ਸ਼ਾਲੀਮਾਰ ਨਗਰ ਵਾਸੀਆਂ ਵੱਲੋਂ ਕਾਬੂ ਚੋਰ ਪੁਲਸ ਹਵਾਲੇ

08/10/2019 1:15:43 AM

ਹੁਸ਼ਿਆਰਪੁਰ,(ਅਮਰਿੰਦਰ) : ਸ਼ਹਿਰ ਦੇ ਪਾਸ਼ ਇਲਾਕੇ ਸ਼ਾਲੀਮਾਰ ਨਗਰ ਵਿਚ ਦੁਪਹਿਰ ਸਮੇਂ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਚੋਰੀ ਦੇ ਦੋਸ਼ੀ ਇਕ ਨੌਜਵਾਨ ਨੂੰ ਵੇਖ ਕੇ ਮੁਹੱਲਾ ਵਾਸੀ ਜਮ੍ਹਾ ਹੋਣ ਲੱਗੇ। ਲੋਕਾਂ ਨੂੰ ਆਪਣੇ ਵੱਲ ਆਉਂਦਾ ਵੇਖ ਜਦੋਂ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਹੱਲਾ ਵਾਸੀਆਂ ਨੇ ਉਸ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੇ ਥਾਣਾ ਸਿਟੀ ਦੀ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸ ਦੋਸ਼ੀ ਨੂੰ ਲੋਕਾਂ ਕੋਲੋਂ ਛੁਡਾ ਕੇ ਆਪਣੇ ਨਾਲ ਥਾਣੇ ਲੈ ਗਈ।

ਜ਼ਿਕਰਯੋਗ ਹੈ ਕਿ ਸ਼ਾਲੀਮਾਰ ਨਗਰ ਵਿਚ ਪਿਛਲੇ ਦਿਨਾਂ ਦੌਰਾਨ ਹੋਈਆਂ ਚੋਰੀਆਂ ਦੀਆਂ ਵਾਰਦਾਤਾਂ ਕਾਰਣ ਮੁਹੱਲਾ ਵਾਸੀ ਕਾਫ਼ੀ ਚਿੰਤਿਤ ਹਨ। ਅੱਜ ਦੁਪਹਿਰ ਸਮੇਂ ਜਦੋਂ ਇਕ ਨੌਜਵਾਨ ਸ਼ਾਲੀਮਾਰ ਨਗਰ ਦੀ ਇਕ ਕਰਿਆਨੇ ਦੀ ਦੁਕਾਨ ਤੋਂ ਬੀੜੀ ਖਰੀਦਣ ਆਇਆ ਤਾਂ ਉੱਥੇ ਬੈਠੇ ਲੋਕਾਂ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਲਿਆ। ਮੁਹੱਲਾ ਵਾਸੀਆਂ ਅਨੁਸਾਰ ਨੌਜਵਾਨ ਚੋਰੀ ਦੀ ਵਾਰਦਾਤ 'ਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਵੀ ਕਰ ਰਿਹਾ ਸੀ। ਜਦੋਂ ਇਸ ਸਬੰਧੀ ਥਾਣਾ ਸਿਟੀ ਪੁਲਸ ਕੋਲੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨ ਨਸ਼ੇ ਵਿਚ ਸੀ। ਪੁਲਸ ਦੋਸ਼ੀ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲੈ ਕੇ ਗਈ ਸੀ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News