ਮਨੀਚੇਂਜਰ ਦੀ ਦੁਕਾਨ ’ਤੇ ਹੋਈ ਲੁੱਟ-ਖੋਹ ਦੇ ਮਾਮਲੇ ’ਚ ਦੋ ਵਿਅਕਤੀ ਗ੍ਰਿਫ਼ਤਾਰ

06/14/2022 3:32:32 PM

ਫਗਵਾੜਾ (ਜਲੋਟਾ) : ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ਲਾਗੇ ਬੀਤੇ ਦਿਨੀਂ ਇਕ ਮਨੀਚੇਂਜਰ (ਜੀ. ਕੇ. ਇੰਟਰਨੈਸ਼ਨਲ ਵੈਸਟਰਨ ਯੂਨੀਅਨ) ਦੀ ਦੁਕਾਨ ’ਤੇ ਹੋਈ ਲੁੱਟ-ਖੋਹ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ  ਫਗਵਾੜਾ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਸ਼ਾਤਰ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਦੱਸਣਯੋਗ ਹੈ ਕਿ ਇਸ ਡਕੈਤੀ ਨੂੰ ਲੈ ਕੇ ‘ਜਗ ਬਾਣੀ’ ਵੱਲੋਂ ਛਾਪੀ ਗਈ ਖ਼ਬਰ ਤੋਂ ਬਾਅਦ ਫਗਵਾੜਾ ਪੁਲਸ ਤੁਰੰਤ ਹਰਕਤ ’ਚ ਆਈ ਤੇ ਅੱਜ ਫਗਵਾੜਾ ਪੁਲਸ ਵੱਲੋਂ ਇਸ ਮਾਮਲੇ ’ਚ ਸ਼ਾਮਲ  ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਮਾਮਲੇ ਸਬੰਧੀ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਰਾਜ ਬਚਨ ਸਿੰਘ ਨੇ ਮੌਕੇ ’ਤੇ ਮੌਜੂਦ ਰਹੇ ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ, ਡੀ.ਐੱਸ.ਪੀ. ਆਸ਼ੂ ਰਾਮ ਸ਼ਰਮਾ, ਥਾਣਾ ਰਾਵਲਪਿੰਡੀ ਦੇ ਐੱਸ.ਐੱਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਮੌਜੂਦਗੀ ’ਚ ਦੱਸਿਆ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਿਮਰਨਜੋਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਜਨੋਹਾ ਥਾਣਾ ਮੇਹਟੀਆਣਾ ਅਤੇ ਅਜਮੇਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਭਬਿਆਣਾ ਹਾਲ ਵਾਸੀ ਨੰਗਲ  ਰੋਡ ਨਜ਼ਦੀਕ ਟਰੱਕ ਯੂਨੀਅਨ ਗੜ੍ਹਸ਼ੰਕਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਬੇਨਤੀ

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਮਨੀਚੇਂਜਰ ਦੀ ਦੁਕਾਨ ਤੋਂ ਲੁੱਟਿਆ ਗਿਆ ਲੈਪਟਾਪ, 55000 ਰੁਪਏ ਕੈਸ਼ ਅਤੇ ਦੋ ਕਾਰਾਂ ਸਮੇਤ ਮੌਕੇ ’ਤੇ ਦੁਕਾਨ ਦੇ ਮਾਲਕ ਦੀ ਕੁੱਟਮਾਰ ਕਰਨ ’ਚ ਵਰਤੇ ਗਏ ਤੇਜ਼ਧਾਰ ਦਾਤਰ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਸਿਮਰਨਜੋਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ । ਐੱਸ.ਐੱਸ.ਪੀ. ਕਪੂਰਥਲਾ ਰਾਜ ਬਚਨ ਸਿੰਘ ਨੇ ਦੱਸਿਆ ਕਿ ਇਸ ਡਕੈਤੀ ’ਚ ਦੋਸ਼ੀਆਂ ਨਾਲ ਇਨ੍ਹਾਂ ਦੇ ਸਾਥੀ ਹਰਕਮਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਰਿਹਾਣਾ ਜੱਟਾਂ ਅਤੇ ਮੰਨਾ ਵਾਸੀ ਅੱਪਰਾ ਦੀ ਪਛਾਣ ਕੀਤੀ ਗਈ ਹੈ, ਜਿਹੜੇ ਅਜੇ ਤੱਕ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਹਰਕਮਲ ਸਿੰਘ ਰਿਹਾਣਾ ਜੱਟਾਂ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਨੇ ਰੇਕੀ ਕਰਕੇ ਮਨੀਚੇਂਜਰ ਦੀ ਦੁਕਾਨ ’ਤੇ ਡਕੈਤੀ ਦੀ ਪਲਾਨਿੰਗ ਨੂੰ ਨੇਪਰੇ ਚਾੜ੍ਹਿਆ ਸੀ। ਉਨ੍ਹਾਂ ਕਿਹਾ ਕਿ ਮਨੀਚੇਂਜਰ ਦੀ ਦੁਕਾਨ ’ਤੇ ਕੀਤੀ ਗਈ ਡਕੈਤੀ ਪੂਰੀ ਤਰ੍ਹਾਂ ਨਾਲ ਰੇਕੀ ਕਰਨ ਤੋਂ ਬਾਅਦ ਅੰਜਾਮ ਦਿੱਤੀ ਗਈ ਸੀ ਅਤੇ ਡਕੈਤੀ ਮਾਰਨ ਤੋਂ ਬਾਅਦ ਸਾਰੇ ਦੋਸ਼ੀ ਸਵਿਫਟ ਕਾਰ ’ਚ ਪਿੰਡ ਰਿਹਾਣਾ ਜੱਟਾਂ ਤੋਂ ਫਗਵਾੜਾ ਵੱਲ ਨੂੰ ਆਏ ਸਨ ਅਤੇ ਇਨ੍ਹਾਂ ਦੇ ਫਰਾਰ ਹੋਣ ਲਈ ਪਿੰਡ ਰਿਹਾਣਾ ਜੱਟਾਂ ਤੋਂ ਫਗਵਾੜਾ ਵੱਲ ਆਉਂਦੇ ਰਾਹ ’ਚ ਕਈ ਥਾਵਾਂ ’ਤੇ ਰਸਤੇ ਬਦਲੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਅਜਮੇਰ ਸਿੰਘ ਰਿਟਾਇਡ ਸੂਬੇਦਾਰ ਦਾ ਪੁੱਤਰ ਹੈ ਅਤੇ ਇਸ ਨੂੰ ਇਸ ਦੇ ਪਿਤਾ ਨੇ ਇਸ ਦੇ ਮਾੜੀ ਸੰਗਤ ’ਚ ਹੋਣ ਕਾਰਨ ਬੇਦਖ਼ਲ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਪੁਲਸ ਦੀਆਂ ਟੀਮਾਂ ਵੱਲੋਂ ਡਕੈਤ ਗੈਂਗ ’ਚ ਸ਼ਾਮਲ ਦੋ ਸਾਥੀ ਦੋਸ਼ੀਆਂ ਹਰਕਮਲ ਸਿੰਘ ਅਤੇ ਮੰਨਾ ਦੀ ਤਲਾਸ਼ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਸ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰੇਗੀ। ਪੁਲਸ ਤਫ਼ਤੀਸ਼ ਜਾਰੀ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ’ਚ ਨਹੀਂ ਰਿਹਾ ਖ਼ਾਕੀ ਦਾ ਖ਼ੌਫ਼, ਲੁੱਟ-ਖੋਹ ਦੌਰਾਨ ਪੰਜਾਬ ਪੁਲਸ ਦੇ ASI ਨੂੰ ਮਾਰੀ ਗੋਲ਼ੀ

CCTV ਕੈਮਰੇ ਨਾ ਲੱਗੇ ਹੋਣ ਕਾਰਨ ਪੁਲਸ ਨੂੰ ਜਾਂਚ ਦੌਰਾਨ ਪੇਸ਼ ਆਈਆਂ ਕਈ ਔਕੜਾਂ : SSP ਰਾਜ ਬਚਨ ਸਿੰਘ  
ਫਗਵਾੜਾ (ਜਲੋਟਾ)-‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਰਾਜ ਬਚਨ ਸਿੰਘ ਨੇ ਦੱਸਿਆ ਕਿ ਪਿੰਡ ਰਿਹਾਣਾ ਜੱਟਾਂ ਵਿਖੇ ਜਿਸ ਮਨੀਚੇਂਜਰ ਦੀ ਦੁਕਾਨ ’ਚ ਲੁਟੇਰਿਆਂ ਵੱਲੋਂ ਡਕੈਤੀ ਮਾਰੀ ਗਈ ਸੀ, ਉਥੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗੇ ਸਨ। ਉਨ੍ਹਾਂ ਕਿਹਾ ਕਿ ਇਸ ਕਾਰਨ ਪੁਲਸ ਨੂੰ ਜਾਂਚ ਦੌਰਾਨ ਈ ਤਰ੍ਹਾਂ ਦੀਆਂ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਫਗਵਾੜਾ ਪੁਲਸ ਦੀਆਂ ਟੀਮਾਂ ਵੱਲੋਂ ਇਲਾਕੇ ’ਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਅਤੇ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਵੱਲੋਂ ਟੈਕਨੀਕਲ ਟੀਮ ਦੀ ਸਹਾਇਤਾ ਨਾਲ ਕਈ ਬਿੰਦੂਆਂ ’ਤੇ ਜਾਂਚ ਕਰਦਿਆਂ ਇਸ ਡਕੈਤੀ ਨੂੰ ਸੁਲਝਾਇਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਦੁਕਾਨਾਂ, ਸ਼ੋਅਰੂਮਾਂ, ਮੁਹੱਲਿਆਂ ਤੇ ਕਾਲੋਨੀਆਂ ਬਾਜ਼ਾਰਾਂ ਆਦਿ ’ਚ ਜਿੱਥੇ ਹੋ ਸਕੇ, ਉੱਥੇ ਨਿੱਜੀ ਤੌਰ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤਾਂ ਜੋ ਸ਼ਾਤਿਰ ਅਪਰਾਧੀਆਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਵਾਰਦਾਤਾਂ ’ਤੇ ਨੱਥ ਪਾਈ ਜਾ ਸਕੇ।


Manoj

Content Editor

Related News