ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਹਰ ਹਾਲ ’ਚ ਕਰਨੇ ਪੈਣਗੇ ਰੱਦ : ਕਿਸਾਨ ਆਗੂ

04/21/2021 2:11:05 PM

ਗੜ੍ਹਦੀਵਾਲਾ (ਜਤਿੰਦਰ)-ਮਾਨਗੜ੍ਹ ਟੋਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 196ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ-ਸਿਆਪਾ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਬੁੱਢੀਪਿੰਡ, ਹਰਵਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ ਡੱਫਰ, ਅਵਤਾਰ ਸਿੰਘ ਮਾਨਗੜ੍ਹ, ਖੁਸਵੰਤ ਸਿੰਘ ਬਡਿਆਲ, ਸੁਖਦੇਵ ਸਿੰਘ ਮਾਗਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿਨ ਪ੍ਰਤੀ ਦਿਨ ਕਿਸਾਨਾਂ ਦੇ ਨਾਲ-ਨਾਲ ਦੇਸ਼ ਵਿਰੋਧੀ ਹੁੰਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਅਤੇ ਪੂੰਜੀਪਤੀ ਆਪਣੇ ਨਿੱਜੀ ਹਿੱਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ’ਤੇ ਦੇਸ਼ ਦੀ ਕਿਸਾਨੀ ਤੇ ਹਰ ਵਰਗ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਅੱਜ ਦੇਸ਼ ਆਰਥਿਕ ਪੱਖੋਂ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਜਿਸ ਦੀ ਜ਼ਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ ਕਿਉਂਕਿ ਉਹ ਆਪਣੇ ਸਵਾਰਥ ਲਈ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚ ਦੇਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਹਰ ਖੇਤਰ ਵਿੱਚ ਨਿੱਜੀਕਰਨ ਹੋਣ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਕੀਤਾ ਜਾ ਰਿਹਾ ਹੈ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੱਧ-ਵਰਗੀ ਪਰਿਵਾਰ ਵੀ ਕਾਲੇ ਕਾਨੂੰਨਾਂ ਦੀ ਮਾਰ ਹੇਠ ਆ ਕੇ ਉਜੜਨ ਲਈ ਮਜਬੂਰ ਹਨ। ਦੇਸ਼ ਦਾ ਅੰਨਦਾਤਾ ਅੱਜ ਖੇਤੀ ਦੇ ਨਾਲ ਦੇਸ਼ ਨੂੰ ਬਚਾਉਣ ਲਈ ਦਿੱਲੀ ਵਿਖੇ ਜੋ ਸੰਘਰਸ਼ ਕਰ ਰਿਹਾ ਹੈ, ਉਸ ਨਾਲ ਪੂਰਾ ਦੇਸ਼ ਇਕਜੁੱਟ ਹੋ ਕੇ ਕਿਸਾਨਾਂ ਨੂੰ ਪੂਰਨ ਸਮਰਥਨ ਦੇ ਰਿਹਾ ਹੈ। ਕਿਸਾਨਾਂ ਨੇ ਇੱਕਸੁਰ ਵਿੱਚ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਹੋ ਕੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ ਅਤੇ ਕਿਸਾਨ ਆਪਣੇ ਹੱਕ ਲੈ ਕੇ ਹੀ ਵਾਪਸ ਪਰਤਣਗੇ। ਇਸ ਮੌਕੇ ਸਿਮਰਤਪਾਲ ਸਿੰਘ, ਜਗਜੀਤ ਸਿੰਘ, ਮਹਿੰਦਰ ਸਿੰਘ, ਮਾਸਟਰ ਗੁਰਚਰਨ ਸਿੰਘ ਕਾਲਰਾਂ, ਡਾ. ਮੋਹਨ ਸਿੰਘ, ਹਰਭਜਨ ਸਿੰਘ ,ਜਰਨੈਲ ਸਿੰਘ ਰੰਧਾਵਾ, ਜਤਿੰਦਰ ਸਿੰਘ ਸੱਗਲਾ, ਕੇਵਲ ਸਿੰਘ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸੇਵਾ ਸਿੰਘ, ਰਣਜੀਤ ਸਿੰਘ, ਦਾਰਾ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।


Manoj

Content Editor

Related News