਜਾਵੇਗਾ।

ਸਵੱਛਤਾ ਲੀਗ ’ਚ ਵੀ ਨਿਗਮ ਨੂੰ ਸਫਾਈ ਦੀ ਕੋਈ ਫਿਕਰ ਨਹੀਂ
ਇਨ੍ਹੀਂ ਦਿਨੀਂ ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ ਪੂਰਾ ਦੇਸ਼ ਵਿਚ ਸਵੱਛਤਾ ਲੀਗ ਮਨਾਈ ਜਾ ਰਹੀ ਹੈ ਅਤੇ ਜਲੰਧਰ ਨਿਗਮ ਨੇ ਵੀ ਇਸ ਲੀਗ ਤਹਿਤ ਵਿਸ਼ੇਸ਼ ਪ੍ਰੋਗਰਾਮ ਨਿਰਧਾਰਿਤ ਕੀਤੇ ਹਨ। ਅਸਲੀਅਤ ਇਹ ਹੈ ਕਿ ਸਵੱਛਤਾ ਲੀਗ ਦੌਰਾਨ ਵੀ ਨਿਗਮ ਨੂੰ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਦੀ ਜ਼ਰਾ ਜਿੰਨੀ ਵੀ ਫਿਕਰ ਨਹੀਂ ਹੈ ਅਤੇ ਸਾਰਾ ਪੈਸਾ ਜਾਗਰੂਕਤਾ ਰੈਲੀ, ਸੈਮੀਨਾਰ, ਸਮਾਰੋਹ ਅਤੇ ਨੁੱਕੜ ਨਾਟਕਾਂ ਆਦਿ ’ਤੇ ਖ਼ਰਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਨਾਲ ਵਿਵਾਦ ਸੁਲਝਣ ਤੋਂ ਬਾਅਦ MLA ਰਮਨ ਅਰੋੜਾ ਦਾ ਬਿਆਨ ਆਇਆ ਸਾਹਮਣੇ

ਜੇਕਰ ਜਾਗਰੂਕਤਾ ਦੀ ਬਜਾਏ ਨਿਗਮ ਨੇ ਆਪਣਾ ਧਿਆਨ ਇਸ ਲੀਗ ਦੌਰਾਨ ਸ਼ਹਿਰ ਦੀ ਸਫਾਈ ਵੱਲ ਕੇਂਦਰਿਤ ਕੀਤਾ ਹੁੰਦਾ ਤਾਂ ਅੱਜ ਸ਼ਾਇਦ ਸ਼ਹਿਰ ਨਿਵਾਸੀਆਂ ਨੂੰ ਗੰਦਗੀ ਤੋਂ ਕੁਝ ਰਾਹਤ ਮਿਲਦੀ। ਇਸ ਸਮੇਂ ਨਾ ਤਾਂ ਸ਼ਹਿਰ ਦੀ ਸਫਾਈ ਹੋ ਪਾ ਰਹੀ ਹੈ, ਨਾ ਡੰਪ ਸਥਾਨਾਂ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ। 25 ਟਰਾਲੀਆਂ ਦਾ ਚੱਲਣਾ ਬੰਦ ਹੋ ਚੁੱਕਾ ਹੈ। ਸੀਵਰਮੈਨ ਹੜਤਾਲ ’ਤੇ ਹਨ ਅਤੇ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਲੇ ਸਟਾਫ਼ ਨੇ ਵੀ ਕੰਮ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ 'ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News