ਸਾਬਕਾ ਕੌਂਸਲਰ ਨੀਲਕੰਠ ਦੀ ਅਗਵਾਈ ’ਚ ਵਾਰਡ ਵਾਸੀਆਂ ਨੇ ਮੇਨ ਸੜਕ ’ਤੇ ਦਿੱਤਾ ਧਰਨਾ
Thursday, Aug 22, 2024 - 12:14 PM (IST)
ਜਲੰਧਰ (ਖੁਰਾਣਾ) – ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਪੂਰੇ ਸ਼ਹਿਰ ’ਚ ਇਸ ਸਮੇਂ ਸੀਵਰੇਜ ਜਾਮ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ। ਸਾਬਕਾ ਕੌਂਸਲਰ ਬੰਟੀ ਨੀਲਕੰਠ ਦੀ ਅਗਵਾਈ ’ਚ ਅੱਜ ਵਾਰਡ ਵਾਸੀਆਂ ਨੇ ਵਰਕਸ਼ਾਪ ਚੌਕ ਵੱਲ ਜਾਣ ਵਾਲੀ ਮੇਨ ਸੜਕ ’ਤੇ ਜਾ ਕੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਨਗਰ ਨਿਗਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਧਰਨਾ ਪ੍ਰਦਰਸ਼ਨ ਲੱਗਭਗ ਇਕ ਘੰਟੇ ਤੱਕ ਚੱਲਿਆ, ਜਿਸ ਦੌਰਾਨ ਟ੍ਰੈਫਿਕ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਾਬਕਾ ਕੌਂਸਲਰ ਬੰਟੀ ਨੀਲਕੰਠ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੰਗਤ ਸਿੰਘ ਨਗਰ, ਬਾਬਾ ਬੰਦਾ ਬਹਾਦਰ ਨਗਰ, ਹਰਨਾਮਦਾਸਪੁਰਾ ਅਤੇ ਬਾਗ ਬਾਹਰੀਆਂ ਮੁਹੱਲੇ ’ਚ ਸੀਵਰੇਜ ਜਾਮ ਦੀ ਸਮੱਸਿਆ ਚਲੀ ਆ ਰਹੀ ਹੈ। ਬਰਸਾਤ ਦੇ ਦਿਨਾਂ ’ਚ ਤਾਂ ਹਾਲਾਤ ਆਊਟ ਆਫ ਕੰਟਰੋਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਤਾਂ ਗੰਦਾ ਪਾਣੀ ਵੀ ਸਪਲਾਈ ਹੋ ਰਿਹਾ ਹੈ, ਜਿਸ ਕਾਰਨ ਲੋਕ ਬੀਮਾਰ ਹੁੰਦੇ ਜਾ ਰਹੇ ਹਨ ਪਰ ਨਗਰ ਨਿਗਮ ’ਤੇ ਸ਼ਿਕਾਇਤਾਂ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸ਼ਿਕਾਇਤਾਂ ਪ੍ਰਤੀ ਗੰਭੀਰਤਾ ਦਿਖਾਉਣੀ ਬਿਲਕੁਲ ਬੰਦ ਕਰ ਿਦੱਤੀ ਹੈ ਅਤੇ ਹੁਣ ਕਈ ਨਿਗਮ ਅਧਿਕਾਰੀਆਂ ਦੇ ਤਾਂ ਫੋਨ ਤਕ ਬੰਦ ਮਿਲਦੇ ਹਨ। ਇਸ ਰੋਸ ਪ੍ਰਦਰਸ਼ਨ ਕਾਰਨ ਜਦੋਂ ਲੋਕਾਂ ਨੂੰ ਪ੍ਰੇਸ਼ਾਨੀ ਆਉਣ ਲੱਗੀ ਤਾਂ ਸਬੰਧਤ ਪੁਲਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਆ ਕੇ ਸਾਬਕਾ ਕੌਂਸਲਰ ਬੰਟੀ ਨੀਲਕੰਠ ਨੂੰ ਧਰਨਾ ਖਤਮ ਕਰਨ ਲਈ ਕਿਹਾ। ਇਸ ਦੌਰਾਨ ਦੋਵਾਂ ਧਿਰਾਂ ਵਿਚ ਕਾਫੀ ਬਹਿਸ ਹੋਈ। ਬਾਅਦ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਆ ਕੇ ਵਿਖਾਵਾਕਾਰੀਆਂ ਨੂੰ ਸ਼ਾਂਤ ਕੀਤਾ। ਸ਼ਾਮ ਨੂੰ ਵਾਰਡ ਵਿਚ ਕਈ ਥਾਵਾਂ ’ਤੇ ਮਸ਼ੀਨਾਂ ਭੇਜ ਕੇ ਸਮੱਸਿਆ ਦਾ ਹੱਲ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਕਮਲ ਵਿਹਾਰ ਵਾਸੀਆਂ ਨੇ ਨਿਗਮ ਆ ਕੇ ਕੀਤਾ ਰੋਸ ਵਿਖਾਵਾ, ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਲੋਕ
ਬਸ਼ੀਰਪੁਰਾ ਫਾਟਕ ਨਾਲ ਲੱਗਦੀ ਕਾਲੋਨੀ ਕਮਲ ਵਿਹਾਰ ਦੇ ਵਾਸੀਆਂ ਨੇ ਅੱਜ ਨਗਰ ਨਿਗਮ ਕੰਪਲੈੱਕਸ ਵਿਖੇ ਆ ਕੇ ਰੋਸ ਵਿਖਾਵਾ ਕੀਤਾ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਕਾਲੋਨੀ ਦੇ ਜ਼ਿਆਦਾਤਰ ਹਿੱਸੇ ’ਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ। ਵਿਖਾਵਾਕਾਰੀਆਂ ਨੇ ਮੰਗ ਕੀਤੀ ਕਿ ਮੰਦਰ ਕੰਪਲੈਕਸ ’ਚ ਲੱਗੀ ਟਿਊਬਵੈੱਲ ਦੀ ਮੋਟਰ ਨੂੰ ਜਲਦ ਠੀਕ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਇਲਾਕੇ ’ਚ ਗੰਦਾ ਪਾਣੀ ਵੀ ਆਉਣ ਲੱਗਾ ਹੈ ਜਿਸ ਦਾ ਫਾਲਟ ਲੱਭਿਆ ਨਹੀਂ ਜਾ ਰਿਹਾ ਅਤੇ ਪਾਣੀ ਦੀ ਕਿੱਲਤ ਨੂੰ ਲੈ ਕੇ ਵੀ ਨਿਗਮ ਅਧਿਕਾਰੀ ਗੰਭੀਰ ਨਹੀਂ ਹਨ।