ਹਾਦਸੇ ''ਚ ਮਰੇ ਤਿੰਨ ਲੋਕਾਂ ਦੀ ਮੌਤ ਦਾ, ਰਿਸ਼ਤੇਦਾਰਾਂ ਨੇ ਸਮਰਥਕਾਂ ਨਾਲ ਮਕਸੂਦਾਂ ਥਾਣੇ ਦੇ ਬਾਹਰ ਦਿੱਤਾ ਧਰਨਾ
Thursday, Feb 01, 2024 - 11:02 AM (IST)
ਜਲੰਧਰ (ਜ.ਬ.)- ਮੰਗਲਵਾਰ ਦੇਰ ਰਾਤ ਕਰੀਬ 9 ਵਜੇ ਬਿਧੀਪੁਰ ਨੇੜੇ ਇਕ ਤੇਜ਼ ਰਫ਼ਤਾਰ ਓਡੀ ਕਾਰ ਨੇ ਇਕ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉੱਥੇ ਹਫ਼ੜਾ-ਦਫ਼ੜੀ ਮਚ ਗਈ ਸੀ। ਈ-ਰਿਕਸ਼ਾ ’ਚ ਡਰਾਈਵਰ ਸਮੇਤ ਕੁੱਲ 5 ਸਵਾਰੀਆਂ ਸਨ। ਤੇਜ਼ ਰਫ਼ਤਾਰ ਓਡੀ ਕਾਰ ਦੀ ਟੱਕਰ ਕਾਰਨ ਈ-ਰਿਕਸ਼ਾ ਚਾਲਕ ਸਮੇਤ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਟੱਕਰ ਕਾਰਨ ਮਰਨ ਵਾਲੇ ਵਿਅਕਤੀਆਂ ਬਾਰੇ ਲੋਕਾਂ ਨੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਕਸੂਦਾਂ ਦੀ ਪੁਲਸ ਮੌਕੇ ’ਤੇ ਪਹੁੰਚ ਗਈ।
ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਓਡੀ. ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਤੇਜ਼ ਰਫ਼ਤਾਰ ਓਡੀ ਕਾਰ ਚਾਲਕ, ਵਾਸੀ ਚੰਡੀਗੜ੍ਹ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਮ੍ਰਿਤਕ ਦੇ ਵਾਰਸਾਂ ਨੇ ਆਪਣੇ ਸਮਰਥਕਾਂ ਸਮੇਤ ਮਕਸੂਦਾਂ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਸ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਰੀਬ 5 ਘੰਟੇ ਮਕਸੂਦਾਂ ਚੌਂਕ ਜਾਮ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਸ ਅੱਗੇ ਮੰਗ ਰੱਖੀ ਕਿ ਫਰਾਰ ਮੁਲਜ਼ਮ ਓਡੀ. ਡਰਾਈਵਰ ਨੂੰ ਫੜ ਕੇ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ
ਪ੍ਰਦਰਸ਼ਨਕਾਰੀਆਂ ਤੇ ਡੀ. ਐੱਸ. ਪੀ. ਕਰਤਾਰਪੁਰ ਪਲਵਿੰਦਰ ਸਿੰਘ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਸ਼ਾਂਤਮਈ ਢੰਗ ਨਾਲ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦੁਆਇਆ ਕਿ ਉਹ ਜਲਦੀ ਹੀ ਫਰਾਰ ਮੁਲਜ਼ਮ ਨੂੰ ਫੜ ਲੈਣਗੇ। ਡੀ. ਐੱਸ. ਪੀ. ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਨਾਂ ’ਤੇ ਓਡੀ ਕਾਰ ਹੈ। ਉਸ ਨੂੰ ਫੜਨ ਲਈ 2 ਟੀਮਾਂ ਚੰਡੀਗੜ੍ਹ ਤੇ ਇਕ ਟੀਮ ਬਟਾਲਾ ਭੇਜੀ ਗਈ ਹੈ ਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਗੁਰਪ੍ਰੀਤ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਓਡੀ ਕਾਰ ਕੌਣ ਚਲਾ ਰਿਹਾ ਸੀ? ਡੀ. ਐੱਸ. ਪੀ. ਪਲਵਿੰਦਰ ਸਿੰਘ ਤੇ ਐੱਸ. ਐੱਚ. ਓ. ਸਿਕੰਦਰ ਸਿੰਘ ਦੇ ਭਰੋਸੇ ’ਤੇ ਧਰਨਾਕਾਰੀਆਂ ਨੇ ਕਰੀਬ 6 ਵਜੇ ਧਰਨਾ ਸਮਾਪਤ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸ਼ੁੱਕਰਵਾਰ ਨੂੰ 11 ਵਜੇ ਤੱਕ ਦੋਸ਼ੀ ਨਾ ਫੜੇ ਗਏ ਤਾਂ ਉਹ ਮੁੜ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਹੜਤਾਲ ਕਾਰਨ ਮਕਸੂਦਾਂ ਤੋਂ ਬਿਧੀਪੁਰ ਰੋਡ ਤੇ ਮਕਸੂਦਾਂ ਤੋਂ ਫੋਕਲ ਪੁਆਇੰਟ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਧਰਨਾ ਖਤਮ ਹੋਣ ਤੋਂ ਬਾਅਦ ਟਰੈਫਿਕ ਸਹੀ ਹੋਣ ’ਚ ਕਰੀਬ 1 ਘੰਟਾ ਲੱਗਿਆ। ਇਸ ਧਰਨੇ ’ਚ ਭੀਮ ਯੁਵਾ ਮੋਰਚਾ ਦੇ ਆਗੂ ਤੇ ਸਮਾਜਕ ਆਗੂ ਵਿਸ਼ਾਲ ਦੁੱਗ, ਸੰਦੀਪ, ਕੁਸ਼ਲ, ਜਤਿਨ, ਲਵਲੀ, ਅੰਗਦ, ਮੋਹਿਤ, ਹਰਮਨ ਸਮੇਤ ਇਸ ਧਰਨੇ ’ਚ ਪਹੁੰਚੇ।
ਇਹ ਵੀ ਪੜ੍ਹੋ: ‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਈ. ਡੀ. ਨੇ 8 ਘੰਟੇ ਕੀਤੀ ਪੁੱਛਗਿੱਛ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।