GST ਦੇ ਛਾਪਿਆਂ ਤੋਂ ਡਰਿਆ ਵਪਾਰੀ ਵਰਗ ਤਿਉਹਾਰੀ ਸੀਜ਼ਨ ’ਚ ਵੀ ਖੁੱਲ੍ਹ ਕੇ ਨਹੀਂ ਕਰ ਪਾ ਰਿਹਾ ਕੰਮ
Tuesday, Sep 27, 2022 - 04:57 AM (IST)
ਜਲੰਧਰ (ਖੁਰਾਣਾ) : ਜਦੋਂ ਤੋਂ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਵਪਾਰੀ ਵਰਗ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧ ਰਹੀਆਂ ਹਨ ਅਤੇ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਵਪਾਰੀ ਵਰਗ ਖੁੱਲ੍ਹ ਕੇ ਕੰਮ ਨਹੀਂ ਕਰ ਪਾ ਰਿਹਾ। ਸੂਬੇ ਦੇ ਜੀ. ਐੱਸ. ਟੀ. ਵਿਭਾਗ ਵੱਲੋਂ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਨਿੱਤ ਨਵੇਂ ਢੰਗ ਅਪਣਾਏ ਜਾ ਰਹੇ ਹਨ। ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ ਦਾ ਵਪਾਰੀ ਆਗੂ ਲਗਾਤਾਰ ਵਿਰੋਧ ਕਰ ਰਹੇ ਹਨ ਅਤੇ ਮੌਜੂਦਾ ਸਰਕਾਰ ਦੇ ਕਈ ਵਿਧਾਇਕ ਤੇ ਹੋਰ ਆਗੂ ਵੀ ਪਿਛਲੇ ਡੇਢ ਮਹੀਨੇ ਤੋਂ ਭਰੋਸੇ ਦੇਈ ਜਾ ਰਹੇ ਹਨ ਕਿ ਛਾਪੇਮਾਰੀ ਨਹੀਂ ਹੋਵੇਗੀ ਪਰ ਅਜਿਹਾ ਸਿਰਫ ਬਿਆਨਾਂ ਤੱਕ ਹੀ ਸੀਮਤ ਦਿਸ ਰਿਹਾ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵੱਲੋਂ 28 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ, ਜਾਣੋ ਵਜ੍ਹਾ
ਬੇਸ਼ੱਕ ਕੁਝ ਦਿਨ ਛਾਪੇਮਾਰੀ ਬੰਦ ਰਹੀ ਪਰ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਈ। ਵਪਾਰੀ ਵਰਗ ਵੱਲੋਂ ਲਗਾਤਾਰ ਵੈਟ ਅਸੈੱਸਮੈਂਟ ਦੇ ਪੈਂਡਿੰਗ ਕੇਸਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਮੰਗ ਕੀਤੀ ਜਾ ਰਹੀ ਹੈ, ਜਿਹੜੀ ਅਜੇ ਤੱਕ ਪੂਰੀ ਨਹੀਂ ਹੋਈ। ਹੁਣ ਜਦੋਂ ਕਿ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਜਿਹੇ 'ਚ ਜੀ. ਐੱਸ. ਟੀ. ਵਿਭਾਗ ਵੱਲੋਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਇਕ ਨਵਾਂ ਨੋਟਿਸ ਧਾਰਾ 150 ਅਧੀਨ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨੋਟਿਸ ਤਹਿਤ ਵਪਾਰੀਆਂ ਕੋਲੋਂ ਚਾਲੂ ਵਿੱਤੀ ਸਾਲ ਦੀਆਂ ਕਈ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ, ਜਿਸ ਵਿਚ ਮੁੱਖ ਰੂਪ 'ਚ ਹਰ ਆਈਟਮ ਦਾ ਸਟਾਕ ਅਤੇ ਕੋਡ ਦੇ ਮੁਤਾਬਕ ਵੇਚੇ ਤੇ ਖਰੀਦੇ ਗਏ ਮਾਲ ਦੀ ਜਾਣਕਾਰੀ ਮੁੱਖ ਹੈ। ਅਜਿਹੇ ਸਮੇਂ 'ਚ ਜਦੋਂ ਕੋਰੋਨਾ ਮਹਾਮਾਰੀ ਤੋਂ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਅਤੇ ਲਗਭਗ ਢਾਈ ਸਾਲ ਦੇ ਵਕਫੇ ਤੋਂ ਬਾਅਦ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਇਕ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ, ਉਥੇ ਹੀ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰੇਸ਼ਾਨੀਆਂ ਵੀ ਵਧ ਰਹੀਆਂ ਹਨ।
ਇਹ ਵੀ ਪੜ੍ਹੋ : ਇਟਲੀ ਦੀ ਨਵੀਂ ਸਰਕਾਰ ਵਿਦੇਸ਼ੀਆਂ ਲਈ ਕਰ ਸਕਦੀ ਹੈ ਨਵੇਂ ਸਖ਼ਤ ਕਾਨੂੰਨ ਲਾਗੂ
ਇਨ੍ਹਾਂ ਹਾਲਾਤ ’ਤੇ ਵਿਚਾਰ ਕਰਨ ਲਈ ਸੋਮਵਾਰ ਟਰੇਡਰਜ਼ ਫੋਰਮ ਦੀ ਇਕ ਮੀਟਿੰਗ ਹੋਈ, ਜਿਸ ਵਿਚ ਵਪਾਰੀ ਆਗੂ ਰਵਿੰਦਰ ਧੀਰ, ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਹਿਗਲ, ਅਰੁਣ ਬਜਾਜ, ਵਿਪਨ ਪ੍ਰਿੰਜਾ, ਨਰੇਸ਼ ਮਲਹੋਤਰਾ, ਸੰਦੀਪ ਗਾਂਧੀ, ਰਾਜਿੰਦਰ ਚਤਰਥ ਆਦਿ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਰੋਬਾਰੀ ਅਤੇ ਵਪਾਰੀ ਵਰਗ ਨਾਲ ਕੀਤੇ ਗਏ ਵਾਅਦਿਆਂ ਦੇ ਉਲਟ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੂਬੇ ਦਾ ਵਪਾਰੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਅਜਿਹੇ ਹਾਲਾਤ 'ਚ ਵਪਾਰ ਨਹੀਂ ਹੋ ਸਕਦਾ। ਸੂਬੇ ਦੀ ਮੌਜੂਦਾ 'ਆਪ' ਸਰਕਾਰ ਨੂੰ ਤੁਰੰਤ ਅਜਿਹੀਆਂ ਕਾਰਵਾਈਆਂ ਬੰਦ ਕਰਨੀਆਂ ਹੋਣਗੀਆਂ, ਨਹੀਂ ਤਾਂ ਵਪਾਰੀਆਂ ਦੀ ਨਾਰਾਜ਼ਗੀ ਵਧਦੀ ਜਾਵੇਗੀ।
ਇਹ ਵੀ ਪੜ੍ਹੋ : ਹੈਰਾਨੀਜਨਕ! ਡੇਢ ਸਾਲ ਤੋਂ ਪੁੱਤ ਦੀ ਲਾਸ਼ ਨਾਲ ਰਹਿ ਰਹੇ ਸਨ ਮਾਪੇ, ਕੋਰੋਨਾ ਦੌਰਾਨ ਹੋਈ ਸੀ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।