ਨਸ਼ੇ ਵਾਲੀਆਂ ਗੋਲੀਆਂ, ਦੇਸੀ ਸ਼ਰਾਬ ਤੇ ਚਾਲੂ ਭੱਠੀ ਦੇ ਸਾਮਾਨ ਸਮੇਤ ਤਿੰਨ ਕਾਬੂ
Thursday, Sep 12, 2019 - 01:14 AM (IST)
ਮੱਲ੍ਹੀਆਂ ਕਲਾਂ, (ਟੁੱਟ)- ਥਾਣਾ ਸਦਰ ਨਕੋਦਰ ਦੇ ਮੁਖੀ ਸਿਕੰਦਰ ਸਿੰਘ ਦੀ ਅਗਵਾਈ ਵਿਚ ਮਾਡ਼ੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਗਸ਼ਤ ਮੁਹਿੰਮ ਦੌਰਾਨ ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਪਿੰਡ ਉੱਗੀ ਤੇ ਸਦਰ ਥਾਣਾ ਨਕੋਦਰ ਦੇ ਏ. ਐੱਸ. ਆਈ. ਭਜਨ ਲਾਲ ਨੇ ਸਾਂਝੇ ਮੁਹਿੰਮ ਤਹਿਤ ਨਾਕੇ ਦੌਰਾਨ ਤਿੰਨ ਵਿਅਕਤੀਆਂ ਨੂੰ ਨਸ਼ੇ ਵਾਲੀਆਂ ਗੋਲੀਆਂ, ਨਾਜਾਇਜ਼ ਸ਼ਰਾਬ ਅਤੇ ਭੱਠੀ ਦੇ ਸਾਮਾਨ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਉੱਗੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਨਾਲ ਪਿੰਡ ਫਤਿਹਪੁਰ ਦੇ ਗੇਟ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪਲਟੀਨਾ ਮੋਟਰਸਾਈਕਲ ’ਤੇ ਸਵਾਰ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 400 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜੋ ਉਹ ਆਸ-ਪਾਸ ਦੇ ਇਲਾਕੇ ਵਿਚ ਵੇਚਦਾ ਸੀ। ਉਕਤ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਪਿੰਡ ਫਤਿਹਪੁਰ ਥਾਣਾ ਸਦਰ ਨਕੋਦਰ ਵਜੋਂ ਹੋਈ ਹੈ, ਜਿਸ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਏ. ਐੱਸ. ਆਈ. ਹਰਭਜਨ ਸਿੰਘ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪਿੰਡ ਗਿੱਲ ਵਿਖੇ ਮੌਜੂਦ ਸਨ। ਵਿਸ਼ੇਸ਼ ਮੁਖ਼ਬਰ ਦੀ ਇਤਲਾਹ ’ਤੇ ਉਨ੍ਹਾਂ ਵੱਲੋਂ ਪਿੰਡ ਖ਼ਾਨਪੁਰ ਢੱਡਾ ਵਿਖੇ ਹਵੇਲੀ ਵਿਚ ਛਾਪਾ ਮਾਰਿਆ ਤਾਂ ਉਥੇ ਰਿੰਕੂ ਅਤੇ ਕੁਲਵੰਤ ਸਿੰਘ ਉਰਫ ਪੂਹਲਾ ਦੋਵੇਂ ਵਾਸੀ ਖਾਨਪੁਰ ਢੱਡਾ ਨਾਜਾਇਜ਼ ਸ਼ਰਾਬ ਕੱਢ ਰਹੇ ਸਨ, ਜੋ ਕਿ ਤਿਆਰ ਕਰ ਕੇ ਇਲਾਕੇ ਵਿਚ ਵੇਚਦੇ ਸਨ। ਪੁਲਸ ਨੇ ਮੌਕੇ ਤੋਂ ਉਨ੍ਹਾਂ ਦੇ ਕਬਜ਼ੇ ’ਚੋਂ 20 ਬੋਤਲਾਂ ਨਾਜਾਇਜ਼ ਸ਼ਰਾਬ, 40 ਕਿਲੋ ਲਾਹਣ ਅਤੇ ਚਾਲੂ ਭੱਠੀ ਬਰਾਮਦ ਕੀਤੀ ਹੈ। ਪੁਲਸ ਵੱਲੋਂ ਉਕਤ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਤਿੰਨਾਂ ਹੀ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।